ਡੇਂਗੂ ਪੀੜਤਾਂ ’ਚ ਬਲੱਡ ਪ੍ਰੈਸ਼ਰ ਦਾ ਘੱਟ ਹੋਣਾ ਗੰਭੀਰ ਲੱਛਣ : ਡਾ. ਐੱਚ. ਐੱਨ. ਸ਼ਰਮਾ

Tuesday, Aug 01, 2023 - 04:39 PM (IST)

ਡੇਂਗੂ ਪੀੜਤਾਂ ’ਚ ਬਲੱਡ ਪ੍ਰੈਸ਼ਰ ਦਾ ਘੱਟ ਹੋਣਾ ਗੰਭੀਰ ਲੱਛਣ : ਡਾ. ਐੱਚ. ਐੱਨ. ਸ਼ਰਮਾ

ਰੂਪਨਗਰ (ਕੈਲਾਸ਼) : ਡੇਂਗੂ ਦੇ ਮਰੀਜ਼ਾਂ ’ਚ ਘੱਟ ਬਲੱਡ ਪ੍ਰੈਸ਼ਰ ਵਰਗੇ ਲੱਛਣ ਵੀ ਦੇਖੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐੱਚ. ਐੱਨ. ਸ਼ਰਮਾ ਸਿਵਲ ਸਰਜਨ (ਸੇਵਾਮੁਕਤ) ਨੇ ਦੱਸਿਆ ਕਿ ਬੀਤੇ ਦਿਨ ਡੇਂਗੂ ਤੋਂ ਪੀੜਤ ਇਕ ਗੰਭੀਰ ਮਰੀਜ਼ ਇਲਾਜ ਲਈ ਉਨ੍ਹਾਂ ਕੋਲ ਪਹੁੰਚਿਆ ਸੀ ਜਿਸ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਆ ਰਿਹਾ ਸੀ ਅਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਭੇਜਣਾ ਪਿਆ। ਉਨ੍ਹਾਂ ਕਿਹਾ ਕਿ ਡੇਂਗੂ ਦੀ ਬੀਮਾਰੀ ਵੀ ਬਾਰਿਸ਼ ਤੋਂ ਬਾਅਦ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਮਰੀਜ਼ਾਂ ’ਚ ਹੋਰ ਲੱਛਣਾਂ ਤੋਂ ਇਲਾਵਾ ਘੱਟ ਬਲੱਡ ਪ੍ਰੈਸ਼ਰ ਬਹੁਤ ਘੱਟ ਮਾਮਲਿਆਂ ’ਚ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਡੇਂਗੂ ਦੀ ਬੀਮਾਰੀ ’ਚ ਤੇਜ਼ ਬੁਖਾਰ, ਸਿਰ ਦਰਦ, ਦਸਤ, ਥਕਾਵਟ ਮਹਿਸੂਸ ਹੋਣਾ, ਮਾਸਪੇਸ਼ੀਆਂ ਅਤੇ ਹੱਡੀਆਂ ’ਚ ਦਰਦ, ਉਲਟੀਆਂ, ਅੱਖਾਂ ਦੇ ਪਿੱਛੇ ਦਰਦ, ਚਮੜੀ ’ਤੇ ਲਾਲ ਧੱਫੜ ਆਦਿ ਹੋ ਸਕਦੇ ਹਨ, ਜਿਸ ਕਾਰਨ ਮਰੀਜ਼ਾਂ ’ਚ ਪਲੇਟਲੈਟ ਸੈੱਲਾਂ ਦੀ ਕਮੀ ਹੋ ਸਕਦੀ ਹੈ। ਮਰੀਜ਼ ਗੰਭੀਰ ਹਾਲਤ ’ਚ ਵੀ ਪਹੁੰਚ ਸਕਦਾ ਹੈ। ਪਲੇਟਲੈਟਸ ਦੀ ਗਿਣਤੀ ਘੱਟ ਹੋਣ ’ਤੇ ਮਰੀਜ਼ ਦਾ ਹਲਕਾ ਜਿਹਾ ਖੂਨ ਵੀ ਵੱਗ ਸਕਦਾ ਹੈ। ਉਸਦੇ ਨੱਕ, ਮਸੂੜਿਆਂ ਆਦਿ ’ਚੋਂ ਵੀ ਖੂਨ ਵਹਿ ਸਕਦਾ ਹੈ। ਇਸ ਲਈ ਡੇਂਗੂ ਦੀ ਬੀਮਾਰੀ ਤੋਂ ਬਚਣਾ ਹੀ ਸਭ ਤੋਂ ਵਧੀਆ ਇਲਾਜ ਹੈ।

ਇਹ ਵੀ ਪੜ੍ਹੋ : ਨਿਗਮ ਦੇ ਠੇਕੇਦਾਰਾਂ ਲਈ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ, ਆਮ ਜਨਤਾ ਵੀ ਜਾਣ ਸਕੇਗੀ ਕੰਮ ਸਬੰਧੀ ਪੈਰਾਮੀਟਰ

ਡੇਂਗੂ ਦੇ ਕਾਰਨ
ਇਸ ਸਬੰਧੀ ਡਾ. ਸ਼ਰਮਾ ਨੇ ਦੱਸਿਆ ਕਿ ਡੇਂਗੂ ਦੀ ਬੀਮਾਰੀ ਕੋਈ ਛੂਤ ਦੀ ਬੀਮਾਰੀ ਨਹੀਂ ਹੈ ਅਤੇ ਇਹ ਇਕ ਦੂਜੇ ਦੇ ਨੇੜੇ ਬੈਠਣ ਨਾਲ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਬੀਮਾਰੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਜਦੋਂ ਇਕ ਇਨਫੈਕਟਿਡ ਮੱਛਰ ਕਿਸੇ ਹੋਰ ਵਿਅਕਤੀ ਨੂੰ ਕੱਟਦਾ ਹੈ ਤਾਂ ਵਾਇਰਸ ਉਸ ਵਿਅਕਤੀ ਦੇ ਖੂਨ ’ਚ ਦਾਖ਼ਲ ਹੋ ਜਾਂਦਾ ਹੈ ਜਿਸ ਕਾਰਨ ਉਹ ਡੇਂਗੂ ਦੀ ਬੀਮਾਰੀ ਤੋਂ ਵੀ ਪੀੜਤ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਬੀਮਾਰੀ ਦੇ ਲੱਛਣ ਆਮ ਤੌਰ ’ਤੇ ਇਨਫੈਕਸ਼ਨ ਹੋਣ ਤੋਂ 4 ਤੋਂ 6 ਦਿਨਾਂ ਬਾਅਦ ਸ਼ੁਰੂ ਹੋ ਜਾਂਦੇ ਹਨ ਜੋ ਕਿ 10 ਦਿਨਾਂ ਤੱਕ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਸਾਫ਼ ਪਾਣੀ ’ਚ ਪੈਦਾ ਹੁੰਦਾ ਹੈ ਅਤੇ ਅੱਜ-ਕੱਲ ਸ਼ਹਿਰ ਦੇ ਆਲੇ-ਦੁਆਲੇ ਕਈ ਥਾਵਾਂ ’ਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਫੈਲਣ ਦਾ ਡਰ ਵੀ ਵੱਧ ਗਿਆ ਹੈ।

ਡੇਂਗੂ ਦੀ ਬੀਮਾਰੀ ਦਾ ਪਤਾ ਕਿਵੇਂ ਲਾਇਆ ਜਾ ਸਕਦਾ ਹੈ
ਇਸ ਸਬੰਧੀ ਡਾ. ਐੱਚ. ਐੱਨ. ਸ਼ਰਮਾ ਨੇ ਦੱਸਿਆ ਕਿ ਡੇਂਗੂ ਦੀ ਬੀਮਾਰੀ ਦਾ ਪਤਾ ਖੂਨ ਦੀ ਜਾਂਚ ਅਤੇ ਡੇਂਗੂ ਦੀ ਬੀਮਾਰੀ ਦੇ ਲੱਛਣਾਂ ਤੋਂ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਵਾਇਰਲ ਇਨਫੈਕਸ਼ਨ ਦੀ ਪੁਸ਼ਟੀ ਕਰਨ ਲਈ ਮਰੀਜ਼ ਦਾ ਪੂਰਾ ਬਲੱਡ ਕਾਊਂਟ (ਸੀ.ਬੀ.ਸੀ.) ਟੈਸਟ ਕੀਤਾ ਜਾਂਦਾ ਹੈ ਅਤੇ ਐੱਨ.ਐੱਸ.-1 ਟੈਸਟ ਰਾਹੀਂ ਡੇਂਗੂ ਦੀ ਬੀਮਾਰੀ ਦਾ ਵੀ ਪਤਾ ਲਗਾਇਆ ਜਾਂਦਾ ਹੈ। ਡੇਂਗੂ ਦੇ ਮਰੀਜ਼ਾਂ ’ਚ ਵੀ ਅਕਸਰ ਜਿਗਰ ਦੀਆਂ ਸ਼ਿਕਾਇਤਾਂ ਦੇਖਣ ਨੂੰ ਮਿਲਦੀਆਂ ਹਨ।

ਇਹ ਵੀ ਪੜ੍ਹੋ : CM ਮਾਨ ਵੱਲੋਂ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਵਕਾਲਤ, ਕਿਹਾ- ਕੇਂਦਰ ਨੇ ਸ਼ਹੀਦਾਂ ਦੀ ਵਿਰਾਸਤ ਨੂੰ ਲਾਈ  ਢਾਹ

ਡੇਂਗੂ ਦੀ ਬੀਮਾਰੀ ਤੋਂ ਬਚਣ ਦੇ ਉਪਾਅ
ਡੇਂਗੂ ਦੀ ਬੀਮਾਰੀ ਤੋਂ ਬਚਣ ਲਈ ਸੰਕਰਮਿਤ ਮੱਛਰ ਦੇ ਕੱਟਣ ਤੋਂ ਬਚਣਾ ਚਾਹੀਦਾ ਹੈ ਜਿਸ ਲਈ ਮੱਛਰਦਾਨੀ ਦੀ ਵਰਤੋਂ ਕਰੋ, ਪੂਰੀ ਬਾਹਾਂ ਦੇ ਕੱਪੜੇ ਅਤੇ ਸਰੀਰ ਨੂੰ ਢੱਕ ਕੇ ਰੱਖੋ, ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ, ਬਰਸਾਤ ਦਾ ਪਾਣੀ ਘਰ ਦੇ ਆਲੇ-ਦੁਆਲੇ ਖੜ੍ਹਾ ਨਾ ਹੋਣ ਦਿਓ। ਜੇਕਰ ਮੀਂਹ ਦਾ ਪਾਣੀ ਇਕੱਠਾ ਹੋ ਜਾਵੇ ਤਾਂ ਉਸ ’ਚ ਕਾਲਾ ਤੇਲ ਪਾਓ ਤਾਂ ਜੋ ਖੜ੍ਹੇ ਪਾਣੀ ’ਚ ਡੇਂਗੂ ਦੀ ਬੀਮਾਰੀ ਦਾ ਲਾਰਵਾ ਪੈਦਾ ਨਾ ਹੋ ਸਕੇ। ਆਪਣੇ ਘਰਾਂ ’ਚ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਪੰਛੀਆਂ ਲਈ ਰੱਖੇ ਪਾਣੀ ਨੂੰ ਸਮੇਂ-ਸਮੇਂ ’ਤੇ ਬਦਲਦੇ ਰਹੋ। ਘਰ ਦੀ ਛੱਤ ’ਤੇ ਟੁੱਟੇ ਭਾਂਡਿਆਂ, ਟਾਇਰਾਂ ਆਦਿ ’ਚ ਪਾਣੀ ਇਕੱਠਾ ਨਾ ਹੋਣ ਦਿਓ।

ਡੇਂਗੂ ਦੀ ਬੀਮਾਰੀ ਦਾ ਇਲਾਜ

ਇਸ ਸਬੰਧੀ ਡਾ. ਐੱਚ. ਐੱਨ. ਸ਼ਰਮਾ ਨੇ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ’ਚ ਪੈਰਾਸੀਟਾਮੋਲ ਦਵਾਈ ਲਈ ਜਾ ਸਕਦੀ ਹੈ ਪਰ ਜੇਕਰ ਮਰੀਜ਼ ’ਚ ਲੱਛਣ ਵੱਧ ਜਾਣ ਤਾਂ ਉਸਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ ਲੋੜ ਪੈਣ ’ਤੇ ਮਰੀਜ਼ ਨੂੰ ਆਈ. ਵੀ. ਫਲੂਡ (ਗਲੂਕੋਜ਼ ਦਾ ਟੀਕਾ ਲਗਾਉਣ) ਦੀ ਲੋੜ ਪੈ ਸਕਦੀ ਹੈ।

PunjabKesari

ਡੇਂਗੂ ਦੇ ਮਰੀਜ਼ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਦਿੱਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮਰੀਜ਼ ਨੂੰ ਆਰਾਮ ਕਰਨਾ ਚਾਹੀਦਾ ਹੈ। ਜੇਕਰ ਮਰੀਜ਼ ਨੂੰ ਪਿਸ਼ਾਬ ਘੱਟ ਆਉਣ ਲੱਗੇ, ਮੂੰਹ ’ਚ ਖੁਸ਼ਕੀ, ਸੁਸਤੀ ਜਾਂ ਕਮਜ਼ੋਰੀ ਵਧਣ ਲੱਗੇ ਤਾਂ ਉਸ ਨੂੰ ਤੁਰੰਤ ਮਾਹਿਰ ਡਾਕਟਰ ਕੋਲ ਇਲਾਜ ਲਈ ਲਿਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

 


author

Anuradha

Content Editor

Related News