ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਰੇਹੜੀਆਂ ਵਾਲਿਆਂ ਵੱਲੋਂ ਸ਼ਰੇਆਮ ਪਿਲਾਈ ਜਾ ਰਹੀ ਹੈ ਸ਼ਰਾਬ
Monday, May 05, 2025 - 03:28 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਸੜਕ ਦੇ ਦੋਵੇਂ ਪਾਸੇ ਲੱਗੀਆਂ ਰੇਹੜੀਆਂ ਵਾਲਿਆਂ ਵੱਲੋਂ ਸ਼ਰੇਆਮ ਲੋਕਾਂ ਨੂੰ ਸ਼ਰਾਬ ਪਿਲਾਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਭਾਵੇਂ ਬੀਤੇ ਦਿਨੀਂ ਐਕਸਾਈਜ਼ ਵਿਭਾਗ ਵੱਲੋਂ ਇਕ ਰੇਹੜੀ ਵਾਲੇ ਉੱਪਰ ਨਿਗੁਣੀ ਜਿਹੀ ਕਾਰਵਾਈ ਕੀਤੀ ਗਈ ਸੀ ਪਰ ਉਹ ਕਾਰਵਾਈ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੀ ਸਾਬਤ ਹੋਈ ਕਿਉਂਕਿ ਇਨ੍ਹਾਂ ਰੇਹੜੀਆਂ 'ਤੇ ਇਕ ਦਿਨ ਲਈ ਵੀ ਸ਼ਰਾਬ ਦਾ ਕੰਮ ਬੰਦ ਨਹੀਂ ਹੋਇਆ ਸਗੋਂ ਉਲਟਾ ਸ਼ਾਮ ਢਲਦੇ ਹੀ ਇਨ੍ਹਾਂ ਰੇਹੜੀਆਂ ਦੇ ਉੱਪਰ ਪਿਆਕੜਾਂ ਦੀਆਂ ਲਾਈਨਾਂ ਲੱਗਣੀਆਂ ਉਸੇ ਤਰ੍ਹਾਂ ਜਾਰੀ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਸਥਿਤ ਐੱਚ. ਡੀ. ਐੱਫ਼. ਸੀ. ਬੈਂਕ ਦੇ ਨਾਲ ਅਤੇ ਉਸ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਦੇ ਉੱਪਰ ਲੱਗਦੀਆਂ ਰੇਹੜੀਆਂ ਵਾਲਿਆਂ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਲੋਕਾਂ ਨੂੰ ਮਾਸ ਖਵਾਉਣ ਅਤੇ ਸ਼ਰਾਬ ਪਿਲਾਉਣ ਦਾ ਧੰਦਾ ਕੀਤਾ ਜਾ ਰਿਹਾ ਹੈ ਅਤੇ ਇਸ ਗੈਰ ਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਵਿਚ ਜਿੱਥੇ ਐਕਸਾਈਜ਼ ਵਿਭਾਗ ਫੇਲ ਸਾਬਤ ਹੋਇਆ ਹੈ, ਉੱਥੇ ਹੀ ਸਥਾਨਕ ਪ੍ਰਸ਼ਾਸਨ ਵੀ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਮਹਿਲਾ ਦੇ ਕਤਲ ਮਾਮਲੇ 'ਚ B-Tech ਦਾ ਵਿਦਿਆਰਥੀ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਬੀਤੇ ਦਿਨੀਂ ਜਦੋਂ ਪੱਤਰਕਾਰਾਂ ਨੂੰ ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਨਿਗੁਣੀ ਜਿਹੀ ਕਾਰਵਾਈ ਸਬੰਧੀ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਛਾਪੇਮਾਰੀ ਕਰਨ ਆਈ ਟੀਮ ਮੈਂਬਰ ਦੇ ਮੋਬਾਇਲ 'ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੇ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਇਹ ਨਿਗੁਣੀ ਜਿਹੀ ਕਾਰਵਾਈ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਨਾ ਦੇਣ ਤੋਂ ਸਾਫ ਪਤਾ ਚੱਲਦਾ ਹੈ ਕਿ ਸ਼ਰੇਆਮ ਚੱਲ ਰਹੇ ਇਹ ਗੈਰ ਕਾਨੂੰਨੀ ਕੰਮ ਮਿਲੀਭੁਗਤ ਤੋਂ ਬਗੈਰ ਸੰਭਵ ਨਹੀਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਖ਼ਤ ਹੁਕਮ ਹੋ ਗਏ ਜਾਰੀ
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਸੜਕ 'ਤੇ ਸ਼ਰਾਬ ਪਿਲਾਉਣ ਦੇ ਚੱਲ ਰਹੇ ਇਸ ਗੈਰ ਕਾਨੂੰਨੀ ਧੰਦੇ ਕਾਰਨ ਇੱਥੇ ਹਰ ਸਮੇਂ ਲੜਾਈ-ਝਗੜੇ ਹੋਣ ਦੀਆਂ ਖ਼ਬਰਾਂ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਪਰ ਫਿਰ ਵੀ ਸਥਾਨਕ ਪ੍ਰਸ਼ਾਸਨ ਇਹਨਾਂ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕਰਦਾ। ਇਸ ਤੋਂ ਇਲਾਵਾ ਇਹ ਰੇਹਡ਼ੀਆਂ ਵਾਲੇ ਸ਼ਰਾਬ ਪੀਣ ਵਾਲਿਆਂ ਨੂੰ ਜਿਹੜਾ ਚਿਕਨ ਅਤੇ ਮੀਟ ਖਵਾਉਂਦੇ ਹਨ ਉਸ ਦੀ ਜਾਂਚ ਕਰਨ ਲਈ ਕਦੇ ਵੀ ਸਿਹਤ ਵਿਭਾਗ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਚਿਕਨ ਅਤੇ ਮੀਟ ਨੂੰ ਜਲਦੀ ਗਲਾਉਣ ਲਈ ਤੇਜ਼ਾਬ ਦੀ ਵਰਤੋਂ ਕਰਨ ਦੀਆਂ ਸ਼ਿਕਾਇਤਾਂ ਵੀ ਲੋਕਾਂ ਵੱਲੋਂ ਆਮ ਹੀ ਕੀਤੀਆਂ ਜਾਂਦੀਆਂ ਹਨ। ਜਿੱਥੇ ਇਹ ਲੋਕ ਮੁੱਖ ਸਡ਼ਕ ਦੇ ਉੱਪਰ ਬੈਠ ਕੇ ਇਸ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦੇ ਰਹੇ ਹਨ ਉੱਥੇ ਹੀ ਘਟੀਆ ਅਤੇ ਗੈਰ ਮਿਆਰੀ ਚੀਜ਼ਾਂ ਵਰਤ ਕੇ ਲੋਕਾਂ ਦੀਆਂ ਜਾਨਾਂ ਨਾਲ ਵੀ ਖਿਲਵਾਡ਼ ਕਰ ਰਹੇ ਹਨ ਪਰ ਸਾਰਾ ਕੁਝ ਵੇਖਦੇ ਹੋਏ ਵੀ ਸਿਹਤ ਵਿਭਾਗ, ਐਕਸਾਈਜ਼ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ: ਜਲੰਧਰ ਦਾ ਇਹ ਰਸਤਾ ਹੋ ਗਿਆ ਬੰਦ! ਲੋਕਾਂ ਲਈ ਖੜ੍ਹੀ ਹੋ ਰਹੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e