JCT ਮਿੱਲ ਮਜ਼ਦੂਰ ਸਮਾਜ ਦੇ ਵਫਦ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਸੌਂਪਿਆ ਮੰਗ ਪੱਤਰ

Friday, Sep 13, 2024 - 09:19 PM (IST)

ਫਗਵਾੜਾ, (ਜਲੋਟਾ)– ਜੇ.ਸੀ.ਟੀ ਮਿੱਲ ਮਜ਼ਦੂਰ ਸਮਾਜ ਰਜਿ. ਭਾਰਤੀ ਮਜ਼ਦੂਰ ਸੰਘ ਫਗਵਾੜਾ ਪੰਜਾਬ ਦੇ ਪ੍ਰਧਾਨ ਅਜੈ ਯਾਦਵ ਦੀ ਅਗਵਾਈ ਹੇਠ ਮਿੱਲ ਮਜ਼ਦੂਰਾਂ ਦਾ ਇੱਕ ਵਫ਼ਦ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ। 

ਇਸ ਦੌਰਾਨ ਮਿੱਲ ਦੇ ਅੰਦੋਲਨਕਾਰੀ ਕਾਮਿਆਂ ਵੱਲੋਂ ਵਿਧਾਇਕ ਧਾਲੀਵਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਪ੍ਰਧਾਨ ਅਜੈ ਯਾਦਵ ਨੇ ਧਾਲੀਵਾਲ ਨੂੰ ਦੱਸਿਆ ਕਿ ਮਿੱਲ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਪਿਛਲੇ ਇੱਕ ਸਾਲ ਤੋਂ ਬਕਾਇਆ ਤਨਖ਼ਾਹਾਂ, ਬੋਨਸ, ਵਾਧੂ ਓਵਰਟਾਈਮ, ਗਰੈਚੁਟੀ/ਸੇਵਾ, ਐੱਲ.ਟੀ.ਏ., ਪੀ.ਐੱਫ ਦਾ ਬਕਾਇਆ ਪਿਛਲੇ ਕਈ ਮਹੀਨਿਆਂ ਤੋਂ ਅਦਾ ਨਹੀਂ ਕੀਤਾ ਗਿਆ ਹੈ। ਈ.ਐੱਸ.ਆਈ ਦੀ ਰਾਸ਼ੀ ਵੀ ਜਮਾ ਨਹੀਂ ਕੀਤੀ ਗਈ ਹੈ। ਜਿਸ ਨੂੰ ਲੈ ਕੇ ਉਹ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਮਜ਼ਦੂਰਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਪ੍ਰਤੀ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਦੇ ਨਾਂਹ-ਪੱਖੀ ਰਵੱਈਏ ਨੂੰ ਲੈ ਕੇ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ। 

ਕੁੱਝ ਮਜ਼ਦੂਰਾਂ ਨੇ ਕਿਹਾ ਕਿ ਮਿਲ ਮਾਲਕ ਅਤੇ ਮਿਲ ਪ੍ਰਬੰਧਨ ਉਨਾਂ ਨਾਲ ਲਗਾਤਾਰ ਧੋਖਾ ਕਰ ਰਿਹਾ ਹੈ, ਉਹ ਬਹੁਤ ਜਿਆਦਾ ਪ੍ਰੇਸ਼ਾਨ ਹਨ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ। ਉਨ੍ਹਾਂ ਕਿਹਾ ਹੈ ਕਿ ਸੋਮਵਾਰ ਨੂੰ ਰੈਸਟ ਹਾਊਸ ਫਗਵਾੜਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿੱਚ ਜੇਸੀਟੀ ਮਿੱਲ ਮੈਨੇਜਮੈਂਟ ਅਤੇ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। 

ਧਾਲੀਵਾਲ ਨੇ ਕਿਹਾ ਕਿ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਪ੍ਰਤਾਪ ਸਿੰਘ, ਰਾਮਸੁਰੇਸ਼ ਸਿੰਘ, ਰਾਮਰਿਖੀ ਮਿਸ਼ਰਾ, ਅਨਿਲ ਰਾਏ, ਗਾਮਾ ਯਾਦਵ, ਉਪੇਂਦਰ ਰਾਏ, ਜਤਿੰਦਰ ਸਿੰਘ, ਕ੍ਰਿਸ਼ਨਾ ਰਾਏ, ਅਮਰਜੀਤ ਆਦਿ ਹਾਜ਼ਰ ਸਨ।


Rakesh

Content Editor

Related News