ਨਵੇਂ ਗਰੁੱਪਾਂ ਦੀ ਐਂਟਰੀ ਨਾਲ ਟੁੱਟੇ ਸ਼ਰਾਬ ਦੇ ਠੇਕੇ, ਉਮੀਦ ਤੋਂ ਸਸਤੀ ਮਿਲੀ ਸ਼ਰਾਬ

04/01/2023 4:56:29 PM

ਜਲੰਧਰ (ਪੁਨੀਤ)–ਨਵੇਂ ਠੇਕੇਦਾਰਾਂ ਦੀ ਜਲੰਧਰ ਦੇ ਕਈ ਗਰੁੱਪਾਂ ਵਿਚ ਐਂਟਰੀ ਹੋਣ ਨਾਲ ਸ਼ਰਾਬ ਦੇ ਠੇਕੇ ਟੁੱਟ ਗਏ, ਜਿਸ ਨਾਲ ਖ਼ਪਤਕਾਰਾਂ ਨੂੰ ਉਮੀਦ ਤੋਂ ਸਸਤੀ ਸ਼ਰਾਬ ਮੁਹੱਈਆ ਹੋ ਸਕੀ। ਇਸ ਵਿਚ ਮੁੱਖ ਰੂਪ ਵਿਚ ਲੰਮਾ ਪਿੰਡ ਗਰੁੱਪ ਅਧੀਨ ਠੇਕਿਆਂ ’ਤੇ ਸ਼ਰਾਬ ਸਸਤੀ ਹੋਣ ਕਰਕੇ ਖ਼ਪਤਕਾਰਾਂ ਦੀ ਭਾਰੀ ਭੀੜ ਲੱਗੀ ਨਜ਼ਰ ਆਈ। ਇਸ ਵਾਰ ਜਲੰਧਰ ਦੇ 2 ਗਰੁੱਪਾਂ ਵਿਚ ਮੁੱਖ ਰੂਪ ਵਿਚ ਜੋਤੀ ਚੌਂਕ, ਰੇਲਵੇ ਸਟੇਸ਼ਨ, ਮਾਡਲ ਟਾਊਨ, ਬੱਸ ਸਟੈਂਡ ਆਦਿ ਗਰੁੱਪਾਂ ਵਿਚ ਨਵੇਂ ਠੇਕੇਦਾਰਾਂ ਦੀ ਐਂਟਰੀ ਹੋਈ ਹੈ। ਪੁਰਾਣੇ ਠੇਕੇਦਾਰਾਂ ਨੇ ਆਪਣਾ ਸਟਾਕ ਕਲੀਅਰ ਕਰਨ ਲਈ ਕੀਮਤਾਂ ਘਟਾ ਦਿੱਤੀਆਂ। ਇਸ ਲੜੀ ਵਿਚ ਪ੍ਰਤੀ ਬੋਤਲ ਲਗਭਗ 250 ਤੋਂ 300 ਰੁਪਏ ਦੀ ਕਮੀ ਵੇਖਣ ਨੂੰ ਮਿਲੀ। ਅੰਗਰੇਜ਼ੀ ਸ਼ਰਾਬ ਦੀ ਜਿਹੜੀ ਬੋਤਲ 600 ਰੁਪਏ ਵਿਚ ਵੇਚੀ ਜਾਂਦੀ ਹੈ, ਉਹੀ ਬੋਤਲ 300-350 ਰੁਪਏ ਦੇ ਲਗਭਗ ਵਿਕਦੀ ਨਜ਼ਰ ਆਈ।

ਇਹ ਵੀ ਪੜ੍ਹੋ :ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ

ਉਥੇ ਹੀ, ਕਈ ਠੇਕਦਾਰਾਂ ਨੂੰ ਖ਼ਰੀਦ ਮੁੱਲ ਤੋਂ ਘੱਟ ਕੀਮਤ ’ਤੇ ਵਿਕਰੀ ਕਰਨ ਨੂੰ ਮਜਬੂਰ ਹੋਣਾ ਪਿਆ। ਟੁੱਟੇ ਠੇਕਿਆਂ ’ਤੇ ਦੇਸੀ ਸ਼ਰਾਬ ਦੀਆਂ ਕੀਮਤਾਂ ਵਿਚ 70 ਫ਼ੀਸਦੀ ਤੱਕ ਗਿਰਾਵਟ ਵੇਖੀ ਗਈ। ਸ਼ਰਾਬ ਦੀਆਂ ਕੀਮਤਾਂ ਵਿਚ ਸ਼ਾਮ 7 ਵਜੇ ਤੋਂ ਬਾਅਦ ਕਮੀ ਕੀਤੀ ਗਈ। ਰੇਟ ਘਟਣ ਦੀ ਖ਼ਬਰ ਸ਼ਰਾਬ ਦੇ ਸ਼ੌਕੀਨਾਂ ਤੱਕ ਤੇਜ਼ੀ ਨਾਲ ਪਹੁੰਚੀ, ਜਿਸ ਕਾਰਨ ਸਸਤੀ ਸ਼ਰਾਬ ਵਿਕਣ ਵਾਲੇ ਠੇਕਿਆਂ ’ਤੇ ਭਾਰੀ ਭੀੜ ਲੱਗਣ ਲੱਗੀ। ਕਈ ਠੇਕਿਆਂ ’ਤੇ ਕੀਮਤਾਂ ਘਟਣ ਤੋਂ ਬਾਅਦ ਇਕ ਘੰਟੇ ਅੰਦਰ ਠੇਕਾ ਖਾਲੀ ਹੋ ਗਿਆ। ਸਸਤੀ ਸ਼ਰਾਬ ਦੀ ਖ਼ਰੀਦ ਨੂੰ ਲੈ ਕੇ ਕਈ ਠੇਕਿਆਂ ਦੇ ਬਾਹਰ ਲੋਕਾਂ ਵਿਚਕਾਰ ਹੱਥੋਪਾਈ ਤੱਕ ਹੁੰਦੀ ਨਜ਼ਰ ਆਈ। ਉਥੇ ਹੀ, ਕਈ ਥਾਵਾਂ ’ਤੇ ਜੇਬਕਤਰੇ ਵੀ ਐਕਟਿਵ ਰਹੇ, ਜਿਸ ਕਾਰਨ ਕਈ ਲੋਕਾਂ ਦੀਆਂ ਜੇਬਾਂ ਕੱਟੇ ਜਾਣ ਬਾਰੇ ਵੀ ਪਤਾ ਲੱਗਾ ਹੈ।

ਨਵੇਂ ਰੇਟਾਂ ’ਤੇ ਭੰਬਲਭੂਸਾ ਬਰਕਰਾਰ, ਸੋਮਵਾਰ ਤੋਂ ਬਾਅਦ ਨਿਕਲੇਗੀ ਰੇਟ ਲਿਸਟ
ਨਵੀਂ ਐਕਸਾਈਜ਼ ਪਾਲਿਸੀ 1 ਅਪ੍ਰੈਲ ਤੋਂ ਲਾਗੂ ਹੋ ਰਹੀ ਹੈ। ਜਲੰਧਰ ਅਧੀਨ ਕੁੱਲ 20 ਗਰੁੱਪਾਂ ਵਿਚ ਜਲੰਧਰ ਈਸਟ ਦੇ 7, ਵੈਸਟ ਦੇ 7 ਅਤੇ ਵੈਸਟ ਬੀ ਦੇ 6 ਗਰੁੱਪ ਸ਼ਾਮਲ ਹਨ। ਇਨ੍ਹਾਂ ਵਿਚ ਕਈ ਨਵੇਂ ਠੇਕੇਦਾਰਾਂ ਦੇ ਆਉਣ ਕਾਰਨ ਕੀਮਤਾਂ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਨਵੇਂ ਠੇਕੇਦਾਰਾਂ ਨੂੰ ਵਿਕਰੀ ਵਧਾਉਣ ਲਈ ਵਾਜਿਬ ਭਾਅ ਰੱਖਣੇ ਹੋਣਗੇ, ਉਥੇ ਹੀ ਪੁਰਾਣੇ ਠੇਕੇਦਾਰ ਇਲਾਕੇ ਦੇ ਹਿਸਾਬ ਨਾਲ ਆਪਣੇ ਭਾਅ ਨਿਰਧਾਰਿਤ ਕਰਦੇ ਹਨ। ਸੋਮਵਾਰ ਨੂੰ ਨਵੀਂ ਰੇਟ ਲਿਸਟ ਆ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਰੇਟ ਲਿਸਟ ਫਾਈਨਲ ਨਹੀਂ ਹੋ ਸਕੇਗੀ। ਸੋਮਵਾਰ ਤੋਂ ਬਾਅਦ ਨਵੀਂ ਰੇਟ ਲਿਸਟ ਕੱਢੀ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News