‘ਆਪ’ ਵਿਧਾਇਕਾਂ ਤੇ ਆਗੂਆਂ ਨੇ ਜਿਹੜੀ ਵਾਰਡਬੰਦੀ ਫਾਈਨਲ ਕੀਤੀ ਸੀ, ਉਹ ਆਖਰੀ ਸਮੇਂ ’ਚ ਕਿਵੇਂ ਬਦਲ ਗਈ

05/28/2023 3:16:12 PM

ਜਲੰਧਰ (ਖੁਰਾਣਾ)–ਕੁਝ ਮਹੀਨਿਆਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਸਬੰਧੀ ਨਵੀਂ ਵਾਰਡਬੰਦੀ ਦੀ ਪ੍ਰਕਿਰਿਆ ਚੱਲ ਰਹੀ ਹੈ। 2-3 ਦਿਨ ਪਹਿਲਾਂ ਚੰਡੀਗੜ੍ਹ ਵਿਚ ਹੋਈ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਦੌਰਾਨ ਵਾਰਡਬੰਦੀ ਦੇ ਜਿਸ ਡਰਾਫਟ ਨੂੰ ਮਨਜ਼ੂਰ ਕੀਤਾ ਗਿਆ, ਉਸ ਦੀ ਸਾਫਟ ਕਾਪੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਣ ਤੋਂ ਬਾਅਦ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਇਕ ਚਰਚਾ ਤਾਂ ਇਹ ਵੀ ਹੈ ਕਿ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਦੋਵਾਂ ਵਿਧਾਇਕਾਂ, ਹਲਕਾ ਇੰਚਾਰਜ ਅਤੇ ਹੋਰਨਾਂ ਆਗੂਆਂ ਨੇ ਜਿਸ ਵਾਰਡਬੰਦੀ ਨੂੰ ਫਾਈਨਲ ਕੀਤਾ ਸੀ, ਉਸ ਵਿਚ ਵੀ ਆਖ਼ਰੀ ਸਮੇਂ ’ਤੇ ਕਈ ਬਦਲਾਅ ਕਰ ਦਿੱਤੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਸੱਤਾ ਧਿਰ ਦੇ ਵਿਧਾਇਕਾਂ ਅਤੇ ਆਗੂਆਂ ਨੇ ਆਪਣੇ-ਆਪਣੇ ਚਹੇਤੇ ਅਤੇ ਸੰਭਾਵਿਤ ਉਮੀਦਵਾਰਾਂ ਲਈ ਵਾਰਡ ਤਿਆਰ ਕੀਤੇ ਸਨ ਪਰ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਦੌਰਾਨ ਜਿਹੜਾ ਡਰਾਫਟ ਪਾਸ ਹੋਇਆ ਹੈ, ਉਸ ਵਿਚ ਕਈ ਵਾਰਡ ਅਜਿਹੇ ਹਨ, ਜਿਸ ਬਾਰੇ ਵਧੇਰੇ ‘ਆਪ’ ਆਗੂਆਂ ਨੂੰ ਜਾਣਕਾਰੀ ਹੀ ਨਹੀਂ ਹੈ।

ਨਵੀਂ ਵਾਰਡਬੰਦੀ ਤਿਆਰ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਜਿਹੜੀ ਵਾਰਡਬੰਦੀ ਤਿਆਰ ਕੀਤੀ ਸੀ ਅਤੇ ਜਿਹੜੀ ਵਾਰਡਬੰਦੀ ਮਨਜ਼ੂਰ ਹੋਈ ਹੈ, ਉਸ ਵਿਚ ਅੰਤਰ ਪਾਏ ਜਾ ਰਹੇ ਹਨ। ਹੁਣ ਇਹ ਕਿਸ ਪੱਧਰ ’ਤੇ ਹੋਇਆ ਹੈ, ਇਹ ਜਾਂਚ ਦਾ ਵਿਸ਼ਾ ਹੈ। ਚਰਚਾ ਤਾਂ ਇਹ ਵੀ ਹੈ ਕਿ ਅਫਸਰਸ਼ਾਹੀ ਜ਼ਰੀਏ ਹੀ ਵਾਰਡਬੰਦੀ ਵਿਚ ਕੁਝ ਬਦਲਾਅ ਕੀਤੇ ਗਏ ਹਨ ਤਾਂ ਕਿ ਹੋਰਨਾਂ ਨੂੰ ਫਾਇਦਾ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

ਜਾਣਬੁੱਝ ਕੇ ਲੀਕ ਕੀਤੀ ਗਈ ਵਾਰਡਬੰਦੀ ਦੀ ਸਾਫ਼ਟ ਕਾਪੀ
ਸ਼ਹਿਰ ਵਿਚ ਇਕ ਚਰਚਾ ਇਹ ਵੀ ਹੈ ਕਿ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਵਿਚ ਵਾਰਡਬੰਦੀ ਦਾ ਜਿਹੜਾ ਡਰਾਫਟ ਪੇਸ਼ ਹੋਇਆ, ਉਸ ਦੀ ਸਾਫ਼ਟ ਕਾਪੀ ਨੂੰ ਅਗਲੇ ਦਿਨ ਜਾਣਬੁੱਝ ਕੇ ਲੀਕ ਕੀਤਾ ਗਿਆ ਤਾਂ ਕਿ ਹੁਣ ਉਸ ਵਿਚ ਕੋਈ ਬਦਲਾਅ ਨਾ ਹੋ ਸਕੇ। ਖ਼ਾਸ ਗੱਲ ਇਹ ਹੈ ਕਿ ਅਜੇ ਇਸ ਡਰਾਫਟ ਦਾ ਨੋਟੀਫਿਕੇਸ਼ਨ ਹੋਣਾ ਹੈ ਪਰ ਜਿਹੜੇ ਦਸਤਾਵੇਜ਼ ਲੀਕ ਹੋਏ ਹਨ, ਉਹ ਨੋਟੀਫਿਕੇਸ਼ਨ ਲਈ ਬਿਲਕੁਲ ਤਿਆਰ ਦਸਤਾਵੇਜ਼ ਦੀ ਕਾਪੀ ਹੈ। ਮੀਟਿੰਗ ਦੌਰਾਨ ‘ਆਪ’ ਵਿਧਾਇਕਾਂ ਅਤੇ ਆਗੂਆਂ ਦੀ ਗੈਰ-ਮੌਜੂਦਗੀ ਵੀ ਕਈ ਚਰਚਾਵਾਂ ਨੂੰ ਜਨਮ ਦੇ ਰਹੀ ਹੈ।

PunjabKesari

ਅਮਿਤ ਸੰਧਾ ਦਾ ਵਾਰਡ ਜਨਰਲ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਐੱਸ. ਸੀ. ਰਿਜ਼ਰਵ ਹੋਇਆ
‘ਆਪ’ ਵਿਧਾਇਕਾਂ ਅਤੇ ਆਗੂਆਂ ਵੱਲੋਂ ਤਿਆਰ ਕੀਤੀ ਗਈ ਵਾਰਡਬੰਦੀ ਵਿਚ ਕਿਸ ਤਰ੍ਹਾਂ ਆਖਰੀ ਸਮੇਂ ’ਤੇ ਫੇਰਬਦਲ ਹੋਇਆ, ਇਸ ਦੀ ਮਿਸਾਲ ਉਂਝ ਤਾਂ ਕਈ ਵਾਰਡ ਹਨ ਪਰ ਮੁੱਖ ਉਦਾਹਰਣ ‘ਆਪ’ ਆਗੂ ਅਮਿਤ ਸਿੰਘ ਸੰਧਾ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਾਰਡ ਗਿਣਾਏ ਜਾ ਸਕਦੇ ਹਨ। ‘ਆਪ’ ਆਗੂਆਂ ਵੱਲੋਂ ਤਿਆਰ ਵਾਰਡਬੰਦੀ ਵਿਚ ਅਮਿਤ ਸਿੰਘ ਸੰਧਾ ਦੇ ਵਾਰਡ ਨੂੰ ਐੱਸ. ਸੀ. ਰਿਜ਼ਰਵ ਰੱਖਿਆ ਗਿਆ ਸੀ ਕਿਉਂਕਿ ਉਸ ਵਾਰਡ ਵਿਚ ਐੱਸ. ਸੀ. ਜਨਸੰਖਿਆ ਕਾਫ਼ੀ ਜ਼ਿਆਦਾ ਹੈ। ਉਸੇ ਵਾਰਡਬੰਦੀ ਵਿਚ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਨੂੰ ਜਨਰਲ ਕੈਟੇਗਰੀ ਵਿਚ ਰੱਖਿਆ ਗਿਆ ਸੀ। ਹੁਣ ਨਵੀਂ ਵਾਰਡਬੰਦੀ ਦਾ ਜਿਹੜਾ ਡਰਾਫਟ ਲੀਕ ਹੋਇਆ ਹੈ, ਉਸ ਵਿਚ ਸ਼ਹੀਦ ਬਾਬੂ ਲਾਭ ਸਿੰਘ ਵਾਰਡ ਨੂੰ ਐੱਸ. ਸੀ. ਰਿਜ਼ਰਵ ਕਰ ਦਿੱਤਾ ਗਿਆ ਹੈ, ਹਾਲਾਂਕਿ ਇਥੇ ਐੱਸ. ਸੀ. ਜਨਸੰਖਿਆ ਬਹੁਤ ਘੱਟ ਹੈ। ਇਸੇ ਵਾਰਡਬੰਦੀ ਵਿਚ ਅਮਿਤ ਸਿੰਘ ਸੰਧਾ ਦੇ ਵਾਰਡ ਨੂੰ ਜਨਰਲ ਕਰ ਦਿੱਤਾ ਗਿਆ ਹੈ, ਹਾਲਾਂਕਿ ਉਥੇ ਐੱਸ. ਸੀ. ਆਬਾਦੀ ਕਾਫੀ ਜ਼ਿਆਦਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 44 ਅਤੇ ਵਾਰਡ ਨੰਬਰ 47 ਦੀਆਂ ਹੱਦਾਂ ਇਕੋ-ਜਿਹੀਆਂ ਹੋਣ ਕਾਰਨ ਪੂਰੀ ਵਾਰਡਬੰਦੀ ’ਤੇ ਹੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਫਿਲਹਾਲ ਸ਼ਹਿਰ ਦੇ ਸਾਰੇ ਆਗੂ ਵਾਰਡਬੰਦੀ ਦੇ ਨਕਸ਼ਿਆਂ ਦੀ ਉਡੀਕ ਕਰ ਰਹੇ ਹਨ ਤਾਂ ਕਿ ਹੱਦਾਂ ਸਬੰਧੀ ਦੁਚਿੱਤੀ ਖਤਮ ਹੋ ਸਕੇ।

ਇਹ ਵੀ ਪੜ੍ਹੋ - ਕਪੂਰਥਲਾ ਤੋਂ ਵੱਡੀ ਖ਼ਬਰ: ਹਵਸ 'ਚ ਅੰਨ੍ਹੇ ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ

ਨਾਲਾਇਕੀ ਨਾਲ ਤਿਆਰ ਕੀਤੀ ਗਈ ਨਵੀਂ ਵਾਰਡਬੰਦੀ ਬਣੇਗੀ ਵਿਕਾਸ ’ਚ ਅੜਿੱਕਾ, ਕਾਂਗਰਸੀ ਆਗੂਆਂ ਨੇ ਜਤਾਇਆ ਵਿਰੋਧ
ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਸ਼ਹਿਰ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਸਾਬਕਾ ਕਾਂਗਰਸੀ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਾਬਕਾ ਕਾਂਗਰਸੀ ਕੌਂਸਲਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਸਾਬਕਾ ਡਾਇਰੈਕਟਰ (ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ) ਅਤੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੀ ਰਿਹਾਇਸ਼ ’ਤੇ ਹੋਈ। ਸਾਰੇ ਕਾਂਗਰਸੀ ਆਗੂਆਂ ਨੇ ਨਵੀਂ ਵਾਰਡਬੰਦੀ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸੂਬਾ ਸਰਕਾਰ ਦੀ ਮਨਮਾਨੀ ਦੱਸਿਆ। ਸਮਰਾਏ ਨੇ ਕਿਹਾ ਕਿ ਇਹ ਵਾਰਡਬੰਦੀ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਵੱਡੀ ਪ੍ਰੇਸ਼ਾਨੀ ਬਣੇਗੀ ਅਤੇ ਵਾਰਡਾਂ ਦੀ ਹੱਦਬੰਦੀ ਨਿਗਮ ਚੋਣਾਂ ਵਿਚ ਵੀ ਸਭ ਨੂੰ ਪ੍ਰੇਸ਼ਾਨ ਕਰੇਗੀ।

ਉਨ੍ਹਾਂ ਕਿਹਾ ਕਿ ਇਸ ਵਾਰਡਬੰਦੀ ਵਿਚ ਕਈ ਖਾਮੀਆਂ ਹਨ। ਇਸ ਵਿਚ ਸਭ ਤੋਂ ਵੱਡੀ ਨਾਲਾਇਕੀ ਇਹ ਸਾਹਮਣੇ ਆਈ ਹੈ ਕਿ ਜਿਥੇ ਐੱਸ. ਸੀ. ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਵਾਰਡਾਂ ਨੂੰ ਜਨਰਲ ਕਰ ਦਿੱਤਾ ਗਿਆ ਹੈ ਅਤੇ ਜਿਥੇ ਜਨਰਲ ਕੈਟਾਗਰੀ ਦੀ ਗਿਣਤੀ ਜ਼ਿਆਦਾ ਹੈ, ਉਸਨੂੰ ਐੱਸ. ਸੀ. ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਰਡਬੰਦੀ ਨਿਗਮ ਚੋਣਾਂ ਨੂੰ ਲੈ ਕੇ ‘ਆਪ’ ਸਰਕਾਰ ਦੀ ਬੌਖਲਾਹਟ ਸਿੱਧ ਕਰਦੀ ਹੈ ਅਤੇ ਅਜਿਹਾ ਗਲਤ ਕਦਮ ਸੂਬਾ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਨੂੰ ਵੇਖ ਕੇ ਹੀ ਉਠਾਇਆ ਹੈ। ਮੀਟਿੰਗ ਦੌਰਾਨ ਵੈਸਟ ਹਲਕੇ ਦੇ ਸਾਰੇ ਸਾਬਕਾ ਕਾਂਗਰਸੀ ਕੌਂਸਲਰਾਂ ਵੱਲੋਂ ਇਸ ਵਾਰਡਬੰਦੀ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਵਾਰਡਬੰਦੀ ਨਾ ਤਾਂ ਨਿਗਮ ਦੇ ਹਿੱਤ ਵਿਚ ਹੈ ਅਤੇ ਨਾ ਹੀ ਸ਼ਹਿਰ ਦੇ ਲੋਕਾਂ ਦੇ। ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਆਪਣੇ ਨਿੱਜੀ ਸੁਆਰਥ ਲਈ ਤਿਆਰ ਕੀਤੀ ਹੈ। ਮੀਟਿੰਗ ਵਿਚ ਸਾਬਕਾ ਕੌਂਸਲਰ ਬਚਨ ਲਾਲ ਭਗਤ, ਕਾਂਗਰਸੀ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਆਜ਼ਾਦ, ਸਾਬਕਾ ਕੌਂਸਲਰ ਤਰਸੇਮ ਲਖੋਤਰਾ, ਸਾਬਕਾ ਕੌਂਸਲਰ ਬਲਬੀਰ ਅੰਗੁਰਾਲ, ਯੂਥ ਕਾਂਗਰਸੀ ਆਗੂ ਸ਼ਾਲੂ ਜਰੇਵਾਲ, ਰਾਜ ਕੁਮਾਰ ਭਗਤ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ - ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News