ਘਰੇਲੂ ਕਲੇਸ਼ ਕਾਰਨ ਵਿਅਕਤੀ ਨੇ ਟਰੇਨ ਅੱਗੇ ਕੀਤੀ ਖੁਦਕੁਸ਼ੀ

Tuesday, Jun 25, 2019 - 05:06 PM (IST)

ਘਰੇਲੂ ਕਲੇਸ਼ ਕਾਰਨ ਵਿਅਕਤੀ ਨੇ ਟਰੇਨ ਅੱਗੇ ਕੀਤੀ ਖੁਦਕੁਸ਼ੀ

ਜਲੰਧਰ (ਗੁਲਸ਼ਨ)— ਬੀਤੀ ਰਾਤ ਕਰੀਬ 12.30 ਵਜੇ ਸੋਢਲ ਤੇ ਟਾਂਡਾ ਫਾਟਕ ਵਿਚ ਪੈਂਦੀਆਂ ਰੇਲਵੇ ਲਾਈਨਾਂ 'ਤੇ ਇਕ ਵਿਅਕਤੀ ਨੇ ਅੰਮ੍ਰਿਤਸਰ ਵਲੋਂ ਆ ਰਹੀ ਸ਼ਹੀਦ ਐਕਸਪ੍ਰੈੱਸ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਿਕੰਦਰ ਦਾਸ (50) ਪੁੱਤਰ ਮੁੰਨੀ ਲਾਲ ਵਾਸੀ ਛੋਟਾ ਸਈਪੁਰ ਵਜੋਂ ਹੋਈ ਹੈ। ਮ੍ਰਿਤਕ ਦੀ ਜੇਬ 'ਚੋਂ ਮਿਲੀ ਇਕ ਪਰਚੀ 'ਤੇ ਲਿਖੇ ਫੋਨ ਨੰਬਰਾਂ ਤੋਂ ਉਸ ਦੀ ਪਛਾਣ ਹੋਈ। ਜੀ. ਆਰ. ਪੀ. ਦੇ ਏ. ਐੱਸ. ਆਈ. ਨਰਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁੰਤੀ ਦੇਵੀ ਤੇ ਦੋਵਾਂ ਲੜਕਿਆਂ ਰੋਹਿਤ ਤੇ ਸੂਰਜ ਨੇ ਲਾਸ਼ ਦੀ ਪਛਾਣ ਕੀਤੀ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਘਰੇਲੂ ਕਲੇਸ਼ ਕਾਰਨ ਉਹ ਪ੍ਰੇਸ਼ਾਨ ਸੀ। ਕੁੰਤੀ ਦੇਵੀ ਮੁਤਾਬਕ ਉਹ ਰਾਤ ਨੂੰ ਖਾਣਾ ਖਾ ਕੇ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ। ਦੇਰ ਰਾਤ ਉਨ੍ਹਾਂ ਨੂੰ ਘਟਨਾ ਬਾਰੇ ਸੂਚਨਾ ਮਿਲੀ। ਮ੍ਰਿਤਕ ਇੰਡਸਟ੍ਰੀਅਲ ਏਰੀਆ 'ਚ ਸਥਿਤ ਇਕ ਮੈਟਲ ਦੀ ਫੈਕਟਰੀ 'ਚ ਕੰਮ ਕਰਦਾ ਸੀ। ਦੋਵੇਂ ਬੇਟੇ ਗਾਜੀ ਗੁੱਲਾ 'ਚ ਦਰਜ਼ੀ ਦਾ ਕੰਮ ਕਰਦੇ ਹਨ। ਥਾਣਾ ਜੀ. ਆਰ. ਪੀ. ਨੇ ਇਸ ਸਬੰਧ 'ਚ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ।


author

shivani attri

Content Editor

Related News