ਲੋਕ ਸਭਾ ਚੋਣਾਂ : ਨਾਮਜ਼ਦਗੀਆਂ ਦੇ ਤੀਜੇ ਦਿਨ ਖੁਸ਼ੀ ਰਾਮ ਨੇ ਭਰਿਆ ਨਾਮਜ਼ਦਗੀ ਪੱਤਰ
Wednesday, Apr 24, 2019 - 06:23 PM (IST)
ਹੁਸ਼ਿਆਰਪੁਰ (ਅਮਰੀਕ, ਘੁੰਮਣ)— ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਲਈ ਹਰ ਸਿਆਸੀ ਪਾਰਟੀਆਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਡੈਮੋਕ੍ਰੇਟਿਕ ਪਾਰਟੀ ਵੱਲੋਂ ਹਲਕਾ ਹੁਸ਼ਿਆਰਪੁਰ ਲਈ ਬਸਪਾ ਦੇ ਉਮੀਦਵਾਰ ਖੁਸ਼ੀਰਾਮ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਖੁਸ਼ੀ ਰਾਮ ਨੇ ਅੱਜ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਇਥੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 70 ਸਾਲਾਂ ਤੱਕ ਦੇਸ਼ ਦੀ ਸੱਤਾ 'ਚ ਰਹਿਣ ਵਾਲੀ ਕਾਂਗਰਸ ਅਤੇ ਭਾਜਪਾ ਨੇ ਲੋਕਾਂ ਨੂੰ ਲੁੱਟਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਭੈਣ ਮਾਇਆਵਤੀ ਦੀ ਅਗਵਾਈ 'ਚ ਦੇਸ਼ 'ਚ ਬਸਪਾ ਦੀ ਸਰਕਾਰ ਬਣੇਗੀ ਅਤੇ ਮਾਇਆਵਤੀ ਪ੍ਰਧਾਨ ਮੰਤਰੀ ਬਣੇਗੀ।
ਜਾਣਕਾਰੀ ਦਿੰਦੇ ਜ਼ਿਲਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫਸਰ ਈਸ਼ਾ ਕਾਲੀਆ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ 22 ਅਪ੍ਰੈਲ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅੱਜ ਤੀਜੇ ਦਿਨ ਅੱਜ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਕਾਗਜ਼ ਭਰਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 2 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਭਰੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ 29 ਅਪ੍ਰੈਲ ਤੱਕ ਰੋਜ਼ਾਨਾ ਕੰਮਕਾਜ ਵਾਲੇ ਦਿਨ 11 ਤੋਂ 3 ਵਜੇ ਤੱਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 107 (ਕੋਰਟ ਰੂਮ) ਵਿਖੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਜਾ ਸਕਦੇ ਹਨ। ਨਾਮਜ਼ਦਗੀ ਦੌਰਾਨ ਉਮੀਦਵਾਰ ਤੋਂ ਇਲਾਵਾ ਉਨ੍ਹਾਂ ਨਾਲ ਚਾਰ ਵਿਅਕਤੀ ਹੀ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਕਮਰੇ ਅੰਦਰ ਆ ਸਕਦੇ ਹਨ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 30 ਅਪ੍ਰੈਲ ਨੂੰ ਹੋਵੇਗੀ, ਜਦਕਿ 2 ਮਈ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ। 19 ਮਈ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ, ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਵਿਚ 9 ਵਿਧਾਨ ਸਭਾ ਇਲਾਕੇ ਆਉਂਦੇ ਹਨ ਅਤੇ ਕਰੀਬ 16 ਲੱਖ ਵੋਟਰਾਂ ਵੱਲੋਂ 1911 ਪੋਲਿੰਗ ਬੂਥਾਂ 'ਤੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਾਵੇਗੀ।