ਕਰਜ਼ਾ ਉਤਾਰਨ ਲਈ ਮਾਂ ਨੇ ਬੇਟੇ ਦੇ ਦੋਸਤਾਂ ਨਾਲ ਬਣਾਇਆ ਲੁਟੇਰਾ ਗੈਂਗ, ਗ੍ਰਿਫਤਾਰ

9/4/2018 6:39:38 PM

ਜਲੰਧਰ (ਸੁਧੀਰ)— ਕਰਜ਼ੇ 'ਚ ਡੁੱਬੀ ਇਕ ਮਾਂ ਨੇ ਬੇਟੇ ਦੇ ਦੋਸਤਾਂ ਨਾਲ ਮਿਲ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਲੁਟੇਰਾ ਗੈਂਗ ਬਣਾ ਲਿਆ ਪਰ ਪਹਿਲੀ ਲੁੱਟ ਤੋਂ ਬਾਅਦ ਹੀ ਉਹ ਫੜੇ ਗਏ ਜਦਕਿ ਇਨ੍ਹਾਂ ਦਾ ਇਕ ਸਾਥੀ ਫਰਾਰ ਚੱਲ ਰਿਹਾ ਹੈ। ਪੁਲਸ ਥਾਣਾ ਡਿਵੀਜ਼ਨ ਨੰਬਰ-2 ਨੇ ਇਨ੍ਹਾਂ ਸਾਰਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਨਰਿੰਦਰ ਕੌਰ ਪਤਨੀ ਰਣਧੀਰ ਸਿੰਘ ਵਾਸੀ ਐੱਫ. 2-004 ਦੇ ਉੱਤੇ ਕਰਜ਼ਾ ਕਾਫੀ ਵੱਧ ਗਿਆ ਸੀ। ਕਰਜ਼ਾ ਉਤਾਰਨ ਲਈ ਉਸ ਨੇ ਆਪਣੇ ਬੇਟੇ ਕੁਲਪ੍ਰੀਤ ਸਿੰਘ ਪ੍ਰਿੰਸ ਅਤੇ ਉਸ ਦੇ ਦੋਸਤਾਂ ਜੱਸ ਚੋਪੜਾ ਅਤੇ ਸਾਗਰ ਦੋਵੇਂ ਵਾਸੀ ਨੰਗਲ ਕਰਾਰ ਖਾਂ ਜਲੰਧਰ ਨੂੰ ਨਾਲ ਲੈ ਕੇ ਲੁਟੇਰਾ ਗੈਂਗ ਬਣਾ ਲਿਆ। ਜੱਸ ਅਤੇ ਸਾਗਰ ਦੋਵੇਂ ਪਹਿਲਾਂ ਹੀ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਚਲਦਿਆਂ ਜ਼ਮਾਨਤ 'ਤੇ ਆਏ ਹੋਏ ਸਨ। 

ਚਾਰੋਂ ਜਦੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਤਾਂ ਜੱਸ ਨੇ ਇਸ ਕੰਮ ਲਈ ਇਕ ਹੋਰ ਸਾਥੀ ਦੀ ਮਦਦ ਲੈਣ ਦੀ ਗੱਲ ਕਹੀ ਜੋਕਿ ਉਨ੍ਹਾਂ ਦਿਨਾਂ 'ਚ ਜੇਲ 'ਚ ਸੀ। ਪੰਜਵਾਂ ਸਾਥੀ ਜਦੋਂ ਜੇਲ ਤੋਂ ਬਾਹਰ ਆਇਆ ਤਾਂ ਇਨ੍ਹਾਂ ਨੇ ਇਸ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਜਲੰਧਰ ਤੋਂ ਇਕ ਫਾਰਚਿਊਨਰ ਗੱਡੀ ਕਿਰਾਏ 'ਤੇ ਲਈ। ਇਸ ਦੇ ਬਾਅਦ ਇਨ੍ਹਾਂ ਨੇ ਪੰਚਕੂਲਾ ਤੋਂ ਇਕ ਇਨੋਵਾ ਕਾਰ ਲੁੱਟੀ। ਪੁਲਸ ਨੇ ਬੀਤੇ ਦਿਨ ਸੂਚਨਾ ਦੇ ਆਧਾਰ 'ਤੇ ਚਾਰ ਲੋਕਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਜਦਕਿ ਪੰਜਵਾਂ ਸਾਥੀ ਅਜੇ ਫਰਾਰ ਚੱਲ ਰਿਹਾ ਹੈ।