ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ ''ਚ ਚੋਰਾਂ ਵੱਲੋਂ ਵੱਡੀ ਵਾਰਦਾਤ, 18 ਤੋਲੇ ਸੋਨੇ ਦੇ ਗਹਿਣੇ ਕੀਤੇ ਚੋਰੀ
Saturday, Nov 19, 2022 - 12:07 PM (IST)

ਸੁਲਤਾਨਪੁਰ ਲੋਧੀ (ਸੋਢੀ)-ਥਾਣਾ ਕਬੀਰਪੁਰ ਅਧੀਨ ਪਿੰਡ ਵਾਟਾਂਵਾਲੀ ਖੁਰਦ ਵਿਖੇ ਸਾਬਕਾ ਸਰਪੰਚ ਤਰਸੇਮ ਸਿੰਘ ਦੀ ਕੋਠੀ ’ਚੋਂ ਬੀਤੀ ਰਾਤ ਚੋਰ ਗਿਰੋਹ ਵੱਲੋਂ ਲਾਕਰ ਆਦਿ ਤੋੜ ਕੇ 18 ਤੋਲੇ ਸੋਨੇ ਦੇ ਗਹਿਣੇ ਆਦਿ ਚੋਰੀ ਕਰਨ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਦੇ ਸਮੇਂ ਸਾਰਾ ਪਰਿਵਾਰ ਕੋਠੀ ਨੂੰ ਜਿੰਦਰੇ ਲਗਾ ਕੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਰਣਧੀਰਪੁਰ ਵਿਖੇ ਇਕ ਵਿਆਹ ਸਮਾਗਮ ’ਚ ਗਏ ਸਨ। ਲੱਖਾਂ ਰੁਪਏ ਦੀ ਸੋਨੇ ਦੇ ਗਹਿਣਿਆਂ ਦੀ ਚੋਰੀ ਦੀ ਵਾਰਦਾਤ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ ।
ਚੋਰੀ ਦੀ ਇਸ ਵੱਡੀ ਵਾਰਦਾਤ ਬਾਰੇ ਤਰਸੇਮ ਸਿੰਘ ਦੇ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਦੇਰ ਰਾਤ ਨੂੰ ਘਰ ਵਾਪਸ ਪਰਤੇ। ਇਸ ਸਬੰਧੀ ਪੁਲਸ ਨੂੰ ਸੂਚਨਾ ਮਿਲਣ ’ਤੇ ਥਾਣਾ ਕਬੀਰਪੁਰ ਦੇ ਮੁਖੀ ਐੱਸ. ਐੱਚ. ਓ. ਲਖਵਿੰਦਰ ਸਿੰਘ, ਏ. ਐੱਸ. ਆਈ. ਮਨਜਿੰਦਰ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਸਵੇਰੇ ਪਿੰਡ ਵਾਟਾਂਵਾਲੀ ਖੁਰਦ ਪਹੁੰਚੇ ਤੇ ਵਾਰਦਾਤ ਬਾਰੇ ਜਾਂਚ ਸ਼ੁਰੂ ਕਰ ਦਿੱਤੀ ।
ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਦੇ ਸਮਝੌਤੇ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਆਇਆ ਸਾਹਮਣੇ
ਸਾਬਕਾ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਕਿਸੇ ਪਿੰਡ ਦੇ ਵਿਅਕਤੀ ਵੱਲੋਂ ਹੀ ਚੋਰਾਂ ਨੂੰ ਪੂਰਾ ਘਰ ਦਾ ਭੇਤ ਦਿੱਤੇ ਜਾਣ ਦੀ ਸ਼ੰਕਾ ਹੈ ਕਿਉਂਕਿ ਘਰ ਦੇ ਬਾਹਰਲੇ ਗੇਟ ਨੂੰ ਜਿੰਦਰਾ ਲੱਗਾ ਹੋਇਆ ਸੀ ਅਤੇ ਚੋਰ ਪਿਛਲੇ ਪਾਸਿਓਂ ਪੌੜੀ ਲਗਾ ਕੇ ਘਰ ਦੀ ਛੱਤ 'ਤੇ ਚੜ੍ਹੇ ਅਤੇ ਪਿਛਲੇ ਪਾਸਿਓਂ ਘਰ ਅੰਦਰ ਦਾਖ਼ਲ ਹੋਏ, ਜਿਸ ਤੋਂ ਬਾਅਦ ਚੋਰਾਂ ਸਿੱਧਾ ਘਰ ਦੇ ਕਮਰੇ ਦੇ ਦਰਵਾਜ਼ੇ ਦਾ ਲਾਕ ਕੋਹਲ ਕੇ ਲਾਕਰ ਦਾ ਜਿੰਦਰਾ ਤੋੜਿਆ ਅਤੇ ਲਾਕਰ ’ਚ ਰੱਖੇ ਸੋਨੇ ਦੇ 18 ਤੋਲੇ ਗਹਿਣੇ ਅਤੇ ਘਰ ਅੰਦਰ ਪਿਆ ਐੱਮ. ਆਈ. ਕੰਪਨੀ ਦਾ 1 ਮੋਬਾਇਲ ਵੀ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ।
ਚੋਰਾਂ ਵੱਲੋਂ ਹੋਰ ਕਿਸੇ ਕਮਰੇ ਦੀ ਕਿਸੇ ਚੀਜ਼ ਨੂੰ ਨਹੀਂ ਛੇੜਿਆ ਗਿਆ। ਉਨ੍ਹਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਕਾਰਨ ਉਨ੍ਹਾਂ ਦਾ 9 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਸਾਰਾ ਪਰਿਵਾਰ ਹੀ ਭਾਰੀ ਖ਼ੌਫ਼ ’ਚ ਪ੍ਰੇਸ਼ਾਨ ਹੈ। ਇਸੇ ਦੌਰਾਨ ਜਥੇ ਹਰੀ ਸਿੰਘ ਝੰਡ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਤੇ ਮਾਰਕੀਟ ਕਮੇਟੀ ਰਿਟਾ. ਇੰਮਪਲਾਈਜ਼ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਬਖਸ਼ੀਸ਼ ਸਿੰਘ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਬਾਰੇ ਤੁਰੰਤ ਜਾਂਚ ਕਰ ਕੇ ਮੁਲਜ਼ਮ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ । ਦੂਜੇ ਪਾਸੇ ਥਾਣਾ ਕਬੀਰਪੁਰ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਚੋਰਾਂ ਦਾ ਸੁਰਾਗ ਲਗਾਉਣ ਲਈ ਪੁਲਸ ਵੱਖ-ਵੱਖ ਥਿਊਰੀਆਂ ’ਤੇ ਆਪਣੀ ਜਾਂਚ ਕਰ ਰਹੀ ਹੈ। ਉਨ੍ਹਾਂ ਮੌਕੇ ’ਤੇ ਪੀੜਤ ਪਰਿਵਾਰ ਤੇ ਤਰਸੇਮ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਬਹੁਤ ਜਲਦੀ ਹੀ ਚੋਰ ਕਾਬੂ ਕਰ ਲਏ ਜਾਣਗੇ ।
ਇਹ ਵੀ ਪੜ੍ਹੋ : ਜਲੰਧਰ ’ਚ ਮਿਲ ਰਹੀ ਸਹੂਲਤ: 10 ਰੁਪਏ ਦਾ ਉਬਲਿਆ ਆਂਡਾ ਖਾਓ, ਸੜਕ ’ਤੇ ਬੈਠ ਕੇ ਹੀ ਲਾਓ ਜਿੰਨੇ ਮਰਜ਼ੀ ਪੈੱਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।