ਜਲੰਧਰ ਪੁਲਸ ਨੂੰ ਮਿਲੀ ਸਫ਼ਲਤਾ, 45 ਕਿਲੋ ਭੁੱਕੀ ਸਮੇਤ ਇੱਕ ਨੂੰ ਕੀਤਾ ਕਾਬੂ
Tuesday, Jan 14, 2025 - 02:36 PM (IST)
ਜਲੰਧਰ (ਕੁੰਦਨ, ਪੰਕਜ): ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 45 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੀ ਪੁਲਸ ਟੀਮ ਨੇ ਦੋ ਮੁਲਜ਼ਮਾਂ ਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਉਮਰੇਵਾਲ ਨੇੜੇ ਮਾਤਾ ਦਾ ਮੰਦਰ ਥਾਣਾ ਮਹਿਤਪੁਰ ਜਲੰਧਰ ਅਤੇ ਜੁਗਰਾਜ ਸਿੰਘ ਉਰਫ਼ ਜੋਗਾ ਪੁੱਤਰ ਗੁਰਨਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਕਰਮਵਾਰ 01 ਕਿਲੋ 25 ਗ੍ਰਾਮ ਹੈਰੋਇਨ ਅਤੇ 05 ਕਿਲੋ 58 ਗ੍ਰਾਮ ਅਫੀਮ ਬਰਾਮਦ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦਾ ਸਰਗਨਾ ਇੰਦਰਜੀਤ ਸਿੰਘ ਉਰਫ਼ ਲੱਬੂ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਦੋਲੇਵਾਲ, ਥਾਣਾ ਕੋਟ ਈਸੇ ਖਾਂ ਮੋਗਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸੇ ਦੌਰਾਨ ਪੁਲਸ ਨੇ ਉਸ ਦੇ ਡਰਾਈਵਰ ਪ੍ਰਕਾਸ਼ ਸਿੰਘ ਉਰਫ਼ ਪਾਸ਼ਾ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ ਨੰਬਰ 02 ਅੰਬੇਡਕਰ ਨਗਰ, ਗਿਦੜਬਾਹਾ, ਜ਼ਿਲ੍ਹਾ ਮੁਕਤਸਰ ਸਾਹਿਬ ਨੂੰ 45 ਕਿਲੋ ਭੁੱਕੀ ਸਮੇਤ ਕਾਬੂ ਕਰ ਲਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦਾ ਹੁਣ ਤੱਕ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਲੱਭਿਆ ਹੈ।