ਮੁੱਖ ਮੰਤਰੀ ਚੰਨੀ ਦੀ ਗੈਰਹਾਜ਼ਰੀ ਤੋਂ ਨਾਰਾਜ਼ ਲਤੀਫ਼ਪੁਰਾ ਵਾਸੀਆਂ ਨੇ ਬੂਟਾ ਮੰਡੀ ਰੋਡ ’ਤੇ ਲਾਇਆ ਧਰਨਾ
Saturday, Dec 18, 2021 - 04:37 PM (IST)
ਜਲੰਧਰ (ਚੋਪੜਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਆਪਣਾ ਦੁੱਖੜਾ ਸੁਣਾਉਣ ਦੀ ਆਸ ਵਿਚ ਬੈਠੇ ਲਤੀਫ਼ਪੁਰਾ ਵਾਸੀ ਉਸ ਵੇਲੇ ਭੜਕ ਉੱਠੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਚੰਨੀ ਰੈਲੀ ਵਾਲੀ ਥਾਂ ਤੋਂ ਚੰਡੀਗੜ੍ਹ ਪਰਤ ਆਏ ਹਨ, ਜਿਸ ਕਾਰਨ ਬੀਤੇ ਦਿਨ ਵੱਡੀ ਗਿਣਤੀ ਵਿਚ ਲਤੀਫ਼ਪੁਰਾ ਵਾਸੀਆਂ ਨੇ ਬੂਟਾ ਮੰਡੀ ਨੇੜੇ ਨਗਰ ਸੁਧਾਰ ਟਰੱਸਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਭੂ-ਮਾਫ਼ੀਆ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਮਕਾਨ ਢਾਹੁਣ ਦੀ ਕੋਸ਼ਿਸ਼ ਕਰ ਰਿਹਾ ਹੈ।
ਧਰਨਾਕਾਰੀਆਂ ਵਿਚ ਮੰਗਾ ਸਿੰਘ, ਕੁਲਵੰਤ ਸਿੰਘ, ਕਸ਼ਮੀਰ ਸਿੰਘ, ਮਹਿੰਗਾ ਸਿੰਘ, ਮਹਿੰਦਰ ਸਿੰਘ ਬਾਜਵਾ, ਦਵਿੰਦਰ ਸਿੰਘ, ਹਰਜੀਤ ਕੌਰ, ਜੋਜੀ, ਬਲਜਿੰਦਰ ਕੌਰ, ਹਰਭਜਨ ਕੌਰ, ਮਨਪ੍ਰੀਤ ਕੌਰ, ਜਿੰਦਰ ਕੌਰ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ ਬਾਜਵਾ, ਬਲਜੀਤ ਕੌਰ, ਮਨਜੀਤ ਸਿੰਘ ਆਦਿ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਭੂ-ਮਾਫੀਆ ਨੂੰ ਸ਼ਹਿ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਮਜ਼ਦੂਰੀ ਕੀਤੀ, ਗਊਆਂ ਚਰਾਈਆਂ, ਪੈਟਰੋਲ ਪੰਪ ’ਤੇ ਕੰਮ ਕੀਤਾ, ਲੱਗਦਾ ਹੈ ਕਿ ਉਹ ਲੋਕਾਂ ਨੂੰ ਧੋਖਾ ਵੀ ਦਿੰਦੇ ਰਹੇ ਹਨ। ਅੱਜ ਮੁੱਖ ਮੰਤਰੀ ਦੀ ਆਮਦ ’ਤੇ ਜਦੋਂ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਲੈ ਕੇ ਧਰਨਾ ਦੇਣ ਦਾ ਉਨ੍ਹਾਂ ਨੇ ਐਲਾਨ ਕੀਤਾ ਤਾਂ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੇ 5 ਮੈਂਬਰਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਉਹ ਸਾਡੇ ਲੋਕਾਂ ਨੂੰ ਇਧਰ-ਉਧਰ ਭਜਾਉਂਦੇ ਰਹੇ ਅਤੇ ਬਾਅਦ ਵਿਚ ਕਹਿ ਦਿੱਤਾ ਕਿ ਮੁੱਖ ਮੰਤਰੀ ਵਾਪਸ ਚਲੇ ਗਏ ਹਨ, ਜਿਸ ’ਤੇ ਲੋਕਾਂ ਨੇ ਸੜਕ ਦੇ ਵਿਚਕਾਰ ਬੈਠ ਕੇ ਆਵਾਜਾਈ ਠੱਪ ਕਰ ਦਿੱਤੀ।
ਇਹ ਵੀ ਪੜ੍ਹੋ: ਨਵੇਂ ਸਾਲ ਤੋਂ ਜਲੰਧਰ ਤੋਂ ਨਕੋਦਰ ਤੇ ਲੋਹੀਆਂ ਰੇਲ ਸੈਕਸ਼ਨ ’ਤੇ ਦੌੜਨਗੀਆਂ ਇਲੈਕਟ੍ਰਿਕ ਟਰੇਨਾਂ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਆਜ਼ਾਦੀ ਤੋਂ ਬਾਅਦ ਤੋਂ ਹੀ ਲਤੀਫ਼ਪੁਰਾ ਵਿਚ ਰਹਿ ਰਹੇ ਹਨ। ਉਨ੍ਹਾਂ ਕੋਲ ਇੱਥੇ ਰਹਿਣ ਸਬੰਧੀ ਸਾਰੇ ਸਰਟੀਫਿਕੇਟ ਮੌਜੂਦ ਹਨ ਪਰ ਇੰਪਰੂਵਮੈਂਟ ਟਰੱਸਟ ਭੂ-ਮਾਫੀਆ ਤੇ ਕੁਝ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਸਾਨੂੰ ਗਰੀਬ ਲੋਕਾਂ ਨੂੰ ਬੇਘਰੇ ਕਰਨਾ ਚਾਹੁੰਦਾ ਹੈ। ਲੋਕਾਂ ਨੇ ਦੱਸਿਆ ਕਿ ਲਤੀਫਪੁਰਾ ਦੀ ਕੁੱਲ ਜ਼ਮੀਨ ਦਾ ਰਕਬਾ 27 ਕਨਾਲ 5 ਮਰਲੇ ਹੈ, ਜਿਸ ਵਿਚੋਂ 16 ਕਨਾਲ 8 ਮਰਲੇ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਸੀ ਅਤੇ ਟਰੱਸਟ ਨੇ ਇਸ ਜ਼ਮੀਨ ’ਤੇ ਪਲਾਟ ਕੱਟ ਕੇ ਵੇਚ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਾਕੀ 10 ਕਨਾਲ 17 ਮਰਲੇ ਜ਼ਮੀਨ ਦੀ ਮਾਲਕੀ ਕ੍ਰਿਸ਼ਨਾ ਦੇਵੀ ਪਤਨੀ ਗਿਆਨ ਪ੍ਰਕਾਸ਼ ਅਤੇ ਹੋਰਨਾਂ ਦੀ ਹੈ ਅਤੇ ਇਸ ਜ਼ਮੀਨ ’ਤੇ ਕਰੀਬ 110 ਘਰ ਬਣੇ ਹੋਏ ਹਨ, ਜੋ ਪਿਛਲੇ 70 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇਹ ਸਾਰੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਇੱਥੋਂ ਦੇ ਵਸਨੀਕ ਟਰੱਸਟ ਤੋਂ ਮਾਲੀਆ ਵਿਭਾਗ ਵੱਲੋਂ ਨਿਸ਼ਾਨਦੇਹੀ ਕਰਵਾਉਣ ਦੀ ਗੱਲ ਕਰਦੇ ਹਨ ਤਾਂ ਕਿ ਸਾਰੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਮਾਣਯੋਗ ਜ਼ਿਲਾ ਅਦਾਲਤ ’ਚ ਚੱਲ ਰਹੇ ਇਕ ਕੇਸ ਵਿਚ ਜੇਕਰ ਟਰੱਸਟ ਤੋਂ ਜ਼ਮੀਨ ਦੇ ਐਵਾਰਡ ਅਤੇ ਨੋਟੀਫਿਕੇਸ਼ਨ ਦੀ ਕਾਪੀ ਦੀ ਮੰਗੀ ਜਾਂਦੀ ਹੈ ਤਾਂ ਅਧਿਕਾਰੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਰਹੇ ਹਨ ਪਰ ਟਰੱਸਟ ਇਕ ਵਾਰ ਫਿਰ ਤੋਂ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਉਨ੍ਹਾਂ ਦੇ ਮਕਾਨ ਢਾਹ ਕੇ ਉਕਤ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਧਰਨਾਕਾਰੀਆਂ ਨੇ ਟਰੱਸਟ ਚੇਅਰਮੈਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਘਰ ਉਜਾੜਨ ਦੀ ਕੋਈ ਕੋਸ਼ਿਸ਼ ਹੋਈ ਤਾਂ ਉਹ ਬੱਚਿਆਂ ਸਮੇਤ ਆਪਣੇ ਆਪ ’ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰ ਲੈਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਆਖ਼ਰਕਾਰ ਲੰਮੇ ਧਰਨੇ ਤੋਂ ਬਾਅਦ ਡੀ. ਸੀ. ਪੀ. ਪੱਧਰ ਦੇ ਅਧਿਕਾਰੀ ਨੇ ਅਗਲੇ 3-4 ਦਿਨਾਂ ’ਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ।
ਇਹ ਵੀ ਪੜ੍ਹੋ: 20 ਦਸੰਬਰ ਤੋਂ ਕਿਸਾਨ ਛੇੜਨਗੇ ਰੇਲ ਰੋਕੋ ਮੁਹਿੰਮ, ਪੰਜਾਬ ’ਚ ਉਦਯੋਗਾਂ ਨੂੰ ਚੁੱਕਣਾ ਪੈ ਸਕਦੈ ਨੁਕਸਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ