ਮਲਕੋ ਨੇੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਨਕਾਬਪੋਸ਼ਾਂ ਨੇ ਕੀਤੀ ਹੱਥੋਪਾਈ, 1 ਨੂੰ ਮਾਰਿਆ ਦਾਤਰ
Monday, May 15, 2023 - 04:08 PM (IST)

ਲਾਂਬੜਾ (ਵਰਿੰਦਰ)-ਲਾਂਬੜਾ ਥਾਣੇ ਅਧੀਨ ਪੈਂਦੇ ਪਿੰਡ ਮਲਕੋ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ 6-7 ਨੌਜਵਾਨਾਂ ਨੇ ਹੱਥੋਪਾਈ ਕੀਤੀ ਅਤੇ ਜਾਂਦੇ ਹੋਏ ਇਕ ਨੌਜਵਾਨ ਨੂੰ ਦਾਤਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਦਿੰਦਿਆਂ ਜ਼ਖ਼ਮੀ ਜਸਪ੍ਰੀਤ ਦੇ ਪਿਤਾ ਰਾਜ ਕੁਮਾਰ ਵਾਸੀ ਵਿਰਕ ਐਨਕਲੇਵ ਨਜ਼ਦੀਪ ਵਡਾਲਾ ਚੌਂਕ ਨੇ ਦੱਸਿਆ ਕਿ ਜਸਪ੍ਰੀਤ ਆਪਣੇ ਦੋਸਤ ਨਾਲ ਪਿੰਡ ਮਲਕੋ ਨੇੜੇ ਕਿਸੇ ਕੰਮ ਲਈ ਗਿਆ ਹੋਇਆ ਸੀ। ਜਦੋਂ ਉਹ ਪਿੰਡ ਮਲਕੋ ਨੇੜੇ ਪਹੁੰਚਿਆ ਤਾਂ ਪਿੱਛਿਓਂ 6-7 ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਜਸਪ੍ਰੀਤ ਅਤੇ ਉਸ ਦੇ ਦੋਸਤ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਜਾਂਦੇ ਹੋਏ ਜਸਪ੍ਰੀਤ ਨੂੰ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ - ਮੋਬਾਇਲ ’ਤੇ ਆ ਰਹੇ ਅਜਿਹੇ ਮੈਸੇਜ ਤੋਂ ਰਹੋ ਸਾਵਧਾਨ, ਹੋ ਸਕਦੈ ਵੱਡਾ ਆਰਥਿਕ ਨੁਕਸਾਨ
ਰਾਜ ਕੁਮਾਰ ਨੇ ਦੱਸਿਆ ਕਿ ਜਿਹੜੇ ਹਮਲਾਵਰਾਂ ਨੇ ਜਸਪ੍ਰੀਤ ਨੂੰ ਦਾਤਰ ਮਾਰ ਕੇ ਜ਼ਖ਼ਮੀ ਕੀਤਾ, ਉਨ੍ਹਾਂ ਸਭ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਹਮਲਾਵਰ ਮੋਟਰਸਾਈਕਲਾਂ ’ਤੇ ਮੌਕੇ ਤੋਂ ਫਰਾਰ ਹੋ ਗਏ। ਜਸਪ੍ਰੀਤ ਨੇ ਇਸ ਦੀ ਸੂਚਨਾ ਆਪਣੇ ਪਿਤਾ ਰਾਜ ਕੁਮਾਰ ਨੂੰ ਦਿੱਤੀ, ਜੋ ਖ਼ੂਨ ਵਿਚ ਲਥਪਥ ਜਸਪ੍ਰੀਤ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਅਤੇ ਐੱਮ. ਐੱਲ. ਆਰ. ਕੱਟ ਦਿੱਤੀ। ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਹਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਉਹ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰਨਗੇ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ - ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਦਾ ਦਿਹਾਂਤ