ਮਨੀ ਅੈਕਸਚੇਂਜ ’ਚ ਲੁੱਟ-ਖੋਹ ਦੀ ਕੋਸ਼ਿਸ਼, 3 ਲੁਟੇਰੇ ਕਾਬੂ, 1 ਫ਼ਰਾਰ

12/17/2018 12:41:47 AM

ਹੁਸ਼ਿਆਰਪੁਰ,   (ਅਸ਼ਵਨੀ)-  ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਆਦੇਸ਼ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੇ ਅਭਿਆਨ ਦੌਰਾਨ ਪੁਲਸ ਨੇ 5 ਦਸੰਬਰ ਨੂੰ ਸ਼ਾਮ ਵੇਲੇ ਜਲੰਧਰ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖ਼ਾ ਨਜ਼ਦੀਕ ਡਾਇਮੰਡ ਮਨੀ ਅੈਕਸਚੇਂਜ ਨੂੰ ਲੁੱਟਣ ਦਾ ਯਤਨ ਕਰਨ  ਵਾਲੇ 4 ਲੁਟੇਰਿਆਂ ’ਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਡੀ. ਐੱਸ. ਪੀ. ਸਿਟੀ ਅਨਿਲ ਕੋਹਲੀ ਤੇ ਥਾਣਾ ਸਿਟੀ ਦੇ ਮੁਖੀ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨਾਲ ਸਬੰਧਤ ਲੁਟੇਰੇ ਡੈਨੀਅਲ ਮਸੀਹ ਉਰਫ਼ ਡੈਨੀ ਪੁੱਤਰ ਸ਼ਾਨ ਮਸੀਹ ਪਿੰਡ ਬੱਸੀ ਮੁੱਦਾ ਤੇ ਪ੍ਰਿੰਸ ਉਰਫ਼ ਕਾਲੀ ਪੁੱਤਰ ਜਗਤਾਰ ਸਿੰਘ ਵਾਸੀ ਤੁਲਸੀ ਨਗਰ, ਕਮਾਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 
ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਦੇਸੀ ਪਿਸਤੌਲ ਤੇ ਇਕ ਮੋਟਰ ਸਾਈਕਲ ਸਪਲੈਂਡਰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਆਪਣੇ ਦੋ ਹੋਰ ਸਾਥੀਆਂ ਰਾਜਿੰਦਰ ਉਰਫ਼ ਬੰਗਡ਼ ਪੁੱਤਰ ਸਵ. ਸੋਨੀ ਲਾਲ ਵਾਸੀ ਪਿੰਡ ਫਤਿਹਗਡ਼੍ਹ ਤੇ ਰਜਤ ਕੁਮਾਰ ਵਾਸੀ ਕੀਰਤੀ ਨਗਰ  ਨਾਲ ਮਿਲ ਕੇ ਇਸ  ਘਟਨਾ  ਨੂੰ ਅੰਜਾਮ ਦਿੱਤਾ ਗਿਆ। ਰਾਜਿੰਦਰ ਕੁਮਾਰ ਉਰਫ਼ ਬੰਗਡ਼ ਨੂੰ ਜਲੰਧਰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਇਸ ਸਮੇਂ ਹੁਸ਼ਿਆਰਪੁਰ ਦੀ ਸੈਂਟਰਲ ਜੇਲ ’ਚ ਬੰਦ ਹੈ। ਉਸ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ’ਚ ਫ਼ਰਾਰ ਦੋਸ਼ੀ ਰਜਤ ਕੁਮਾਰ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। 
ਡੀ. ਐੱਸ. ਪੀ. ਕੋਹਲੀ ਤੇ ਥਾਣਾ ਮੁਖੀ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਡਾਇਮੰਡ ਮਨੀ ਅੈਕਸਚੇਂਜ ਦੇ ਮਾਲਕ ਸੁਰਿੰਦਰ ਕੁਮਾਰ ਨੂੰ ਪਿਸਤੌਲ ਦਾ ਬੱਟ ਮਾਰ ਕੇ ਜ਼ਖਮੀ ਵੀ ਕਰ ਦਿੱਤਾ ਸੀ। ਸੁਰਿੰਦਰ ਦੇ ਰੌਲਾ ਪਾਉਣ ’ਤੇ ਲੁਟੇਰੇ  ਹਵਾ ’ਚ ਗੋਲੀਆਂ ਚਲਾਉਂਦੇ ਭੱਜ ਗਏ ਸੀ। ਲੁਟੇਰੇ ਭੱਜਦੇ ਸਮੇਂ ਇਕ ਬਿਨਾਂ ਨੰਬਰੀ ਐਕਟਿਵਾ ਛੱਡ ਗਏ ਸੀ। 
ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਦੀ ਸ਼ਨਾਖ਼ਤ ਕਰਨ ’ਚ ਸੀ.ਸੀ.ਟੀ.ਵੀ. ਫੁਟੇਜ ਤੋਂ ਕਾਫ਼ੀ ਸਹਾਇਤਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਤੋਂ ਇਕ ਖੰਡਾ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਲੁਟੇਰਿਆਂ ਦਾ ਰਿਮਾਂਡ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜਿੰਦਰ ਕੁਮਾਰ ਉਰਫ਼ ਬੰਗਡ਼, ਜੋ ਜੇਲ ’ਚ ਬੰਦ ਹੈ, ਦੇ ਵਿਰੁੱਧ ਪਹਿਲਾਂ ਵੀ ਨਾਰਕੋਟਿਕਸ ਐਕਟ ਅਧੀਨ ਕੇਸ ਦਰਜ ਹੈ।


Related News