ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਮਹਾਮਾਰੀ ਨੇ ਲਈ ਇੱਕ ਹੋਰ ਜਾਨ

07/16/2020 11:12:40 PM

ਕਪੂਰਥਲਾ,(ਮਹਾਜਨ)-ਕੋਰੋਨਾ ਮਹਾਮਾਰੀ ਦਿਨ-ਬ-ਦਿਨ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ, ਜਿਸ ਤੋਂ ਹੁਣ ਜ਼ਿਲ੍ਹਾ ਕਪੂਰਥਲਾ ਵੀ ਬਚਿਆ ਨਹੀ ਹੈ। ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚੋਂ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਣ ਤੋਂ ਬਾਅਦ ਹੁਣ ਦੇਸ਼ ਦੀ ਪ੍ਰਮੁੱਖ ਰੇਲ ਕੋਚ ਫੈਕਟਰੀ ਖੇਤਰ 'ਚ ਦੋ ਕੋਰੋਨਾ ਪਾਜ਼ੇਟਿਵ ਕੇਸ ਆਉਣ 'ਤੇ ਸ਼ਹਿਰ ਦੇ ਨਾਲ-ਨਾਲ ਆਰ. ਸੀ. ਐਫ. ਤੇ ਆਸ-ਪਾਸ ਖੇਤਰ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ, ਉੱਥੇ ਹੀ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਪਾਏ ਗਏ, ਇਕ ਵਿਅਕਤੀ ਦੀ ਸਿਵਲ ਹਸਪਤਾਲ ਜਲੰਧਰ ਵਿਖੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦੇ ਕਾਰਨ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਇੱਕ 65 ਸਾਲਾ ਵਿਅਕਤੀ ਦੀ ਜਲੰਧਰ ਦੇ ਸਿਵਲ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਹ ਡਾਇਲਸਿਸ ਕਰਵਾ ਰਿਹਾ ਸੀ। 14 ਜੁਲਾਈ ਨੂੰ ਉਕਤ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਜ਼ਿਲ੍ਹੇ 'ਚ ਵੀਰਵਾਰ ਨੂੰ 5 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ 'ਚ ਇੱਕ 29 ਸਾਲਾ ਲੜਕੀ ਜੋ ਕਿ ਮੁੱਹਲਾ ਸੰਤਪੁਰਾ ਕਪੂਰਥਲਾ ਦੀ ਵਸਨੀਕ ਹੈ ਤੇ ਆਰ.ਟੀ.ਓ ਦਫਤਰ ਜਲੰਧਰ ਵਿਖੇ ਕੰਮ ਕਰਦੀ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਇਸੇ ਤਰ੍ਹਾਂ ਰੇਲ ਕੋਚ ਫੈਕਟਰੀ ਦੇ ਖੇਤਰ 'ਚ ਦੋ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ ਜਿਨ੍ਹਾਂ 'ਚੋਂ ਇੱਕ 53 ਸਾਲਾ ਪੁਰਸ਼ ਤੇ 27 ਸਾਲਾ ਮਹਿਲਾ ਜੋ ਬਾਬਾ ਦੀਪ ਸਿੰਘ ਨਗਰ ਸਾਹਮਣੇ ਰੇਡਿਕਾ ਕਪੂਰਥਲਾ ਵਿਖੇ ਰਹਿੰਦੇ ਹਨ। ਇਸਦੇ ਨਾਲ ਹੀ ਕਪੂਰਥਲਾ ਦਾ ਵਾਸੀ 49 ਸਾਲਾ ਪੁਰਸ਼ ਜੋ ਕਿ ਪੀ.ਏ.ਪੀ ਜਲੰਧਰ ਵਿਖੇ ਤਾਇਨਾਤ ਹੈ ਤੇ ਪਿੰਡ ਇੱਬਣ ਵਾਸੀ 18 ਸਾਲਾ ਨੌਜਵਾਨ ਕੋਰੋਨਾ ਪਾਜੀਟਿਵ ਆਏ ਹਨ।
ਇੱਥੇ ਦੱਸ ਦੇਈਏ ਕਿ ਕਪੂਰਥਲਾ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 7 ਮੌਤਾ ਹੋ ਚੁੱਕੀਆਂ ਹਨ ਤੇ ਕੁੱਲ ਪਾਜੀਟਿਵ ਕੇਸ 145 ਪਾਏ ਗਏ ਹਨ, ਜਿਨ੍ਹਾਂ 'ਚੋਂ 107 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਕੁੱਲ ਐਕਟਿਵ ਕੇਸਾਂ ਦੀ ਗਿਣਤੀ 31 ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਵੀਰਵਾਰ ਨੂੰ 297 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਜਿਸ 'ਚ ਬੇਗੋਵਾਲ 12, ਭੁਲੱਥ 19, ਫੱਤੂਢੀਂਗਾ 29, ਕਪੂਰਥਲਾ 78, ਟਿੱਬਾ 26, ਸੁਲਤਾਨਪੁਰ ਲੋਧੀ 14, ਕਾਲਾ ਸੰਘਿਆ 13, ਫਗਵਾੜਾ 47, ਪਾਂਛਟਾ 59 ਸੈਂਪਲ ਲਏ ਗਏ।




 


Deepak Kumar

Content Editor

Related News