ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼, ਖੁਦਕੁਸ਼ੀ ਦੀ ਚਰਚਾ
Sunday, Mar 07, 2021 - 05:22 PM (IST)
ਜਲੰਧਰ (ਮਹੇਸ਼)- ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਕਰੀਬ 7 ਵਜੇ ਬੇਗਮਪੁਰਾ ਐਕਸਪ੍ਰੈਸ ਦੀ ਲਪੇਟ ਵਿੱਚ ਆਉਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਰੇਲਵੇ ਪੁਲਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਾਲ 1992 ਵਿਚ ਜਲੰਧਰ ਛਾਉਣੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਖ਼ਿਲਾਫ਼ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਵਾਲੇ ਸਾਬਕਾ ਜ਼ਿਲਾ ਭਾਜਪਾ ਸ਼ਹਿਰੀ ਪ੍ਰਧਾਨ ਸ਼ਿਵ ਦਿਆਲ ਚੁੱਘ ਦੀ ਐਤਵਾਰ ਸਵੇਰੇ 7 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਬੇਗਮਪੁਰਾ ਐਕਸਪ੍ਰੈੱਸ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’
ਉਨ੍ਹਾਂ ਦੀ ਮੌਤ ਨੂੰ ਖ਼ੁਦਕੁਸ਼ੀ ਦੱਸਿਆ ਜਾ ਰਿਹਾ ਹੈ ਪਰ ਮਾਮਲੇ ਦੀ ਜਾਂਚ ਕਰ ਰਹੀ ਰੇਲਵੇ ਪੁਲਸ ਜਲੰਧਰ ਛਾਉਣੀ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜੀ. ਆਰ. ਪੀ. ਐੱਫ. ਦੀ ਚੌਂਕੀ ਇੰਚਾਰਜ ਐੱਸ ਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਪਹੁੰਚੇ ਸ਼ਿਵ ਦਿਆਲ ਚੁੱਘ ਦੇ ਪੁੱਤਰ ਰੋਹਨ ਚੁੱਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਸਵੇਰ ਤੋਂ ਲਾਪਤਾ ਸਨ ਅਤੇ ਉਹ ਉਨ੍ਹਾਂ ਦੀ ਭਾਲ ਕਰ ਰਹੇ ਸਨ। ਮ੍ਰਿਤਕ ਸ਼ਿਵ ਦਿਆਲ ਚੁੱਘ ਪੁੱਤਰ ਰਾਮ ਚੰਦਰ ਚੁੱਘ ਨਿਵਾਸੀ ਅਰਬਨ ਅਸਟੇਟ ਫੇਜ਼-1 ਜਲੰਧਰ ਪੰਜਾਬ ਭਾਜਪਾ ਦੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਦੇ ਸੀਨੀਅਰ ਨੇਤਾ ਤੋਂ ਇਲਾਵਾ ਪੰਜਾਬ ਹਰਿਆਣਾ ਫਾਇਨਾਂਸ ਕੰਪਨੀ ਦੇ ਮਾਲਕ ਸਨ। ਉਹ ਨਗਰ ਨਿਗਮ ਵਿਚ ਭਾਜਪਾ ਦੇ ਗੜ੍ਹਾ ਖੇਤਰ ਤੋਂ ਕੌਂਸਲਰ ਵੀ ਰਹੇ ।
ਇਹ ਵੀ ਪੜ੍ਹੋ: ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼
ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਵਾਰਾਣਸੀ ਤੋਂ ਜੰਮੂ ਜਾ ਰਹੀ ਟਰੇਨ ਬੇਗਮਪੁਰਾ ਐਕਸਪ੍ਰੈੱਸ ਹੇਠਾਂ ਆਉਣ ਨਾਲ ਮਾਰੇ ਗਏ ਇਕ ਵਿਅਕਤੀ ਬਾਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ , ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਨੇ ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਕਿਸੇ ਚੰਗੇ ਘਰ ਨਾਲ ਸਬੰਧ ਰੱਖਦਾ ਹੈ ਅਤੇ ਘਰੋਂ ਸੈਰ ਲਈ ਨਿਕਲਿਆ ਹੈ। ਉਸ ਦੀ ਕੋਈ ਵੀ ਆਈ. ਡੀ. ਨਾ ਮਿਲਣ ਕਾਰਣ ਦੇਰ ਸ਼ਾਮ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਰੋਹਨ ਚੁੱਘ ਦੇ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ ਭਾਜਪਾ ਦਾ ਸੀਨੀਅਰ ਨੇਤਾ ਸ਼ਿਵਦਿਆਲ ਚੁੱਘ ਹੈ।
ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸ਼ਿਵ ਦਿਆਲ ਚੁੱਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਸੋਮਵਾਰ ਨੂੰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ’ਤੇ ਉਨ੍ਹਾਂ ਦੀ ਮੌਤ ਦੇ ਕਾਰਣਾਂ ਸਬੰਧੀ ਪਤਾ ਲੱਗ ਸਕੇਗਾ। ਰਾਤ ਨੂੰ ਜਿਵੇਂ ਹੀ ਚੁਗ ਦੀ ਮੌਤ ਬਾਰੇ ਪਾਰਟੀ ਵਿਚ ਸੂਚਨਾ ਪਹੁੰਚੀ ਤਾਂ ਹਰ ਕਿਸੇ ਵਿਚ ਸ਼ੋਕ ਦੀ ਲਹਿਰ ਦੌੜ ਗਈ ਕਿਉਂਕਿ ਉਹ ਪਾਰਟੀ ਦੇ ਇਕ ਵਫ਼ਾਦਾਰ ਵਰਕਰ ਅਤੇ ਨੇਤਾ ਵਜੋਂ ਜਾਣੇ ਜਾਂਦੇ ਸਨ।
ਇਹ ਵੀ ਪੜ੍ਹੋ: ਨਸ਼ੇ ਨੇ ਨਿਗਲਿਆ ਮਾਂ ਦਾ ਜਵਾਨ ਪੁੱਤ, ਪਰਿਵਾਰ ਦਾ ਹੋਇਆ ਰੋ-ਰੋ ਬੁਰਾ ਹਾਲ
ਇਹ ਵੀ ਪੜ੍ਹੋ: ਮਜੀਠੀਆ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਕੈਪਟਨ ਦੇ ਇਸ਼ਾਰੇ ਤੋਂ ਬਾਅਦ ਸਾਨੂੰ ਸਦਨ ’ਚੋਂ ਕੱਢਿਆ ਬਾਹਰ