ਸੇਵਾ ਕੇਂਦਰਾਂ ''ਚ ਬਣਨਗੇ ਲਰਨਿੰਗ ਲਾਇਸੈਂਸ, ਰਜ਼ੀਆ ਸੁਲਤਾਨਾ ਨੇ ਕੀਤੀ ਸ਼ੁਰੂਆਤ

01/28/2020 1:59:16 PM

ਨਵਾਂਸ਼ਹਿਰ (ਤ੍ਰਿਪਾਠੀ)— ਟਰਾਂਸਪੋਰਟ ਮੰਤਰੀ ਪੰਜਾਬ ਸ਼੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਬੀਤੇ ਦਿਨ ਨਵਾਂਸ਼ਹਿਰ ਦੇ ਸੇਵਾ ਕੇਂਦਰ ਤੋਂ ਪੰਜਾਬ 'ਚ ਸੇਵਾ ਕੇਂਦਰਾਂ ਰਾਹੀਂ ਲਰਨਿੰਗ ਲਾਇਸੈਂਸ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਕੇਵਲ ਟਰਾਂਸਪੋਰਟ ਵਿਭਾਗ ਦੇ ਜ਼ਿਲਿਆਂ 'ਚ ਸਥਿਤ ਦਫ਼ਤਰਾਂ ਅਤੇ ਐੱਸ. ਡੀ. ਐੱਮ. ਦਫਤਰਾਂ ਤੋਂ ਹੀ ਲਰਨਿੰਗ ਲਾਇਸੈਂਸ ਬਣਦੇ ਸਨ, ਜਿਸ ਕਾਰਨ ਨੌਜਵਾਨਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਹੁਣ ਤੋਂ ਰਾਜ ਦੇ ਸਾਰੇ 515 ਸੇਵਾ ਕੇਂਦਰਾਂ 'ਚ ਵੀ ਲਰਨਿੰਗ ਲਾਇਸੈਂਸ ਬਣਾਉਣ ਦੀ ਅਰਜ਼ੀ ਦਿੱਤੀ ਜਾ ਸਕੇਗੀ। ਇਸ ਮੌਕੇ ਪਹਿਲੇ ਪੰਜ ਬਿਨੇਕਾਰਾਂ ਨੂੰ ਲਰਨਿੰਗ ਲਾਇਸੈਂਸ ਜਾਰੀ ਵੀ ਕੀਤੇ ਗਏ। ਉਨ੍ਹਾਂ ਨਾਲ ਇਸ ਮੌਕੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਅਤੇ ਐੱਸ. ਐੱਸ. ਪੀ. ਅਲਕਾ ਮੀਨਾ ਵੀ ਮੌਜੂਦ ਸਨ।

ਲਰਨਿੰਗ ਲਾਇਸੈਂਸ ਸੇਵਾ ਦਾ ਉਦਘਾਟਨ ਕਰਨ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਵੱਲੋਂ ਪੁਰਾਣੇ ਡੀ. ਸੀ. ਦਫਤਰ 'ਚ ਮੌਜੂਦ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੇ ਬੁੱਤ 'ਤੇ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਸੁਮਨ ਵੀ ਭੇਟ ਕੀਤੇ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ 'ਚ ਹਰ ਸਾਲ 5.57 ਲੱਖ ਲਰਨਿੰਗ ਲਾਇਸੈਂਸ ਅਤੇ 8.54 ਲੱਖ ਪੱਕੇ ਲਾਇਸੈਂਸ ਬਣਦੇ ਹਨ।

ਲਰਨਿੰਗ ਤੋਂ ਪੱਕਾ ਲਾਇਸੈਂਸ ਬਣਵਾਉਣ ਲਈ ਪ੍ਰਾਰਥੀ ਨੂੰ ਡਰਾਈਵਿੰਗ ਟਰੈਕ 'ਤੇ ਟੈਸਟ ਪਾਸ ਕਰਨਾ ਪੈਂਦਾ ਹੈ, ਜਿਸ ਲਈ ਰਾਜ ਵਿਚ 32 ਟਰੈਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਲੋਕ ਹਿੱਤ 'ਚ ਇਸ ਨੂੰ ਸਮੁੱਚੇ ਪੰਜਾਬ 'ਚ ਤੁਰੰਤ ਲਾਗੂ ਕਰਨ 'ਤੇ ਮੋਹਰ ਲਾ ਦਿੱਤੀ ਗਈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਮਿੰਨੀ ਬੱਸਾਂ ਦੇ ਪਰਮਿਟ ਲੈਣ 'ਤੇ ਕੋਈ ਰੋਕ ਨਹੀਂ ਅਤੇ ਕੋਈ ਵੀ ਰੋਜ਼ਗਾਰ ਦਾ ਚਾਹਵਾਨ ਮਿੰਨੀ ਬੱਸ ਲਈ ਟਰਾਂਸਪੋਰਟ ਵਿਭਾਗ ਕੋਲ ਪਰਮਿਟ ਲਈ ਬਿਨੇ ਕਰ ਸਕਦਾ ਹੈ।

ਇਸ ਮੌਕੇ ਨਵਾਂਸ਼ਹਿਰ ਦੇ ਐੱਸ. ਡੀ. ਐੱਮ. ਜਗਦੀਸ਼ ਸਿੰਘ ਜੌਹਲ, ਮਨਜਿੰਦਰ ਸਿੰਘ ਟੈਕਨੀਕਲ ਡਾਇਰੈਕਟਰ ਐੱਨ. ਆਈ. ਸੀ. ਪੰਜਾਬ, ਮਨਜੀਤ ਸਿੰਘ ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਅਤੇ ਐੱਨ.ਆਈ.ਸੀ. ਦੇ ਪ੍ਰੋਗਰਾਮਰ ਮੋਹਿਤ ਜੋਸ਼ੀ ਅਤੇ ਅਤਿੰਦਰ ਸਿੰਘ ਪ੍ਰੋਗਰਾਮਰ ਤੋਂ ਇਲਾਵਾ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਸ਼੍ਰੀਮਤੀ ਜਤਿੰਦਰ ਕੌਰ ਅਤੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ। ਇਸ ਮੌਕੇ ਜ਼ਿਲਾ ਈ ਗਵਰਨੈਂਸ ਕੋਆਰਡੀਨੇਟਰ ਕਮਲ ਕੁਮਾਰ ਅਤੇ ਸੇਵਾ ਕੇਂਦਰ ਦੇ ਜ਼ਿਲਾ ਮੈਨੇਜਰ ਸਰਬਜੀਤ ਸਿੰਘ ਵੀ ਮੌਜੂਦ ਸਨ।


shivani attri

Content Editor

Related News