ਪ੍ਰਸ਼ਾਸਨ ਨੇ ਮੰਡ ਖੇਤਰ ਦੇ ਕਿਸਾਨਾਂ ਨੂੰ ਜਾਰੀ ਕੀਤਾ ਅਲਰਟ

09/25/2018 4:58:42 AM

ਸੁਲਤਾਨਪੁਰ ਲੋਧੀ,  (ਧੀਰ)-  ਹਿਮਾਚਲ ਪ੍ਰਦੇਸ਼, ਹਰਿਆਣਾ ਸਮੇਤ ਪੰਜਾਬ ’ਚ ਪਿਛਲੇ 48 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੋਰ ਕਈ ਥਾਵਾਂ ’ਤੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਵਿਛ ਗਈ ਹੈ ਤੇ ਸਬਜ਼ੀ ਦੇ ਕਾਸ਼ਤਕਾਰ ਕਿਸਾਨਾਂ ਦੀਆਂ ਸਬਜ਼ੀਆਂ ਵੀ ਪਾਣੀ ਦੀ ਲਪੇਟ ’ਚ ਆ ਗਈਆਂ ਹਨ। ਭਾਰੀ ਮੀਂਹ ਕਾਰਨ ਵਿਛੀ ਝੋਨੇ ਦੀ ਫਸਲ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ ਤੇ ਦੇਸ਼ ਦਾ ਅੰਨਦਾਤਾ ਫਿਕਰਾਂ ’ਚ ਡੁੱਬਿਆ ਹੋਇਆ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ ਵੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
 ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿਹਡ਼ੀ ਝੋਨੇ ਦੀ ਫਸਲ ਤੇਜ਼ ਹਵਾਵਾਂ ਕਾਰਨ ਵਿੱਛ ਗਈ ਹੈ, ਉਹ ਪਾਣੀ ’ਚ ਡੁੱਬੀ ਹੋਣ ਕਾਰਨ ਝੋਨੇ ਦੇ ਦਾਣੇ ਬਦਰੰਗ ਹੋਣ ਦਾ ਵੀ ਖਤਰਾ ਹੈ, ਜਿਸਦੇ ਸਿੱਟੇ ਵਜੋਂ ਕਿਸਾਨਾਂ ਨੂੰ ਝੋਨਾ ਵੇਚਣ ਵੇਲੇ ਕਾਫੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਹਿਮਾਚਲ ਤੇ ਪੰਜਾਬ ’ਚ ਪਏ ਭਾਰੀ ਮੀਂਹ ਨੂੰ ਦੇਖਦੇ ਸੂਬਾ ਸਰਕਾਰ ਵੱਲੋਂ ਜਾਰੀ ਰੈੱਡ ਅਲਰਟ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵੀ ਮੰਡ ਖੇਤਰ ਦੇ ਪਿੰਡਾਂ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਜਗਜੀਵਨ ਵੀ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ।
ਗੋਭੀ ਤੇ ਝੋਨੇ ਦੀ ਫਸਲ ’ਚ ਭਾਰੀ ਮੀਂਹ ਕਾਰਨ ਖਡ਼੍ਹੇ ਹੋਏ ਪਾਣੀ ਨੂੰ ਬਾਹਰ ਕੱਢਣ ਵਾਸਤੇ ਕਿਸਾਨ ਜੇ. ਸੀ. ਬੀ. ਦਾ ਸਹਾਰਾ ਲੈ ਰਹੇ ਹਨ। ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦੇ ਵੱਲੋਂ ਲਗਾਈ ਗਈ ਸਬਜ਼ੀ ਗੋਭੀ ਦੀ ਫਸਲ ’ਚ ਬੀਤੀ ਰਾਤ ਭਾਰੀ ਮੀਂਹ ਕਾਰਨ ਪਾਣੀ ਖਡ਼੍ਹਾ ਹੋ ਗਿਆ ਸੀ, ਜਿਸਨੂੰ ਜੇ. ਸੀ. ਬੀ. ਰਾਾਹੀਂ ਬਾਹਰ ਟੋਇਆ ਪੁੱਟ ਕੇ ਕੱਢਿਆ ਗਿਆ।
 ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਵਿਛ ਗਈ ਹੈ ਤੇ ਖੇਤਾਂ ’ਚ ਪਾਣੀ ਬਹੁਤ ਖਡ਼੍ਹਾ ਹੈ, ਜਿਸਨੂੰ ਬਾਹਰ ਕੱਢਣ ਲਈ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਜੇ ਪਾਣੀ ਖੇਤਾਂ ’ਚੋਂ ਬਾਹਰ ਨਾ ਕੱਢਿਆ ਗਿਆ ਤਾਂ ਝੋਨੇ ਦੇ ਦਾਣੇ ਜੋ ਨਿਸਰੇ ਹੋਏ ਹਨ ਪਾਣੀ ’ਚ ਡੁੱਬੇ ਰਹਿਣ ਕਾਰਨ ਬਦਰੰਗ ਹੋ ਸਕਦੇ ਹਨ ਜਿਸਦਾ ਮੈਨੂੰ ਆਰਥਿਕ ਤੌਰ ’ਤੇ ਕਾਫੀ ਨੁਕਸਾਨ ਪਹੁੰਚੇਗਾ। ਮੰਡ ਖੇਤਰ ਦੇ ਕਿਸਾਨਾਂ ਪਰਮਜੀਤ ਸਿੰਘ ਬਾਊਪੁਰ, ਗੁਰਪਾਲ ਸਿੰਘ, ਅਜੀਤ ਸਿੰਘ, ਪਰਗਟ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਗੁਰਪਾਲ ਸਿੰਘ, ਅਵਤਾਰ ਸਿੰਘ ਆਦਿ ਦਾ ਕਹਿਣਾ ਹੈ ਕਿ ਕਾਫੀ ਲੰਮੇ ਸਮੇਂ ਬਾਅਦ ਇਸ ਵਾਰ ਮੰਡ ਖੇਤਰ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਬਹੁਤ ਵਧੀਆ ਹੋਈ ਹੈ ਕਿਉਂਕਿ ਇਸ ਵਾਰ ਜ਼ਿਆਦਾ ਮਾਨਸੂਨ ਨਾ ਹੋਣ ਕਾਰਨ ਦਰਿਆ ਬਿਆਸ ’ਚ ਪਾਣੀ ਘੱਟ ਆਇਆ ਸੀ ਤੇ ਕਿਸਾਨਾਂ ਦੀ ਫਸਲ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਸੀ। 
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਚਾਹੇ ਜਾਰੀ ਕਰ ਦਿੱਤਾ ਹੈ ਪਰ ਅਸੀਂ ਮੰਗ ਕਰਦੇ ਹਾਂ ਕਿ ਜਿਵੇਂ ਮਾਨਸੂਨ ’ਚ ਪ੍ਰਸ਼ਾਸਨ ਵਿਧਾਇਕ ਚੀਮਾ ਦੇ ਯਤਨਾਂ ਸਦਕਾ ਹਰੀਕੇ ਤੋਂ ਪਾਣੀ ਰਿਲੀਜ਼ ਕਰਵਾ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਸੀ ਇੰਝ ਇਸ ਵਾਰ ਵੀ ਪ੍ਰਸ਼ਾਸਨ ਪਾਣੀ ਜ਼ਿਆਦਾ ਆਉਣ ’ਤੇ ਹਰੀਕੇ ਤੋਂ ਪਾਣੀ ਰਿਲੀਜ਼ ਕਰਵਾਉਣ ਦੇ ਪ੍ਰਬੰਧ ਕਰਨ। 
 


Related News