ਪੰਜਾਬ ਸਰਕਾਰ ਲੋਕਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ : ਮਨੀਸ਼ ਤਿਵਾੜੀ

07/24/2021 5:25:50 PM

ਬਲਾਚੌਰ (ਤਰਸੇਮ ਕਟਾਰੀਆ)- ਪੰਜਾਬ ਸਰਕਾਰ ਸ਼ਹਿਰਾਂ ਦੀ ਨੁਹਾਰ ਬਦਲਣ ਅਤੇ ਲੋਕਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਇਸ ਸਬੰਧੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਵਿਧਾਇਕ ਬਲਾਚੌਰ ਦਰਸ਼ਨ ਲਾਲ ਮੰਗੂਪੁਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਦੀ ਮੌਜੂਦਗੀ ’ਚ ਨਗਰ ਕੌਂਸਲ ਬਲਾਚੌਰ ਨੂੰ ਸ਼ਵ ਵਾਹਨ (ਮੋਰਚੁਰੀ ਵੈਨ) ਲਈ 15 ਲੱਖ ਰੁਪਏ ਦਾ ਚੈੱਕ ਭੇਟ ਕਰਨ ਮੌਕੇ ਕੀਤਾ।

ਨਗਰ ਕੌਂਸਲ ਦਫ਼ਤਰ ਵਿਖੇ ਇਸ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾ ’ਚ ਜਿੰਨਾ ਵਿਕਾਸ ਬਲਾਚੌਰ ਹਲਕੇ ਦਾ ਕਰਵਾਇਆ ਗਿਆ ਹੈ, ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਹਲਕੇ ਦਾ ਹੋਇਆ ਹੋਵੇ। ਬੱਲੋਵਾਲ ਸੌਂਖੜੀ ਵਿਖੇ 34 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਖੇਤੀਬਾੜੀ ਕਾਲਜ ਹਲਕੇ ’ਚ ਹੋ ਰਹੇ ਵਿਕਾਸ ਕਾਰਜਾਂ ਦੀ ਗਵਾਹੀ ਭਰਦਾ ਹੈ, ਜਿਸ ਦੇ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ 13.70 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਈ. ਟੀ. ਆਈ ਸਾਹਿਬਾ ਦੇ ਨਿਰਮਾਣ ਕਾਰਜ ਸਮੇਤ ਬਲਾਚੌਰ ਹਲਕੇ ’ਚ ਹੋਰ ਅਨੇਕਾਂ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।

ਇਹ ਵੀ ਪੜ੍ਹੋ: ਡਿਪਟੀ ਕਤਲ ਕਾਂਡ: ਬੰਬੀਹਾ ਗਰੁੱਪ ਦੇ ਸਹਿਯੋਗੀ ਗੈਂਗ 'ਤੇ ਪੁਲਸ ਦਾ ਸ਼ੱਕ, ਗੁਰੂਗ੍ਰਾਮ ਦੇ ਗੈਂਗਸਟਰ ਨਾਲ ਜੁੜੇ ਤਾਰ

ਉਨ੍ਹਾਂ ਕਿਹਾ ਕਿ ਬਲਾਚੌਰ ਸ਼ਹਿਰ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਸਥਾਈ ਹੱਲ ਲਈ ਸੀਵਰੇਜ ਦਾ ਪਹਿਲਾ ਫੇਜ਼ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ 27 ਕਰੋੜ ਦੀ ਲਾਗਤ ਨਾਲ ਦੂਜਾ ਪੜਾਅ ਸ਼ੁਰੂ ਕਰਵਾਇਆ ਜਾਵੇਗਾ। ਕਿਸਾਨ ਅੰਦੋਲਨ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀ ਪਿੱਠ ’ਤੇ ਖੜ੍ਹੀ ਹੈ ਅਤੇ ਇਹ ਕਾਨੂੰਨ ਵਾਪਸ ਹੋਣ ਤੱਕ ਪਿੱਛੇ ਨਹੀਂ ਹਟੇਗੀ। ਉਨ੍ਹਾਂ ਵੱਲੋਂ ਖ਼ੁਦ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ ਅਤੇ ਕਿਸਾਨਾਂ ਦੇ ਹੱਕ ’ਚ ਲਗਾਤਾਰ ਅਖ਼ਬਾਰਾਂ ’ਚ ਉਨ੍ਹਾਂ ਦੇ ਲੇਖ ਪ੍ਰਕਾਸ਼ਿਤ ਹੋ ਰਹੇ ਹਨ।

ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸ਼ਵ ਵਾਹਨ ਦੀ ਮੰਗ ਪੂਰੀ ਕਰਨ ’ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਲਈ ਇਸ ਵਾਹਨ ਦੀ ਸਖ਼ਤ ਲੋੜ ਸੀ, ਕਿਉਂਕਿ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨਘਾਟ ਲਿਜਾਣ ਵਿਚ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਨਰੇਸ਼ ਘਈ, ਗੌਰਵ ਚੌਧਰੀ , ਧਰਮਪਾਲ, ਹਰਜੀਤ ਸਿੰਘ ਜਾਡਲੀ, ਅਜੈ ਚੌਧਰੀ, ਰਜਿੰਦਰ ਸਿੰਘ ਛਿੰਦੀ, ਮਦਨ ਲਾਲ ਤੋਂ ਇਲਾਵਾ ਸਮੂਹ ਕੌਂਸਲਰ, ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News