ਲੁਟੇਰਿਆਂ ਵੱਲੋਂ ਸ਼ਰੇਆਮ ਪਿਸਤੌਲਾਂ-ਤਲਵਾਰਾਂ ਨਾਲ ਕੀਤੀਆਂ ਜਾ ਰਹੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ

11/29/2021 5:07:50 PM

ਸੁਲਤਾਨਪੁਰ ਲੋਧੀ (ਸੋਢੀ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਪਿਛਲੇ ਕੁਝ ਅਰਸੇ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ, ਮੋਟਰਸਾਈਕਲ ਅਤੇ ਹੋਰ ਵ੍ਹੀਕਲ ਚੋਰੀ ਕਰਨ ਦੀਆਂ ਵਾਰਦਾਤਾਂ ਦੇ ਹੋਏ ਭਾਰੀ ਵਾਧੇ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਬੀਤੀ 27 ਨਵੰਬਰ ਦੀ ਰਾਤ 7.30 ਵਜੇ ਕਰੀਬ ਸੁਲਤਾਨਪੁਰ ਲੋਧੀ ਦੇ ਸਭ ਤੋਂ ਭੀੜ ਭਾੜ ਵਾਲੇ ਪੀਸ ਫੁੱਲ ਸਮਝੇ ਜਾਂਦੇ ਸ਼ਾਂਤ ਇਲਾਕੇ ’ਚ ਖਾਲਸਾ ਸੁਪਰ ਸਟੋਰ ’ਚ ਹੋਈ ਲੁੱਟ ਦੀ ਵਾਰਦਾਤ ਨੇ ਦੁਕਾਨਦਾਰਾਂ ’ਚ ਇੰਨਾ ਡਰ ਪੈਦਾ ਕਰ ਦਿੱਤਾ ਹੈ ਕਿ ਬਹੁਤ ਸਾਰੇ ਦੁਕਾਨਦਾਰਾਂ ਆਪਣੀਆ ਦੁਕਾਨਾਂ ਹੁਣ ਸੂਰਜ ਢਹਿੰਦੇ ਹੀ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਦੱਸਣਯੋਗ ਹੈ ਕਿ ਪੁਡਾ ਕਾਲੋਨੀ ਦੇ ਮੁਹਰੇ ਜਿੱਥੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕੋਠੀ ਹੈ, ਦੇ ਬਿਲਕੁਲ ਨੇੜੇ 100 -150 ਮੀਟਰ ਦੀ ਦੂਰੀ ’ਤੇ ਹੀ ਲੋਹੀਆਂ ਤੋਂ ਆ ਕੇ ਵੱਸੇ ਅੰਤਰਰਾਸ਼ਟਰੀ ਢਾਡੀ ਗਿਆਨੀ ਮੇਜਰ ਸਿੰਘ ਖਾਲਸਾ ਨੇ ਆਪਣੇ ਬੱਚਿਆਂ ਨੂੰ ਸੁਪਰ ਸਟੋਰ ਖੋਲ੍ਹ ਕੇ ਦਿੱਤਾ ਸੀ, ਜਿੱਥੇ ਰਾਤ ਪਿਸਤੋਲ ਤਾਣ ਕੇ ਕਿਰਪਾਨ ਮਾਰ ਕੇ ਹੋਈ ਲੁੱਟ ਦੀ ਵਾਰਦਾਤ ਕਾਰਨ ਸਮੁੱਚੇ ਖੇਤਰ ’ਚ ਹੀ ਲੋਕਾਂ 'ਚ ਡਰ ਪੈਦਾ ਹੋ ਗਿਆ ਹੈ । ਸੁਪਰ ਸਟੋਰ ’ਤੇ ਪੁੱਜੇ ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਨੇ ਮੰਗ ਕੀਤੀ ਕਿ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਤੋਂ ਨਿਜਾਤ ਦਿਵਾਉਣ ਲਈ ਉਚਿਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਇੱਕ ਹਫ਼ਤੇ ’ਚ ਲੁੱਟ ਕਰਨ ਵਾਲੇ ਬਦਮਾਸ਼ ਗ੍ਰਿਫਤਾਰ ਨਾ ਕੀਤੇ ਗਏ ਤਾਂ ‘ਆਪ’ ਵੱਲੋਂ ਧਰਨਾ ਦਿੱਤਾ ਜਾਵੇਗਾ । ਉਨ੍ਹਾਂ ਦੋਸ਼ ਲਾਇਆ ਕਿ ਸੁਲਤਾਨਪੁਰ ਲੋਧੀ ਦੀ ਪੁਲਸ ਤਾਂ ਹਲਕਾ ਵਿਧਾਇਕ ਦੀ ਚੌਕੀਦਾਰੀ ਹੀ ਕਰਦੀ ਹੈ, ਜਿਸ ਕਾਰਨ ਸ਼ਹਿਰ ਤੇ ਇਲਾਕੇ ਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਰ ਵਿਧਾਇਕ ਦੀ ਕੋਠੀ ਨੇੜਲਾ ਸੁਪਰ ਸਟੋਰ ਹੀ ਸਰੁੱਖਿਅਤ ਨਹੀਂ ਹੈ ਤਾਂ ਕੌਣ ਸਰੁੱਖਿਅਤ ਰਹੇਗਾ ।

ਇਹ ਵੀ ਪੜ੍ਹੋ: ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਬਿਕਰਮ ਮਜੀਠੀਆ ਤੇ ਬੀਬੀ ਜਗੀਰ ਕੌਰ ਨੂੰ ਐਲਾਨਿਆ ਉਮੀਦਵਾਰ

ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਨੰਬਰਦਾਰ ਪਰਮਜੀਤ ਸਿੰਘ ਚੰਦੀ ਨਵਾਂ ਪਿੰਡ ਦੋਨੇਵਾਲ ਨੇ ਮੌਕੇ ’ਤੇ ਪੁੱਜ ਕੇ ਲੁੱਟ ਦੀ ਵਾਰਦਾਤ ਦੀ ਨਿੰਦਾ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਬਿਹਾਰ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਖ਼ਾਲਸਾ ਸੁਪਰ ਸਟੋਰ ਦੇ ਮਾਲਕ ਗਿਆਨੀ ਮੇਜਰ ਸਿੰਘ ਖਾਲਸਾ ਨੇ ਆਪਣਾ ਗੁੱਸਾ ਸਾਰੇ ਲੀਡਰਾਂ ’ਤੇ ਕੱਢਦੇ ਕਿਹਾ ਕਿ ਪਹਿਲਾਂ ਹੀ ਰਾਜਨੀਤਕ ਲੀਡਰਾਂ ਦੀ ਭੁੱਖ ਕਾਰਨ ਪੰਜਾਬ ’ਚ ਕਿਸੇ ਬੇਰੋਜ਼ਗਾਰ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਇੱਥੇ ਦੇ ਸਿਸਟਮ ਤੋਂ ਤੰਗ ਆ ਕੇ ਸਾਰੇ ਨੌਜਵਾਨਾਂ ਵਿਦੇਸ਼ਾਂ ਵੱਲ ਜਾ ਰਹੇ ਹਨ ਅਤੇ ਹੁਣ ਜੇਕਰ ਮੈਂ ਆਪਣੇ ਬੱਚਿਆਂ ਨੂੰ ਪੰਜਾਬ 'ਚ ਸੈਟ ਕਰਨ ਲਈ ਸੁਪਰ ਸਟੋਰ ਖੋਹਲਿਆ ਹੈ ਤਾਂ ਉਹ ਵੀ ਸਰੁੱਖਿਅਤ ਨਹੀਂ ਰਿਹਾ।

ਉਨ੍ਹਾਂ ਕਿਹਾ ਕਿ 3 ਨਕਾਬਪੋਸ਼ ਲੁਟੇਰੇ ਸਾਡੇ ਸਟੋਰ 'ਚ ਦਾਖਲ ਹੋਏ ਪਿਸਤੋਲ ਤਾਣ ਕੇ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ। ਮੇਰੇ ਲੜਕੇ ਦੇ ਕਿਰਪਾਨ ਮਾਰੀ ਗਈ ਤੇ ਨੂੰਹ ਦੇ ਚਪੇੜ ਮਾਰ ਕੇ ਪਾਸੇ ਕਰ ਦਿੱਤਾ ਤੇ ਸਭ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਿਹੋ ਜਿਹੇ ਹਾਲਾਤ ਬਣ ਗਏ ਹਨ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਆਪਸੀ ਲੜ੍ਹਾਈ ਛੱਡ ਕੇ ਲੋਕਾਂ ਦੀ ਭਲਾਈ ਤੇ ਸਰੁੱਖਿਆ ਲਈ ਕੁਝ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਸਮਾਜ ਸੇਵੀ ਆਗੂ ਪ੍ਰੋਫੈਸਰ ਬਲਦੇਵ ਸਿੰਘ ਟੀਟਾ ਨੇ ਵੀ ਕਿਹਾ ਕਿ ਪੂਡਾ ਕਾਲੌਨੀ ਵਿਚ ਹੋਈ ਇਸ ਵਾਰਦਾਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੀ ਹੈਰਾਨੀ ਦੀ ਗੱਲ ਹੈ ਕਿ ਜਿਸ ਦਿਨ ਲੁੱਟ ਦੀ ਵਾਰਦਾਤ ਹੋਈ ਉਸਤੋਂ ਡੇਢ ਘੰਟਾ ਪਹਿਲਾਂ ਹੀ ਇੱਥੇ 100 ਮੀਟਰ ਦੀ ਦੂਰੀ ’ਤੇ ਵਿਧਾਇਕ ਚੀਮਾ ਦੇ ਘਰ ਪੰਜਾਬ ਦੇ ਗ੍ਰਹਿ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਮੀਟਿੰਗ ਕਰਕੇ ਗਏ ਹਨ, ਜਿਸ ਕਾਰਨ ਸਮੁੱਚੀ ਪੁਡਾ ਕਾਲੋਨੀ ਦੀਆਂ ਸੜਕਾਂ ’ਤੇ ਪੁਲਸ ਦੇ ਬੈਰੀਕੇਡ ਲੱਗੇ ਹੋਏ ਸਨ ਪਰ ਫਿਰ ਵੀ ਲੁਟੇਰੇ ਬੇਖੌਫ ਹੋ ਕੇ ਕਿਵੇਂ ਲੁੱਟ ਕੇ ਨਿੱਕਲ ਗਏ।

ਲੁਟੇਰੇ ਜਲਦੀ ਹੋਣਗੇ ਗ੍ਰਿਫਤਾਰ : ਡੀ. ਐੱਸ. ਪੀ.
ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਲੁਟੇਰਾ ਗਿਰੋਹ ਦੇ ਸੁਰਾਗ ਲਗਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ ਅਤੇ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਬਹੁਤ ਜਲਦੀ ਹੀ ਸਾਰੇ ਲੁਟੇਰੇ ਜੇਲ੍ਹ ਭੇਜੇ ਜਾਣਗੇ।

ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News