''ਪੰਜਾਬ ਸੜਕ ਸਫ਼ਾਈ ਮਿਸ਼ਨ'' ਦੇ ਨਿਰੀਖਣ ਦੌਰਾਨ ਮਿਲੀਆਂ ਖ਼ਮੀਆਂ, ਵਿਭਾਗਾਂ ਨੂੰ ਸਖ਼ਤ ਆਦੇਸ਼ ਜਾਰੀ
Saturday, Jul 19, 2025 - 04:06 PM (IST)

ਜਲੰਧਰ (ਪੁਨੀਤ)- ਪੰਜਾਬ ਸੜਕ ਸਫ਼ਾਈ ਮਿਸ਼ਨ ਤਹਿਤ ਜ਼ਿਲ੍ਹੇ ਵਿਚ ਆਈ. ਏ. ਐੱਸ. , ਪੀ. ਸੀ. ਐੱਸ. ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 10 ਕਿਲੋਮੀਟਰ ਲੰਬਾਈ ਦੀਆਂ 51 ਸੜਕਾਂ ਨੂੰ ਗੋਦ ਲਈਆਂ ਹੋਈਆਂ ਹਨ। ਬੀਤੇ ਦਿਨ ਇਨ੍ਹਾਂ ਸੜਕਾਂ ਦਾ ਨਿਰੀਖਣ ਕਰਨ ’ਤੇ ਅਧਿਕਾਰੀਆਂ ਨੂੰ ਖ਼ਾਮੀਆਂ ਨਜ਼ਰ ਆਈਆਂ। ਵੱਖ-ਵੱਖ ਥਾਵਾਂ ’ਤੇ ਪਹੁੰਚੇ ਅਧਿਕਾਰੀਆਂ ਨੂੰ ਟੋਏ, ਕੂੜੇ ਦੇ ਢੇਰ, ਟੁੱਟੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦੀ ਘਾਟ ਵਰਗੀਆਂ ਕਈ ਖ਼ਾਮੀਆਂ ਮਿਲੀਆਂ।
ਇਨ੍ਹਾਂ ਸਾਰੀਆਂ ਖ਼ਾਮੀਆਂ ਸਬੰਧੀ ਸਬੰਧਤ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਨਿਰੀਖਣ ਦੌਰਾਨ ਮੌਜੂਦ ਅਧਿਕਾਰੀਆਂ ਅਤੇ ਉਨ੍ਹਾਂ ਦੇ ਦੌਰੇ ਦੇ ਵੇਰਵੇ ਇਸ ਪ੍ਰਕਾਰ ਸਨ-ਏ. ਡੀ. ਸੀ. (ਜ.) ਅਮਨਿੰਦਰ ਕੌਰ ਨੇ ਪੁਰਾਣੀ ਸੁਰਾਨੱਸੀ ਰੋਡ ਦਾ ਦੌਰਾ ਕੀਤਾ ਅਤੇ ਸੜਕ ਕਿਨਾਰੇ ਪਏ ਕੂੜੇ ਦੇ ਢੇਰਾਂ ਨੂੰ ਹਟਾਉਣ ਅਤੇ ਇਸ ਨੂੰ ਨਿਯਮਤ ਤੌਰ ’ਤੇ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ। ਵਧੀਕ ਏ. ਡੀ. ਸੀ. ਸ਼ਹਿਰੀ ਵਿਕਾਸ ਜਸਬੀਰ ਸਿੰਘ ਨੇ ਬੀ. ਐੱਮ. ਸੀ. ਚੌਂਕ ਤੋਂ ਕੂਲ ਰੋਡ ਤੱਕ ਦਾ ਨਿਰੀਖਣ ਕੀਤਾ ਅਤੇ ਫੁੱਟਪਾਥ ਦੀ ਮੁਰੰਮਤ ਅਤੇ ਚੁਨਮੁਨ ਮਾਲ ਦੇ ਨੇੜੇ ਝਾੜੀਆਂ ਦੀ ਕਟਾਈ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ: Punjab: ਛੁੱਟੀ ਆਏ ਫ਼ੌਜੀ ਦੀ ਗੱਡੀ 'ਚੋਂ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ
ਐੱਸ. ਡੀ. ਐੱਮ.-1 ਰਣਦੀਪ ਸਿੰਘ ਹੀਰ ਨੇ ਬੁਲੰਦਪੁਰ ਰੋਡ ਦੇ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ, ਸੜਕਾਂ ਦੀ ਸਫ਼ਾਈ ਕਰਨ ਅਤੇ ਟੋਇਆਂ ਨੂੰ ਭਰਨ ਲਈ ਕਿਹਾ, ਜਦਕਿ ਐੱਸ. ਡੀ. ਐੱਮ.-2 ਸ਼ਾਇਰੀ ਮਲਹੋਤਰਾ ਨੇ ਐੱਨ. ਐੱਚ. 44 ਦਾ ਨਿਰੀਖਣ ਕਰਦੇ ਹੋਏ ਗਰਿੱਲਾਂ, ਡਰੇਨ ਕਵਰਾਂ ਦੀ ਮੁਰੰਮਤ ਕਰਨ ਅਤੇ ਫੁੱਟ ਓਵਰ ਬ੍ਰਿਜ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਐੱਸ. ਡੀ. ਐੱਮ. ਆਦਮਪੁਰ ਅਤੇ ਵਧੀਕ ਚਾਰਜ ਏ. ਡੀ. ਸੀ. ਪੇਂਡੂ ਵਿਕਾਸ ਵਿਵੇਕ ਮੋਦੀ ਨੇ ਪਠਾਨਕੋਟ ਹਾਈਵੇਅ ਅਤੇ ਕਿਸ਼ਨਪੁਰਾ ਚੌਂਕ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਸ਼ਨਪੁਰਾ ਰੋਡ ’ਤੇ ਸਟਰੀਟ ਲਾਈਟਾਂ ਲਗਾਉਣ, ਦੋਆਬਾ ਕਾਲਜ ਦੇ ਪਿੱਛੇ ਟੋਏ ਭਰਨ ਅਤੇ ਸ਼੍ਰੀਮਾਨ ਹਸਪਤਾਲ ਨੇੜੇ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਲੁੱਟ ਲਿਆ SBI ਦਾ ATM
ਐੱਸ. ਡੀ. ਐੱਮ. ਨਕੋਦਰ ਲਾਲ ਵਿਸ਼ਵਾਸ ਨੇ ਨਕੋਦਰ ਰੋਡ ਤੋਂ ਐੱਨ. ਐੱਚ. 71 ਦਾ ਦੌਰਾ ਕੀਤਾ ਅਤੇ ਕਪੂਰਥਲਾ ਬਾਈਪਾਸ ਫਲਾਈਓਵਰ ਨੇੜੇ ਫੈਲੇ ਮਲਬੇ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸਕੱਤਰ ਆਰ. ਟੀ. ਏ. ਬਲਬੀਰ ਰਾਜ ਸਿੰਘ, ਸੰਯੁਕਤ ਕਮਿਸ਼ਨਰ ਮਨਦੀਪ ਕੌਰ, ਆਰ. ਟੀ. ਓ. ਅਮਨਪਾਲ ਸਿੰਘ, ਜ਼ਿਲਾ ਮਾਲ ਅਧਿਕਾਰੀ ਨਵਦੀਪ ਸਿੰਘ ਭੋਗਲ ਅਤੇ ਸਹਾਇਕ ਕਮਿਸ਼ਨਰ (ਯੂ. ਟੀ.) ਮੁਕਿਲਨ ਆਰ. ਨੇ ਵੀ ਆਪਣੇ-ਆਪਣੇ ਹਿੱਸੇ ਦੀਆਂ ਸੜਕਾਂ ਦਾ ਨਿਰੀਖਣ ਕੀਤਾ ਅਤੇ ਸੁਧਾਰ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼, ਸੁਰੱਖਿਅਤ ਅਤੇ ਸੰਗਠਿਤ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਆਵਾਜਾਈ ਦਾ ਅਨੁਭਵ ਮਿਲ ਸਕੇ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਹਲਚਲ! 2 ਦਰਜਨ ਆਗੂਆਂ ਨੇ ਦਿੱਤੇ ਪਾਰਟੀ ਤੋਂ ਅਸਤੀਫ਼ੇ
ਸਾਰੇ ਵਿਭਾਗਾਂ ਨੂੰ ਪਹਿਲ ਦੇ ਆਧਾਰ ’ਤੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦੈ : ਡੀ. ਸੀ. ਅਗਰਵਾਲ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਬੰਧਤ ਵਿਭਾਗ ਸੜਕਾਂ ਦਾ ਨਿਰੀਖਣ ਕਰਨ ਵਾਲੇ ਅਧਿਕਾਰੀਆਂ ਵੱਲੋਂ ਧਿਆਨ ਵਿਚ ਲਿਆਂਦੀਆਂ ਗਈਆਂ ਟੋਇਆਂ, ਕੂੜਾ, ਸਟਰੀਟ ਲਾਈਟਾਂ ਅਤੇ ਹੋਰ ਰੱਖ-ਰਖਾਅ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਤਾਂ ਜੋ ਸੜਕਾਂ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਫ਼-ਸੁਥਰੇ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਇਸ ਮਿਸ਼ਨ ਤਹਿਤ ਜ਼ਿਲੇ ਦੀਆਂ 51 ਸੜਕਾਂ ਨੂੰ ਅਪਣਾਇਆ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਭਵਿੱਖ ਵਿਚ ਵੀ ਜਾਰੀ ਰਹੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e