ਹਾਊਸ ਦੀ ਪਹਿਲੀ ਮੀਟਿੰਗ 7 ਮਾਰਚ ਨੂੰ: 535 ਕਰੋੜ ਦਾ ਹੋਵੇਗਾ ਜਲੰਧਰ ਨਿਗਮ ਦਾ ਬਜਟ, ਹੋਣਗੇ ਵੱਡੇ ਫ਼ੈਸਲੇ
Saturday, Feb 22, 2025 - 02:05 PM (IST)

ਜਲੰਧਰ (ਪੁਨੀਤ)-ਮੇਅਰ ਵਿਨੀਤ ਧੀਰ ਦੀ ਅਗਵਾਈ ਵਿਚ ਨਗਰ ਨਿਗਮ ਆਪਣੇ ਇਤਿਹਾਸ ਦਾ ਸਭ ਤੋਂ ਵੱਧ ਬਜਟ ਪੇਸ਼ ਕਰਨ ਜਾ ਰਿਹਾ ਹੈ, ਜਿਸ ਦੀ ਰਕਮ 535 ਕਰੋੜ ਰੁਪਏ ਤੋਂ ਵੱਧ ਰੱਖੀ ਗਈ ਹੈ। ਇਸ ਦੇ ਲਈ ਨਿਗਮ ਵੱਲੋਂ ਆਪਣੀ ਆਮਦਨ ’ਤੇ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ, ਤਾਂ ਕਿ ਨਿਗਮ ਨੂੰ ਫੰਡਾਂ ਦੀ ਕੋਈ ਕਮੀ ਨਾ ਆਵੇ। ਨਿਗਮ ਵੱਲੋਂ ਸਿਰਫ਼ ਪ੍ਰਾਪਰਟੀ ਟੈਕਸ ਵਸੂਲੀ ਦਾ 75 ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਹੈ, ਜੋਕਿ ਨਿਗਮ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਦੇਵੇਗਾ। ਇਸੇ ਤਰ੍ਹਾਂ ਨਾਲ ਵਾਟਰ ਸਪਲਾਈ ਤੋਂ 30 ਕਰੋੜ ਦੀ ਵਸੂਲੀ ਕੀਤੀ ਜਾਵੇਗੀ। ਪਿਛਲੀ ਵਾਰ ਨਿਗਮ ਦਾ ਬਜਟ 440 ਕਰੋੜ ਦੇ ਲੱਗਭਗ ਰਿਹਾ ਸੀ, ਜਿਹੜਾ ਕਿ ਇਸ ਵਾਰ ਵਧਾ ਕੇ 535 ਕਰੋੜ ਤੋਂ ਵੱਧ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਮੇਅਰ ਵਿਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਦੀ ਪ੍ਰਧਾਨਗੀ ਵਿਚ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ। ਪ੍ਰੀ-ਹਾਊਸ ਹੋਈ ਉਕਤ ਮੀਟਿੰਗ ਵਿਚ ਘੰਟਿਆਬੱਧੀ ਚਰਚਾ ਕੀਤੀ ਗਈ, ਜਿਸ ਤਹਿਤ ਸ਼ਹਿਰ ਦੇ ਸੁੰਦਰੀਕਰਨ ’ਤੇ ਮੁੱਖ ਰੂਪ ਨਾਲ ਫੋਕਸ ਕੀਤਾ ਗਿਆ। ਇਸ ਦੇ ਇਲਾਵਾ ਕੱਚੇ ਅਤੇ ਪੱਕੇ ਕਰਮਚਾਰੀਆਂ ਦੀ ਭਰਤੀ ਕਰਨਾ, ਨਵੀਂ ਮਸ਼ੀਨਰੀ ਖਰੀਦਣ ਵਰਗੇ ਪੁਆਇੰਟ ਮੁੱਖ ਕੇਂਦਰ ਬਿੰਦੂ ਰਹੇ। ਸ਼ਹਿਰ ਨੂੰ ਬਿਹਤਰ ਸੀਵਰੇਜ ਸਿਸਟਮ ਦੇਣ, ਸਫ਼ਾਈ ਵਿਵਸਥਾ, ਕੂੜਾ ਡੰਪ ਨੂੰ ਕਵਰ ਕਰਵਾਉਣਾ ਅਤੇ ਸਟਰੀਟ ਵੈਂਡਿੰਗ ਜ਼ੋਨ ਵਰਗੇ ਕਈ ਪੁਆਇੰਟ ਚਰਚਾ ਦਾ ਵਿਸ਼ਾ ਰਹੇ।
ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਵਿਆਹ ਦੀ ਜਾਗੋ ਦੌਰਾਨ ਚੱਲ ਪਈਆਂ ਤਾੜ-ਤਾੜ ਗੋਲ਼ੀਆਂ, ਮਹਿਲਾ ਸਰਪੰਚ ਦੇ ਪਤੀ ਦੀ ਮੌਤ
ਆਮਦਨੀ ’ਚ ਵਾਧੇ ’ਤੇ ਕੀਤਾ ਗਿਆ ਫੋਕਸ
ਬਜਟ ਵਧਾਉਣ ਲਈ ਆਮਦਨੀ ਨੂੰ ਵਧਾਉਣਾ ਹੋਵੇਗਾ, ਜਿਸ ਲਈ ਮੇਅਰ ਅਤੇ ਕਮਿਸ਼ਨਰ ਵੱਲੋਂ ਸਾਰੇ ਵਿਭਾਗਾਂ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਆਮਦਨੀ ’ਤੇ ਫੋਕਸ ਕਰਨ ਨੂੰ ਕਿਹਾ ਗਿਆ ਹੈ। ਪਿਛਲੀ ਵਾਰ ਦੇ ਮੁਕਾਬਲੇ ਪ੍ਰਾਪਰਟੀ ਟੈਕਸ ਵਿਚ ਵਾਧਾ ਕਰਦੇ ਹੋਏ 75 ਕਰੋੜ ਦਾ ਟੀਚਾ ਨਿਰਧਾਰਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਾਲ ਛੋਟੇ ਵਿਭਾਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਛੋਟੇ ਵਿਭਾਗ ਆਪਣੀ ਆਮਦਨ ਵਿਚ 2 ਤੋਂ 5 ਕਰੋੜ ਦਾ ਵਾਧਾ ਕਰਨ, ਇਸ ਨਾਲ ਛੋਟੇ ਵਿਭਾਗਾਂ ਤੋਂ ਨਿਗਮ ਨੂੰ 50 ਕਰੋੜ ਤੋਂ ਵੱਧ ਰਕਮ ਪ੍ਰਾਪਤ ਹੋਵੇਗੀ। ਵਰਣਨਯੋਗ ਹੈ ਕਿ ਹੈਲਥ ਬ੍ਰਾਂਚ ਨੂੰ 2 ਕਰੋੜ ਤੋਂ ਵੱਧ ਦੀ ਵਸੂਲੀ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਨਹਿਰਾਂ ਵਿਚ ਬਿਸਤ ਦੋਆਬ ਕੈਨਾਲ ਦੀ ਕਰਵਾਈ ਜਾਵੇ ਫੈਂਸਿੰਗ
ਇਸੇ ਸਿਲਸਿਲੇ ਵਿਚ ਨਹਿਰਾਂ ਨੂੰ ਸਾਫ-ਸੁਥਰਾ ਰੱਖਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਬਿਸਤ ਦੋਆਬ ਨਹਿਰ ਦੇ ਮੁੱਖ ਪੁਆਇੰਟਾਂ ’ਤੇ ਫੈਂਸਿੰਗ ਕਰਵਾਈ ਜਾਵੇਗੀ। ਲਗਭਗ 4 ਫੁੱਟ ਤਕ ਗਰਿੱਲ ਲਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਕਿ ਲੋਕ ਨਹਿਰਾਂ ਵਿਚ ਕੂੜਾ-ਕਰਕਟ ਨਾ ਸੁੱਟ ਸਕਣ। ਇਸ ਨਾਲ ਨਹਿਰਾਂ ਦੀ ਖੂਬਸੂਰਤੀ ਵਧੇਗੀ ਅਤੇ ਪਾਣੀ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ 'ਚ ਹੰਗਾਮਾ, ਵਿਦੇਸ਼ੀ ਤੇ ਪੰਜਾਬੀ ਵਿਦਿਆਰਥੀ ਭਿੜੇ, ਲੱਥੀਆਂ ਪੱਗਾਂ
ਮੁੱਖ ਲਾਈਨਾਂ ਦੀ ਸਫਾਈ ਲਈ ਖਰੀਦੀਆਂ ਜਾਣਗੀਆਂ ਸੁਪਰਸਕਸ਼ਨ ਮਸ਼ੀਨਾਂ
ਨਿਗਮ ਵੱਲੋਂ ਮਸ਼ੀਨਰੀ ਖ਼ਰੀਦਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਰੋਡ ਸਵੀਪਿੰਗ ਮਸ਼ੀਨਾਂ, ਸੀਵਰੇਜ ਦੀ ਸਫ਼ਾਈ ਵਾਲੀਆਂ ਸੁਪਰਸਕਸ਼ਨ ਮਸ਼ੀਨਾਂ, ਓ. ਐਂਡ ਐੱਮ. ਨਾਲ ਸਬੰਧਤ ਮਸ਼ੀਨਰੀ ਅਤੇ ਗਾਰ ਕੱਢਣ ਵਾਲੀਆਂ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਮੇਅਰ ਦਾ ਕਹਿਣਾ ਹੈ ਕਿ ਕਈ ਵਾਰ ਮਸ਼ੀਨਾਂ ਦੂਜੇ ਵਾਰਡ ਵਿਚ ਕੰਮ ਕਰ ਰਹੀਆਂ ਹੁੰਦੀਆਂ ਹਨ, ਜਿਸ ਕਾਰਨ ਮਸ਼ੀਨਰੀ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਕਿ ਕਿਸੇ ਵੀ ਕੰਮ ਵਿਚ ਕੋਈ ਰੁਕਾਵਟ ਪੈਦਾ ਨਾ ਹੋਵੇ।
ਕੂੜੇ ਦੇ ਡੰਪਾਂ ਨੂੰ ਕਵਰ ਕਰਨ ’ਤੇ ਦਿੱਤਾ ਜਾਵੇਗਾ ਧਿਆਨ
ਉਥੇ ਹੀ, ਸ਼ਹਿਰ ਦੇ ਹਰੇਕ ਕੂੜੇ ਦੇ ਡੰਪ ਨੂੰ ਕਵਰ ਕਰਨ ਪ੍ਰਤੀ ਧਿਆਨ ਦਿੱਤਾ ਜਾਵੇਗਾ। ਇਸ ਨਾਲ ਸੜਕ ਤੋਂ ਲੰਘਣ ਵਾਲਿਆਂ ਨੂੰ ਕੂੜਾ ਨਜ਼ਰ ਨਹੀਂ ਆਵੇਗਾ। ਅਧਿਕਾਰੀਆਂ ਨੇ ਕਿਹਾ ਕਿ ਸਮਾਰਟ ਸਿਟੀ ਅਧੀਨ ਕੂੜੇ ਦੇ ਡੰਪਾਂ ਨੂੰ ਕਵਰ ਕਰਵਾਇਆ ਜਾਵੇਗਾ। ਡੰਪਾਂ ਦੇ ਚਾਰੇ ਪਾਸੇ ਚਾਰਦੀਵਾਰੀ ਹੋਵੇਗੀ ਅਤੇ ਗੇਟ ਲਾਏ ਜਾਣਗੇ। ਸਵੇਰੇ ਕੂੜੇ ਦੇ ਡੰਪ ਖੋਲ੍ਹਿਆ ਜਾਵੇਗਾ ਅਤੇ ਬਾਅਦ ਵਿਚ ਉਸ ਨੂੰ ਬੰਦ ਕਰਨਾ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ
ਸਟਰੀਟ ਵੈਂਡਿੰਗ ਜ਼ੋਨ ਹੋਵੇਗਾ ਡ੍ਰੀਮ ਪ੍ਰਾਜੈਕਟ
ਸ਼ਹਿਰ ਵਿਚ ਰੇਹੜੀਆਂ ਦੀ ਵਧਦੀ ਹੋਈ ਭੀੜ ਨੂੰ ਰੋਕਣ ਲਈ ਨਿਗਮ ਵੱਲੋਂ 4 ਨਵੇਂ ਸਟਰੀਟ ਵੈਂਡਿੰਗ ਜ਼ੋਨ ਬਣਾਏ ਜਾ ਰਹੇ ਹਨ। ਇਸ ਡ੍ਰੀਮ ਪ੍ਰਾਜੈਕਟ ਅਧੀਨ ਆਉਣ ਵਾਲੇ ਸਮੇਂ ਵਿਚ ਪੂਰੇ ਸ਼ਹਿਰ ਨੂੰ ਕਵਰ ਕੀਤਾ ਜਾਵੇਗਾ ਅਤੇ 30 ਤੋਂ ਵੱਧ ਸਟਰੀਟ ਵੈਂਡਿੰਗ ਜ਼ੋਨ ਬਣਾਏ ਜਾਣਗੇ। ਫਿਲਹਾਲ ਆਦਰਸ਼ ਨਗਰ ਚੌਪਾਟੀ ਦੀ ਕਾਇਆ-ਕਲਪ, 7 ਨੰਬਰ ਥਾਣੇ ਦੇ ਸਾਹਮਣੇ, ਮਕਸੂਦਾਂ ਥਾਣੇ ਦੇ ਸਾਹਮਣੇ ਅਤੇ 120 ਫੁੱਟੀ ਰੋਡ ਵਾਲੀ ਸਾਈਟ ਨੂੰ ਏਜੰਡੇ ਵਿਚ ਰੱਖਿਆ ਜਾ ਰਿਹਾ ਹੈ। ਇਨ੍ਹਾਂ ਚਾਰਾਂ ਜ਼ੋਨਾਂ ਵਿਚ ਸ਼ੁਰੂਆਤੀ ਕੰਮਕਾਜ ਕਰਵਾ ਕੇ ਵੇਖਿਆ ਜਾਵੇਗਾ, ਜਿਸ ਨਾਲ ਆਗਾਮੀ ਯੋਜਨਾਵਾਂ ਹੋਰ ਬਿਹਤਰ ਬਣਾਈਆਂ ਜਾ ਸਕਣਗੀਆਂ।
ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ 'ਤੇ SGPC ਦਾ ਵੱਡਾ ਫ਼ੈਸਲਾ, ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਹੋਇਆ ਐਲਾਨ
ਜੇ. ਈ., ਕੰਪਿਊਟਰ ਆਪ੍ਰੇਟਰ ਸਮੇਤ ਹੋਵੇਗੀ ਪੱਕੀ ਭਰਤੀ
ਮੈਨਪਾਵਰ ਦੀ ਕਮੀ ਵਾਰ-ਵਾਰ ਸਾਹਮਣੇ ਆ ਰਹੀ ਹੈ, ਇਸ ਲਈ ਮੇਅਰ ਨੇ ਕਿਹਾ ਕਿ ਆਊਟਸੋਰਸ ਕਰਮਚਾਰੀਆਂ ਵਿਚ ਕਲਾਸ-ਬੀ ਅਤੇ ਕਲਾਸ-ਸੀ. ਦੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿਚ ਜੇ. ਈ. (ਜੂਨੀਅਰ ਇੰਜੀਨੀਅਰ) ਅਤੇ ਟਾਈਪਿੰਗ ਲਈ ਕੰਪਿਊਟਰ ਆਪ੍ਰੇਟਰ ਸ਼ਾਮਲ ਹੋਣਗੇ। ਉਥੇ ਹੀ, ਸਫ਼ਾਈ ਸੇਵਕਾਂ ਦੀ ਪੱਕੀ ਭਰਤੀ ਵੱਲ ਯੋਜਨਾ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਨਿਗਮ ਦੇ ਰੁਟੀਨ ਵਰਕ ਦੇ ਨਾਲ-ਨਾਲ ਹਰੇਕ ਵਾਰਡ ਦੀ ਸਮੱਸਿਆ ਦਾ ਹੱਲ ਹੋਵੇਗਾ।
ਸ਼ਹਿਰ ਦਾ ਸੁੰਦਰੀਕਰਨ ਹੋਵੇਗਾ ਮੁੱਖ ਏਜੰਡਾ : ਵਿਨੀਤ ਧੀਰ
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਨਿਗਮ ਦੀ ਪਹਿਲੀ ਹਾਊਸ ਮੀਟਿੰਗ 7 ਨੂੰ ਰੱਖੀ ਗਈ ਹੈ। ਇਸ ਵਿਚ ਸਾਰੇ ਕੌਂਸਲਰਾਂ ਤੋਂ ਸਹਿਯੋਗ ਦੀ ਉਮੀਦ ਹੈ। ਬਜਟ ਤਹਿਤ ਰਿਕਵਰੀ ਦਾ ਬਜਟ ਵਧਾਇਆ ਗਿਆ ਹੈ। ਨਿਗਮ ਨੂੰ ਪ੍ਰਾਪਤ ਹੋਣ ਵਾਲੀ ਰਕਮ ਨਾਲ ਸ਼ਹਿਰ ਦਾ ਵਿਕਾਸ ਤੇਜ਼ ਰਫਤਾਰ ਨਾਲ ਕਰਵਾਇਆ ਜਾਵੇਗਾ। ਹਾਊਸ ਦੀ ਮੀਟਿੰਗ ਵਿਚ ਸ਼ਹਿਰ ਦਾ ਸੁੰਦਰੀਕਰਨ ਕਰਵਾਉਣਾ ਉਨ੍ਹਾਂ ਦਾ ਮੁੱਖ ਏਜੰਡਾ ਰਹੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਕਾਰੋਬਾਰੀਆਂ ਦੇ 2 ਪੁੱਤਾਂ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e