ਖਸਰਾ ਨੰਬਰ ਬਦਲ ਕੇ ਮਕਾਨ ਖਰੀਦਣ ਤੋਂ ਬਾਅਦ ਔਰਤ ਨੂੰ ਵੇਚਿਆ, ਇਕ ਗ੍ਰਿਫ਼ਤਾਰ
Thursday, Sep 08, 2022 - 03:27 PM (IST)

ਜਲੰਧਰ (ਵਰੁਣ)–ਖਸਰਾ ਨੰਬਰ ਬਦਲ ਕੇ ਗੁਆਂਢੀ ਦਾ ਮਕਾਨ ਖਰੀਦ ਕੇ ਕਿਸੇ ਦੂਜੀ ਔਰਤ ਨੂੰ ਵੇਚ ਕੇ ਫਰਾਡ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਕਾਲੋਨਾਈਜ਼ਰ ਰਾਜਿੰਦਰ ਸਿੰਘ ਸਮੇਤ ਕੁਲ 4 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕਾਲੋਨਾਈਜ਼ਰ ਅਤੇ ਗ੍ਰਿਫ਼ਤਾਰ ਹੋਏ ਮੁਲਜ਼ਮ ਦਾ ਭਰਾ ਪਹਿਲਾਂ ਤੋਂ ਹੀ ਜਾਂਚ ’ਚ ਸ਼ਾਮਲ ਹਨ ਪਰ ਮਕਾਨ ਖਰੀਦਣ ਵਾਲੀ ਔਰਤ ਅਜੇ ਫ਼ਰਾਰ ਹੈ। ਥਾਣਾ ਨਵੀਂ ਬਾਰਾਦਰੀ ਦੇ ਏ. ਐੱਸ. ਆਈ. ਬਲਕਰਨ ਸਿੰਘ ਨੇ ਦੱਸਿਆ ਕਿ ਪ੍ਰਿੰਸ ਅਰੋੜਾ ਪੁੱਤਰ ਪ੍ਰਦੀਪ ਅਰੋੜਾ ਨਿਊ ਹਰਬੰਸ ਨਗਰ ਨੇ 2009 ਵਿਚ ਗ੍ਰੀਨ ਐਵੇਨਿਊ, ਕਾਲਾ ਸੰਘਿਆਂ ਰੋਡ ’ਤੇ 5 ਮਰਲੇ 149 ਸਕੇਅਰ ਫੁੱਟ ਦਾ ਇਕ ਮਕਾਨ ਖਰੀਦਿਆ ਸੀ। ਪ੍ਰਿੰਸ ਆਪਣੇ ਪਰਿਵਾਰ ਸਮੇਤ ਨਿਊ ਹਰਬੰਸ ਨਗਰ ਵਿਚ ਰਹਿੰਦਾ ਸੀ ਪਰ ਕਦੇ-ਕਦਾਈਂ ਸਾਫ-ਸਫਾਈ ਕਰਵਾਉਣ ਲਈ ਗ੍ਰੀਨ ਐਵੇਨਿਊ ਵਿਚ ਖਰੀਦੇ ਗਏ ਮਕਾਨ ਵਿਚ ਆਉਂਦਾ ਸੀ। ਪ੍ਰਿੰਸ ਅਰੋੜਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਵਿਨੇ ਯਾਦਵ ਪੁੱਤਰ ਵਿਜੇ ਯਾਦਵ ਵਾਸੀ ਗ੍ਰੀਨ ਐਵੇਨਿਊ ਨੇ ਉਸ ਦੇ ਮਕਾਨ ’ਤੇ ਕਬਜ਼ਾ ਕਰ ਲਿਆ ਹੈ।
ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕਾਲੋਨਾਈਜ਼ਰ ਰਾਜਿੰਦਰ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਨਿਊ ਗੀਤਾ ਕਾਲੋਨੀ ਨੇ ਨਿਊ ਗੀਤਾ ਕਾਲੋਨੀ ’ਚ ਸਥਿਤ ਆਪਣੀ ਜ਼ਮੀਨ ਦੇ ਖਸਰਾ ਨੰਬਰ ਪ੍ਰਿੰਸ ਅਰੋੜਾ ਦੇ ਮਕਾਨ ’ਚ ਸ਼ੋਅ ਕਰਵਾ ਦਿੱਤੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ 5.13 ਲੱਖ ’ਚ ਉਕਤ ਮਕਾਨ ਵਿਨੇ ਯਾਦਵ ਦੇ ਨਾਂ ਕਰ ਦਿੱਤਾ। 18 ਮਾਰਚ 2021 ਨੂੰ ਵਿਨੇ ਯਾਦਵ ਨੇ ਉਸੇ ਮਕਾਨ ਨੂੰ 15.30 ਲੱਖ ਵਿਚ ਗੀਤਾ ਲੂਥਰਾ ਪਤਨੀ ਰਾਜਿੰਦਰ ਲੂਥਰਾ ਵਾਸੀ ਕਰਤਾਰ ਨਗਰ ਨੂੰ ਵੇਚ ਦਿੱਤਾ। ਜਾਂਚ ਵਿਚ ਇਹ ਵੀ ਪਾਇਆ ਗਿਆ ਕਿ ਇਸ ਫਰਾਡ ’ਚ ਵਿਨੇ ਯਾਦਵ ਦਾ ਭਰਾ ਸਾਜਨ ਯਾਦਵ ਸ਼ਾਮਲ ਸੀ। 17 ਜੂਨ 2022 ਨੂੰ ਵਿਨੇ ਯਾਦਵ, ਕਾਲੋਨਾਈਜ਼ਰਜ਼ ਰਾਜਿੰਦਰ ਸਿੰਘ, ਗੀਤਾ ਲੂਥਰਾ ਅਤੇ ਸਾਜਨ ਯਾਦਵ ਦੇ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ’ਚ ਧੋਖਾਦੇਹੀ ਦਾ ਕੇਸ ਦਰਜ ਹੋ ਗਿਆ। ਏ. ਐੱਸ. ਆਈ. ਬਲਕਰਨ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ ਅਤੇ ਸਾਜਨ ਯਾਦਵ ਜਾਂਚ ਵਿਚ ਸ਼ਾਮਲ ਹੋ ਚੁੱਕੇ ਸਨ, ਜਦਕਿ ਵਿਨੇ ਵੀ ਜਾਂਚ ’ਚ ਸ਼ਾਮਲ ਹੋਇਆ ਸੀ ਪਰ ਉਸ ਨੂੰ ਰੈਗੂਲਰ ਬੇਲ ਨਹੀਂ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਟਰੈਪ ਲਗਾ ਕੇ ਵਿਨੇ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਗੀਤਾ ਲੂਥਰਾ ਅਜੇ ਫ਼ਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।