ਨਿਗਮ ਦੀ ਰਾਜਨੀਤੀ ’ਚ ਅਲੱਗ-ਥਲੱਗ ਪਏ ਜਗਦੀਸ਼ ਰਾਜਾ, ਸੰਸਦ ਮੈਂਬਰ ਅਤੇ ਚਾਰਾਂ ਵਿਧਾਇਕਾਂ ਨੇ ਮੇਅਰ ਤੋਂ ਕੀਤਾ ਕਿਨਾਰਾ

03/06/2021 5:13:23 PM

ਜਲੰਧਰ (ਖੁਰਾਣਾ)– ਅੱਜ ਤੋਂ 4 ਸਾਲ ਪਹਿਲਾਂ ਜਦੋਂ ਕਾਂਗਰਸ ਨੇ ਪੰਜਾਬ ਅਤੇ 3 ਸਾਲ ਪਹਿਲਾਂ ਜਲੰਧਰ ਨਗਰ ਨਿਗਮ ਦੀ ਸੱਤਾ ’ਤੇ ਭਾਰੀ ਬਹੁਮਤ ਨਾਲ ਕਬਜ਼ਾ ਕੀਤਾ ਸੀ, ਉਦੋਂ ਸ਼ਹਿਰ ਨਿਵਾਸੀਆਂ ਵਿਚ ਆਸ ਜਾਗੀ ਸੀ ਕਿ ਹੁਣ ਕਾਂਗਰਸੀ ਮਿਲ-ਜੁਲ ਕੇ ਜਲੰਧਰ ਦੇ ਵਿਕਾਸ ਵੱਲ ਧਿਆਨ ਦੇਣਗੇ ਅਤੇ ਸ਼ਹਿਰ ਨੂੰ ਸੁੰਦਰੀਕਰਨ ਦੇ ਮਾਮਲੇ ਵਿਚ ਪੰਜਾਬ ਦਾ ਇਕ ਵਾਰ ਫਿਰ ਨੰਬਰ ਵਨ ਸ਼ਹਿਰ ਬਣਾਉਣਗੇ।

ਕੁਝ ਸਮੇਂ ਤੱਕ ਤਾਂ ਸ਼ਹਿਰ ਨਿਵਾਸੀਆਂ ਦੀ ਆਸ ਪੂਰੀ ਵੀ ਹੋਈ, ਜਦੋਂ ਚਾਰਾਂ ਕਾਂਗਰਸੀ ਵਿਧਾਇਕਾਂ ਨੇ ਸੰਸਦ ਮੈਂਬਰ ਦਾ ਸਹਿਯੋਗ ਲੈ ਕੇ ਅਤੇ ਮੇਅਰ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕਈ ਪ੍ਰਾਜੈਕਟ ਬਣਾਏ। ਸਮਾਂ ਬੀਤਣ ਦੇ ਨਾਲ-ਨਾਲ ਸ਼ਹਿਰ ਦੀ ਕਾਂਗਰਸੀ ਰਾਜਨੀਤੀ ਵਿਚ ਬਦਲਾਅ ਆਉਂਦੇ ਗਏ ਅਤੇ ਜਿਹੜੇ ਕਾਂਗਰਸੀ ਇਕਜੁੱਟ ਦਿਖਾਈ ਦੇ ਰਹੇ ਸਨ, ਉਹ ਖਿਲਰਨੇ ਸ਼ੁਰੂ ਹੋ ਗਏ। ਕੁਝ ਸਮਾਂ ਪਹਿਲਾਂ ਸ਼ਹਿਰ ਦੇ ਚਾਰਾਂ ਵਿਧਾਇਕਾਂ ਦੇ ਸੁਰ ਵੱਖ-ਵੱਖ ਨਜ਼ਰ ਆਏ ਅਤੇ ਅੱਜ ਸ਼ਹਿਰ ਦੇ ਸੰਸਦ ਮੈਂਬਰ ਅਤੇ ਚਾਰਾਂ ਵਿਧਾਇਕਾਂ ਨੇ ਮੇਅਰ ਜਗਦੀਸ਼ ਰਾਜਾ ਨਾਲੋਂ ਲਗਭਗ ਕਿਨਾਰਾ ਕਰ ਲਿਆ, ਜਿਸ ਕਾਰਣ ਮੇਅਰ ਨਿਗਮ ਅਤੇ ਸ਼ਹਿਰ ਦੀ ਰਾਜਨੀਤੀ ਵਿਚ ਅਲੱਗ-ਥਲੱਗ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੇਅਰ ਜਗਦੀਸ਼ ਰਾਜਾ ਨੇ ਆਪਣੇ 10 ਸਮਰਥਕ ਕੌਂਸਲਰਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਚ ਪਾਰਟੀ ਪ੍ਰਧਾਨ ਸੁਨੀਲ ਜਾਖੜ, ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਅਤੇ ਕੁਝ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸ਼ਹਿਰ ਦੇ ਕਿਸੇ ਵਿਧਾਇਕ ਨੂੰ ਮੇਅਰ ਦੇ ਇਸ ਚੰਡੀਗੜ੍ਹ ਦੌਰੇ ਦੀ ਖਬਰ ਨਹੀਂ ਸੀ। ਇਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਸਾਰੇ ਵਿਧਾਇਕਾਂ ਨੇ ਚੰਡੀਗੜ੍ਹ ਵਿਚ ਹੀ ਡੇਰਾ ਲਾਇਆ ਹੋਇਆ ਹੈ। ਇਸ ਦੇ ਬਾਵਜੂਦ ਮੇਅਰ ਨੇ ਨਾ ਤਾਂ ਕਿਸੇ ਵਿਧਾਇਕ ਨੂੰ ਸੱਦਾ ਭੇਜਿਆ ਅਤੇ ਨਾ ਹੀ ਕਿਸੇ ਵਿਧਾਇਕ ਨੇ ਮੇਅਰ ਦਾ ਸਾਥ ਹੀ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਮੇਅਰ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਨੇ 4 ਸਾਲ ਪਹਿਲਾਂ ਇਕ ਐਡਵਰਟਾਈਜ਼ਮੈਂਟ ਕੰਟਰੈਕਟ ਨੂੰ ਲੈ ਕੇ ਸਾਬਕਾ ਅਤੇ ਮੌਜੂਦਾ ਨਿਗਮ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਦੇ ਦੋਸ਼ ਲਾਏ ਸਨ। ਇਸ ਦੌਰਾਨ ਪੂਰੇ ਹਾਊਸ ਨੇ ਨਿਗਮ ਦੇ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕਰਨ ਬਾਰੇ ਪ੍ਰਸਤਾਵ ਪਾਸ ਕੀਤਾ ਸੀ। ਹਾਊਸ ਦੀ ਮੀਟਿੰਗ ਤੋਂ ਬਾਅਦ ਨਿਗਮ ਮੁਲਾਜ਼ਮਾਂ ਵਿਚ ਜ਼ਬਰਦਸਤ ਰੋਸ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਚੁਣੇ ਪ੍ਰਤੀਨਿਧੀਆਂ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਜੇਕਰ ਕਿਸੇ ਇਕ ਵੀ ਮੁਲਾਜ਼ਮ ’ਤੇ ਕਾਰਵਾਈ ਹੋਈ ਤਾਂ ਨਿਗਮ ਦਾ ਕੰਮ ਠੱਪ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿਚ ਸਫਾਈ ਮਜ਼ਦੂਰ ਯੂਨੀਅਨਾਂ ਨੇ ਵੀ ਨਿਗਮ ਮੁਲਾਜ਼ਮਾਂ ਦੀ ਯੂਨੀਅਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਸਫਾਈ ਯੂਨੀਅਨ ਅਤੇ ਨਿਗਮ ਯੂਨੀਅਨ ਦੇ ਆਗੂਆਂ ਦੇ ਤੇਵਰ ਬਹੁਤ ਤਿੱਖੇ ਚੱਲ ਰਹੇ ਹਨ। ਹੁਣ ਦੇਖਣਾ ਹੈ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸਾਥ ਨਾ ਮਿਲਣ ਕਾਰਣ ਮੇਅਰ ਨਿਗਮ ਦੀ ਰਾਜਨੀਤੀ ਵਿਚ ਕੀ ਭੂਮਿਕਾ ਅਦਾ ਕਰ ਪਾਉਂਦੇ ਹਨ। ਵਰਣਨਯੋਗ ਹੈ ਕਿ ਸ਼ਹਿਰ ਦੇ ਲਗਭਗ ਚਾਰੋਂ ਵਿਧਾਇਕ ਇਸ ਵਿਚਾਰ ਨਾਲ ਸਹਿਮਤ ਹਨ ਕਿ ਚੋਣਾਂ ਦੇ ਸਾਲ ਵਿਚ ਗੱਡੇ ਮੁਰਦੇ ਪੁੱਟਣ ਦੀ ਜਗ੍ਹਾ ਮੇਅਰ ਅਤੇ ਕੌਂਸਲਰਾਂ ਨੂੰ ਨਿਗਮ ਅਧਿਕਾਰੀਆਂ ਦਾ ਸਾਥ ਲੈ ਕੇ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ’ਚ ਫਿਰ ਮਤਾ ਪਾਸ

ਦਾਇਰ ਹੋ ਸਕਦੈ ਅਦਾਲਤ ਦੀ ਮਾਣਹਾਨੀ ਦਾ ਕੇਸ
ਕੌਂਸਲਰ ਹਾਊਸ ਦੀ ਮੀਟਿੰਗ ਵਿਚ ਜਿਸ ਤਰ੍ਹਾਂ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੀ ਸਲਾਹ ਨੂੰ ਅਣਡਿੱਠ ਕਰ ਕੇ ਐਡਵਰਟਾਈਜ਼ਮੈਂਟ ਕੰਟਰੈਕਟ ਨੂੰ ਰੱਦ ਕੀਤਾ ਗਿਆ, ਉਸ ਨੂੰ ਲੈ ਕੇ ਕ੍ਰੀਏਟਿਵ ਡਿਜ਼ਾਈਨਰ ਕੰਪਨੀ ਆਉਣ ਵਾਲੇ ਦਿਨਾਂ ਵਿਚ ਅਦਾਲਤ ਦੀ ਮਾਣਹਾਨੀ ਦਾ ਕੇਸ ਦਾਇਰ ਕਰ ਸਕਦੀ ਹੈ ਅਤੇ ਇਸ ਮਾਮਲੇ ਵਿਚ ਵਕੀਲਾਂ ਨੇ ਪੂਰੀ ਤਿਆਰੀ ਵੀ ਲਗਭਗ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਮਾਣਹਾਨੀ ਦਾ ਕੇਸ ਦਾਇਰ ਕਰਨ ਲਈ ਸਬੰਧਤ ਧਿਰ ਨੂੰ ਲੀਗਲ ਨੋਟਿਸ ਭੇਜਣਾ ਜ਼ਰੂਰੀ ਹੁੰਦਾ ਹੈ, ਜਿਸ ਕਾਰਣ ਕੰਪਨੀ ਦੇ ਵਕੀਲ ਨੇ ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਟਰੀ, ਡਾਇਰੈਕਟਰ, ਜਲੰਧਰ ਨਿਗਮ ਕਮਿਸ਼ਨਰ, ਮੇਅਰ ਜਲੰਧਰ ਅਤੇ ਜੁਆਇੰਟ ਕਮਿਸ਼ਨਰ ਨੂੰ ਲੀਗਲ ਨੋਟਿਸ ਸਰਵ ਕਰ ਦਿੱਤੇ ਹਨ, ਜਿਸ ਵਿਚ ਮੰਗ ਕੀਤੀ ਗਈ ਹੈ ਕਿ 19 ਫਰਵਰੀ ਨੂੰ ਹੋਈ ਹਾਊਸ ਦੀ ਮੀਟਿੰਗ ਵਿਚ ਪਾਸ ਕੀਤੇ ਗਏ ਪ੍ਰਸਤਾਵ ਨੂੰ ਰੱਦ ਜਾਂ ਪੈਂਡਿੰਗ ਕੀਤਾ ਜਾਵੇ। ਕੰਪਨੀ ਦਾ ਤਰਕ ਹੈ ਕਿ ਇਸ ਮਾਮਲੇ ਵਿਚ ਕੇਸ ਅਜੇ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਹੀ ਉਸ ਨੂੰ ਨਿਗਮ ਵੱਲੋਂ ਯੂਨੀਪੋਲ ਅਲਾਟ ਕੀਤੇ ਗਏ ਸਨ।

ਇਹ ਵੀ ਪੜ੍ਹੋ : ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ

ਇਕਜੁੱਟ ਹੋਏ ਨਿਗਮ ਮੁਲਾਜ਼ਮ ਦੇ ਸਕਦੇ ਹਨ ਹੜਤਾਲ ਦਾ ਸੱਦਾ
ਇਸੇ ਵਿਚਕਾਰ ਪੂਰੇ ਮਾਮਲੇ ਵਿਚ ਨਿਗਮ ਕਰਮਚਾਰੀਆਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਨਿਗਮ ਯੂਨੀਅਨਾਂ ਇਕ ਮੰਚ ’ਤੇ ਇਕੱਠੀਆਂ ਹੋ ਗਈਆਂ ਹਨ। ਸਾਰੀਆਂ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੀ ਇਕ ਕਮੇਟੀ ਅੱਜ ਹੋਈ। ਇਸ ਦੌਰਾਨ ਯੂਨੀਅਨ ਪ੍ਰਧਾਨ ਚੰਦਨ ਗਰੇਵਾਲ, ਮਨਦੀਪ ਿਸੰਘ ਮਿੱਠੂ, ਰਾਜਨ ਗੁਪਤਾ, ਰਜਨੀਸ਼ ਡੋਗਰਾ, ਡਾ. ਸ਼੍ਰੀਕ੍ਰਿਸ਼ਨ ਅਤੇ ਨਿਗਮ ਦੀਆਂ ਸਾਰੀਆਂ ਬ੍ਰਾਂਚਾਂ ਦੇ ਪ੍ਰਮੁੱਖ ਅਧਿਕਾਰੀ ਹਾਜ਼ਰ ਰਹੇ। ਮੀਟਿੰਗ ਦੌਰਾਨ ਚੁਣੇ ਪ੍ਰਤੀਨਿਧੀਆਂ ਦੇ ਰਵੱਈਏ ’ਤੇ ਰੋਸ ਪ੍ਰਗਟਾਉਂਦਿਆਂ ਫੈਸਲਾ ਲਿਆ ਗਿਆ ਕਿ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਟਾਊਨ ਹਾਲ ਵਿਚ ਸਾਰੀਆਂ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੀ ਇਕ ਵਿਸ਼ਾਲ ਮੀਟਿੰਗ ਕੀਤੀ ਜਾਵੇਗੀ। ਵੱਖ-ਵੱਖ ਪ੍ਰਤੀਨਿਧੀਆਂ ਨੇ ਕਿਹਾ ਕਿ ਮੇਅਰ ਅਤੇ ਉਨ੍ਹਾਂ ਦੇ ਚਹੇਤੇ ਕੌਂਸਲਰ ਨਿੱਜੀ ਰੰਜਿਸ਼ ਕੱਢ ਕੇ ਨਿਗਮ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਹਨ। ਕੋਰੋਨਾ ਕਾਲ ਵਿਚ ਵੀ ਜਿਹੜੇ ਕਰਮਚਾਰੀਆਂ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ, ਉਨ੍ਹਾਂ ਨੂੰ ਵੀ ਭ੍ਰਿਸ਼ਟ ਕਿਹਾ ਜਾ ਰਿਹਾ ਹੈ। ਆਧਾਰਹੀਣ ਦੋਸ਼ ਲਾ ਕੇ ਉਨ੍ਹਾਂ ਦੇ ਅਕਸ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ, ਇਸ ਲਈ ਚੁਣੇ ਪ੍ਰਤੀਨਿਧੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਅਤੇ ਇੱਟ ਨਾਲ ਇੱਟ ਵਜਾ ਦਿੱਤੀ ਜਾਵੇਗੀ। ਪਤਾ ਲੱਗਾ ਹੈ ਕਿ ਨਿਗਮ ਯੂਨੀਅਨਾਂ ਨੇ ਇਸ ਮੁੱਦੇ ’ਤੇ ਸ਼ਹਿਰ ਵਿਚ ਹੜਤਾਲ ਦਾ ਸੱਦਾ ਤੱਕ ਦੇਣ ਦੀ ਤਿਆਰੀ ਕਰ ਲਈ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਕਹਿਰ ਮਚਾਉਣ ਲੱਗਾ ਕੋਰੋਨਾ, ਸਰਕਾਰੀ ਸਕੂਲਾਂ ਦੇ ਬੱਚਿਆਂ ਸਣੇ 178 ਨਵੇਂ ਮਾਮਲਿਆਂ ਦੀ ਪੁਸ਼ਟੀ


shivani attri

Content Editor

Related News