ਰੇਲਵੇ ਲਾਈਨ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ

Wednesday, Jun 03, 2026 - 03:29 PM (IST)

ਰੇਲਵੇ ਲਾਈਨ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ

ਕਪੂਰਥਲਾ (ਮਹਾਜਨ)- ਆਰ. ਸੀ. ਐੱਫ.-ਕਪੂਰਥਲਾ ਰੇਲਵੇ ਲਾਈਨ ’ਤੇ ਆਈ. ਟੀ. ਆਈ. ਸ਼ੇਖੂਪੁਰ ਦੇ ਪਿਛਲੇ ਪਾਸੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਇਕ ਵਿਅਕਤੀ ਦੀ ਰੇਲਗੱਡੀ ਨਾਲ ਟਕਰਾਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੀ ਟੀਮ ਮੌਕੇ ’ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ’ਚ ਲੈ ਕੇ ਸ਼ਨਾਖ਼ਤ ਤੋਂ ਬਾਅਦ ਪੋਸਟਮਾਰਟਮ ਲਈ ਕਪੂਰਥਲਾ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ 70 ਸਾਲਾ ਗੁਲਜਾਰੀ ਪੁੱਤਰ ਰਾਜੂ ਵਾਸੀ ਭਗਤਪੁਰ ਕਲੋਨੀ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਦੇ ਏ. ਐੱਸ. ਆਈ. ਸ਼ਕੀਲ ਮੁਹੰਮਦ ਨੇ ਦੱਸਿਆ ਕਿ ਸੋਮਵਾਰ ਰਾਤ ਲਗਭਗ ਸਵਾ 10 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਆਰ. ਸੀ. ਐੱਫ.ਕਪੂਰਥਲਾ ਰੇਲਵੇ ਲਾਈਨ ’ਤੇ ਆਈ. ਟੀ. ਆਈ. ਸ਼ੇਖੂਪੁਰ ਦੇ ਪਿਛਲੇ ਪਾਸੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਅਹਿਮਦਾਬਾਦ ਤੋਂ ਜੰਮੂ ਜਾ ਰਹੀ ਰੇਲਗੱਡੀ ਨਾਲ ਇਕ ਵਿਅਕਤੀ ਦੀ ਟਕਰਾ ਕੇ ਮੌਤ ਹੋ ਗਈ ਹੈ।

ਸੂਚਨਾ ਮਿਲਦੇ ਹੀ ਉਹ ਏ. ਐੱਸ. ਆਈ. ਸੁਖਜਿੰਦਰ ਸਿੰਘ ਅਤੇ ਕਾਂਸਟੇਬਲ ਸੁਖਦੇਵ ਸਿੰਘ ਦੇ ਨਾਲ ਮੌਕੇ ’ਤੇ ਪਹੁੰਚੇ, ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਜਾਣਕਾਰੀ ਭੇਜ ਦਿੱਤੀ। ਇਸ ਦੌਰਾਨ ਭਗਤਪੁਰ ਕਲੋਨੀ ਦੇ ਵਸਨੀਕ ਮਲਕੀਤ ਸਿੰਘ ਨੇ ਮ੍ਰਿਤਕ ਦੀ ਪਛਾਣ ਆਪਣੇ ਪਿਤਾ ਗੁਲਜਾਰੀ ਵਜੋਂ ਕੀਤੀ। ਮ੍ਰਿਤਕ ਦੇ ਪੁੱਤਰ ਮਲਕੀਤ ਸਿੰਘ ਨੇ ਜੀ. ਆਰ. ਪੀ. ਨੂੰ ਦੱਸਿਆ ਕਿ ਉਸ ਦੇ ਪਿਤਾ ਨੂੰ ਸੁਣਨ ਦੀ ਕਮਜ਼ੋਰੀ ਸੀ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਆਈ. ਟੀ. ਆਈ. ਸ਼ੇਖੂਪੁਰ ਦੇ ਪਿੱਛੇ ਰੇਲਵੇ ਲਾਈਨ ’ਤੇ ਕਿਵੇਂ ਪਹੁੰਚਿਆ ਅਤੇ ਰੇਲਗੱਡੀ ਦੀ ਲਪੇਟ ’ਚ ਆ ਗਿਆ। ਮ੍ਰਿਤਕ ਦੇ ਪੁੱਤਰ ਮਲਕੀਤ ਸਿੰਘ ਅਤੇ ਪੋਤੇ ਚਮਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜੀ. ਆਰ. ਪੀ. ਨੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਅਤੇ ਮੰਗਲਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।


author

shivani attri

Content Editor

Related News