ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰ ਗ੍ਰਿਫ਼ਤਾਰ ਤੇ 78 ਲੱਖ ਦੀ ਡਰੱਗ ਮਨੀ ਬਰਾਮਦ
Sunday, Aug 21, 2022 - 05:04 PM (IST)
ਜਲੰਧਰ (ਸੋਨੂੰ) : ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਕਰਤਾਰਪੁਰ ਸਮੇਤ ਟੀਮ ਵੱਲੋਂ 150 ਗ੍ਰਾਮ ਹੈਰੋਇਨ ਅਤੇ 78 ਲੱਖ 70 ਹਜ਼ਾਰ ਰੁਪਏ (ਡਰੱਗ ਮਨੀ) ਨਾਲ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ 20 ਅਗਸਤ ਨੂੰ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਕਰਤਾਰਪੁਰ ਨੂੰ ਇਕ ਸਮਾਜ ਸੇਵਕ ਨੇ ਇਤਲਾਹ ਦਿੱਤੀ ਕਿ ਕਸ਼ਮੀਰ ਸਿੰਘ ਬਿੱਲਾ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਂਵਾਲ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ, ਸ਼ਿੰਦਾ ਪੁੱਤਰ ਨਿਰੰਜਨ ਸਿੰਘ ਵਾਸੀ ਲੱਖਣ ਖੁਰਦ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਤੇ ਸੁਖਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁੱਦੋਵਾਲ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ, ਜੋ ਭਾਰੀ ਮਾਤਰਾ ’ਚ ਹੈਰੋਇਨ ਦੀ ਸਮੱਗਲਿੰਗ ਕਰਦੇ ਹਨ ਤੇ ਅੱਜ ਵੀ ਤਿੰਨੋਂ ਜਣੇ ਮਿਲ ਕੇ ਭੁਲੱਥ ਸਾਈਡ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਵਿਅਕਤੀ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਹਨ ਅਤੇ ਇਨ੍ਹਾਂ ਕੋਲ ਪਹਿਲਾਂ ਵੇਚੀ ਹੈਰੋਇਨ ਦੀ ਡਰੱਗ ਮਨੀ ਹੈ।
ਇਸ ’ਤੇ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਕਰਤਾਰਪੁਰ ਨੇ ਮੁਕੱਦਮਾ ਨੰਬਰ 140 ਮਿਤੀ 20.08:22 ਜੁਰਮ 218/29-61-85 ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਕਰਕੇ ਸਮੇਤ ਪੁਲਸ ਟੀਮ ਨਾਲ ਟੀ-ਪੁਆਇੰਟ ਭੁਲੱਥ ਮੋੜ ਕਰਤਾਰਪੁਰ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾਂ ਭੁਲੱਥ ਸਾਈਡ ਤੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੂੰ ਰੋਕ ਕੇ ਬਲਕਾਰ ਸਿੰਘ ਪੀ. ਪੀ. ਐੱਸ. ਉਪ ਪੁਲਸ ਕਪਤਾਨ, ਲਾਅ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਹਾਜ਼ਰੀ ’ਚ ਚੈਕਿੰਗ ਕੀਤੀ ਤਾਂ ਕਸ਼ਮੀਰ ਸਿੰਘ ਉਰਫ ਬਿੱਲਾ ਦੇ ਕਬਜ਼ੇ ’ਚੋਂ 125 ਗ੍ਰਾਮ ਹੈਰੋਇਨ ਅਤੇ 5 ਲਖ ਰੁਪਏ ਭਾਰਤੀ ਕਰੰਸੀ, ਸ਼ਿੰਦਾ ਦੇ ਕਬਜ਼ੇ ’ਚੋਂ 15 ਗ੍ਰਾਮ ਹੈਰੋਇਨ ਅਤੇ ਸੁਖਪਾਲ ਸਿੰਘ ਦੇ ਕਬਜ਼ੇ ’ਚੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਨੇ ਇੰਕਸ਼ਾਫ ਕੀਤਾ ਕਿ ਸਾਰੇ ਰਲ ਕੇ ਇਹ ਕੰਮ ਸੁਖਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਡੋਗਰਾਂਵਾਲ ਨਾਲ ਮਿਲ ਕੇ ਕਰਦੇ ਹਨ ਅਤੇ ਡਰੱਗ ਮਨੀ ਸਾਰੇ ਆਪਸ ’ਚ ਵੰਡਦੇ ਹਨ। ਤਫ਼ਤੀਸ਼ ਦੌਰਾਨ ਕਸ਼ਮੀਰ ਸਿੰਘ ਉਰਫ ਬਿੱਲਾ ਨੇ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਕਰਤਾਰਪੁਰ ਨੂੰ ਪੁੱਛਗਿੱਛ ਦੌਰਾਨ ਇੰਕਸ਼ਾਫ ਕੀਤਾ ਕਿ ਉਸ ਨੇ ਪਹਿਲਾਂ ਵੇਚੀ ਹੈਰੋਇਨ ਦੀ ਡਰੱਗ ਮਨੀ ਆਪਣੇ ਘਰ ਪਿੰਡ ਡੋਗਰਾਂਵਾਲ ਥਾਣਾ ਸੁਭਾਨਪੁਰ ਰੱਖੀ ਹੈ ਅਤੇ ਬਰਾਮਦ ਕਰਵਾ ਸਕਦਾ ਹੈ। ਇਸ ਤੋਂ ਬਾਅਦ ਦੋਸ਼ੀ ਦੀ ਨਿਸ਼ਾਨਦੇਹੀ ’ਤੇ 73 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।