ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

05/16/2022 3:45:20 PM

ਜਲੰਧਰ (ਚੋਪੜਾ)– ਪੰਜਾਬ ’ਚ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ ਕਰ ਕੇ ਸੱਤਾ ’ਤੇ ਕਾਬਜ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਬੰਧਤ ਲੋਕਲ ਬਾਡੀਜ਼ ਵਿਭਾਗ ਨੇ ਸਰਕਾਰ ਬਣਨ ਦੇ ਕੁਝ ਦਿਨਾਂ ਬਾਅਦ ਹੀ ਵੱਡੀ ਕਾਰਵਾਈ ਕਰਦੇ ਹੋਏ ਇੰਪਰੂਵਮੈਂਟ ਟਰੱਸਟ ਜਲੰਧਰ ’ਚ ਕਰੋੜਾਂ ਰੁਪਏ ਦੇ ਹੋਏ ਘਪਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਲੋਕਲ ਬਾਡੀਜ਼ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ (ਸੀ. ਵੀ. ਓ.) ਰਾਜੀਵ ਸੇਖੜੀ ਵੱਲੋਂ ਜਲੰਧਰ ਟਰੱਸਟ ’ਚ ਟੀਮ ਨਾਲ ਕੀਤੀ ਗਈ ਰੇਡ ਤੋਂ ਬਾਅਦ ਟਰੱਸਟ ’ਚ ਹੋਏ ਘਪਲਿਆਂ ਅਤੇ ਰਿਕਾਰਡ ਦੀਆਂ ਗੁੰਮ ਹੋਈਆਂ ਫਾਈਲਾਂ ਦਾ ਮਾਮਲਾ ਸੁਰਖ਼ੀਆਂ ਬਣ ਚੁੱਕਾ ਹੈ।

ਟਰੱਸਟ ਦੀਆਂ ਵੱਖ-ਵੱਖ ਸਕੀਮਾਂ ’ਚ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਦੀ ਨਿਯਮਾਂ ਵਿਰੁੱਧ ਹੋਈ ਅਲਾਟਮੈਂਟ, ਚੇਂਜ ਆਫ ਪਲਾਟ, ਨਾਨ ਕੰਸਟਰੱਕਸ਼ਨ ਚਾਰਜਿਜ਼ ਵਸੂਲੇ ਬਗੈਰ ਰਜਿਸਟਰੀਆਂ/ਐੱਨ. ਡੀ. ਸੀ. ਜਾਰੀ ਕਰਨ ਦੇ ਮਾਮਲਿਆਂ ਨਾਲ ਸੀ. ਵੀ. ਓ. ਵੱਲੋਂ ਸ਼ੁਰੂਆਤੀ ਜਾਂਚ ’ਚ ਕਈ ਸ਼ਿਕਾਇਤਾਂ ਨਾਲ ਸਬੰਧਤ ਫਾਈਲਾਂ ’ਚ ਬੇਨਿਯਮੀਆਂ ਪਾਈਆਂ ਗਈਆਂ ਹਨ। ਹਾਲਾਂਕਿ ਸੀ. ਵੀ.ਓ. ਵੱਲੋਂ ਤਲਬ ਕਰਨ ਦੇ ਬਾਵਜੂਦ ਕਈ ਫਾਈਲਾਂ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਸੀ. ਵੀ. ਓ. ਨੇ ਜਲੰਧਰ ਟਰੱਸਟ ’ਚ ਹੀ ਜਾਂਚ ਦੌਰਾਨ ਸੀਨੀਅਰ ਸਹਾਇਕ ਅਜੈ ਮਲਹੋਤਰਾ ਦੀ ਛੁੱਟੀ ਨੂੰ ਰੱਦ ਕਰ ਕੇ ਉਨ੍ਹਾਂ ਨੂੰ 2 ਦਿਨਾਂ ’ਚ ਬਾਕੀ ਫਾਈਲਾਂ ਚੰਡੀਗੜ੍ਹ ਪਹੁੰਚਾਉਣ ਦੇ ਹੁਕਮ ਦਿੱਤੇ। ਸੀ. ਵੀ. ਓ. ਜਾਂਚ ਲਈ ਕਈ ਫਾਈਲਾਂ ਆਪਣੇ ਨਾਲ ਲੈ ਗਏ ਸਨ। ਹਾਲਾਂਕਿ ਬਾਅਦ ’ਚ ਸੀਨੀਅਰ ਸਹਾਇਕ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਕੋਲੋਂ ਜਿਹੜੀਆਂ ਫਾਈਲਾਂ ਮੰਗੀਆਂ ਗਈਆਂ ਸਨ, ਉਹ ਉਸ ਨੇ ਚੰਡੀਗੜ੍ਹ ਦਫਤਰ ਪਹੁੰਚਾ ਦਿੱਤੀਆਂ ਹਨ।

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਪਰ ਹੈਰਾਨੀਜਨਕ ਹੈ ਕਿ ਲਗਭਗ 2 ਮਹੀਨੇ ਬਾਅਦ ਵੀ ਇੰਪਰੂਵਮੈਂਟ ਟਰੱਸਟ ਜਲੰਧਰ ਦਫ਼ਤਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਆਖਿਰ ਸੀ. ਵੀ. ਓ. ਕਿਹੜਾ ਰਿਕਾਰਡ ਆਪਣੇ ਨਾਲ ਲੈ ਗਏ ਹਨ ਅਤੇ ਕਿਹੜੀਆਂ-ਕਿਹੜੀਆਂ ਫਾਈਲਾਂ ਸੀਨੀਅਰ ਸਹਾਇਕ ਨੇ ਸੀ. ਵੀ. ਓ. ਲੋਕਲ ਬਾਡੀਜ਼ ਤਕ ਪਹੁੰਚਾਈਆਂ ਹਨ, ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਇੰਪਰੂਵਮੈਂਟ ਟਰੱਸਟ ਘਨਸ਼ਾਮ ਥੋਰੀ ਨੇ ਵੀ ਲੋਕਲ ਬਾਡੀਜ਼ ਡਿਪਾਰਟਮੈਂਟ ਪੰਜਾਬ ਦੇ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੂੰ ਚਿੱਠੀ ਲਿਖ ਕੇ ਸੀ. ਵੀ. ਓ. ਕੋਲ ਪਈਆਂ ਜਲੰਧਰ ਟਰੱਸਟ ਰਿਕਾਰਡ ਨਾਲ ਸਬੰਧਤ ਫਾਈਲਾਂ ਦੀ ਸੂਚੀ ਮੰਗੀ ਹੈ। ਥੋਰੀ ਨੇ ਕਿਹਾ ਕਿ ਕੀ ਸੀ. ਵੀ. ਓ. ਕੁਝ ਰਿਕਾਰਡ ਆਪਣੇ ਨਾਲ ਲੈ ਗਏ ਹਨ? ਪਰ ਉਨ੍ਹਾਂ ਵੱਲੋਂ ਰਿਕਾਰਡ ਦੀ ਲਿਸਟ ਇਸ ਦਫਤਰ ’ਚ ਮੁਹੱਈਆ ਨਹੀਂ ਕਰਵਾਈ ਗਈ। ਉਥੇ ਹੀ, ਸੀ. ਵੀ. ਓ. ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 9 ਮਈ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਪਿਛਲੀ 11 ਮਈ ਨੂੰ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਆਹਲੂਵਾਲੀਆ ਨੂੰ ਸ਼ੋਅ-ਕਾਜ਼ ਨੋਟਿਸ ਜਾਰੀ ਕਰਕੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਕੰਮ ਕਰਨ ਦੇ ਮਾਮਲਿਆਂ ਨੂੰ ਲੈ ਕੇ 46 ਦੇ ਲਗਭਗ ਸਵਾਲਾਂ ਦਾ ਜਵਾਬ ਮੰਗਿਆ ਹੈ।

ਪਰ ਦੂਜੇ ਪਾਸੇ ਜਲੰਧਰ ਟਰੱਸਟ ’ਚ ਸੀਨੀਅਰ ਸਹਾਇਕ ਦੇ ਨਾਂ ਰਿਕਾਰਡ ਰੂਮ ’ਚ ਚੜ੍ਹੀਆਂ 120 ਫਾਈਲਾਂ ਦੇ ਗੁੰਮ ਹੋਣ ਜਾਂ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ-ਕਮ-ਟਰੱਸਟ ਚੇਅਰਮੈਨ ਘਨਸ਼ਾਮ ਥੋਰੀ ਦੀ ਸਿਫ਼ਾਰਿਸ਼ ’ਤੇ ਕਮਿਸ਼ਨਰੇਟ ਪੁਲਸ ਨੇ ਉਸ ਸਮੇਂ ਦੇ ਚੇਅਰਮੈਨ ਅਤੇ ਜੂਨੀਅਰ ਸਹਾਇਕ ਅਜੈ ਮਲਹੋਤਰਾ ਵਿਰੁੱਧ ਐੱਫ਼. ਆਈ. ਆਰ. ਦਰਜ ਕਰਨ ਤੋਂ ਬਾਅਦ ਬਿਠਾਈ ਜਾਂਚ ਕਮੇਟੀ ਕਾਰਨ ਮਾਮਲਾ ਠੰਡੇ ਬਸਤੇ ’ਚ ਪੈਂਦਾ ਦਿਸ ਰਿਹਾ ਹੈ। ਪਰ ਅਜੈ ਮਲਹੋਤਰਾ ਵੱਲੋਂ ਗੁੰਮ ਹੋਈਆਂ 70 ਦੇ ਕਰੀਬ ਫਾਈਲਾਂ ਟਰੱਸਟ ਦਫਤਰ ਵਿਚੋਂ ਹੀ ਲੱਭਣ ਦੇ ਦਾਅਵੇ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨੇ ਇਸ ਮਾਮਲੇ ਦਾ ਪਰਦਾਫਾਸ਼ ਕਰਨ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਨਿਗਰਾਨੀ ’ਚ 5 ਮੈਂਬਰੀ ਕਮੇਟੀ ਗਠਿਤ ਕੀਤੀ। ਹੁਣ ਕਮੇਟੀ ਨੇ ਜਾਂਚ ਕਰਨੀ ਹੈ ਕਿ ਅਸਲੀਅਤ ’ਚ ਕਿੰਨੀਆਂ ਫਾਈਲਾਂ ਗੁੰਮ ਹਨ? ਕਿੰਨੀਆਂ ਗੁੰਮ ਫਾਈਲਾਂ ਮਿਲ ਚੁੱਕੀਆਂ ਹਨ? ਜੇਕਰ ਪਹਿਲਾਂ ਫਾਈਲਾਂ ਗੁੰਮ ਸਨ ਤਾਂ ਬਾਅਦ ’ਚ ਰਿਕਾਰਡ ਰੂਮ ਤਕ ਕਿਵੇਂ ਪਹੁੰਚੀਆਂ? ਮਿਲੀਆਂ ਫਾਈਲਾਂ ਦੇ ਦਸਤਾਵੇਜ਼ਾਂ ਦੀ ਟੈਂਪਰਿੰਗ ਤਾਂ ਨਹੀਂ ਕੀਤੀ ਗਈ, ਵਰਗੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ
 

ਡਿਸਪੈਚ ਰਜਿਸਟਰ ਅਤੇ ਕੈਸ਼ਬੁੱਕ ਬਰਾਮਦ ਕਰਨਾ ਅਧਿਕਾਰੀਆਂ ਦੀ ਹੋਵੇਗੀ ਸਭ ਤੋਂ ਵੱਡੀ ਚੁਣੌਤੀ
ਇੰਪਰੂਵਮੈਂਟ ਟਰੱਸਟ ਜਲੰਧਰ ਦਫਤਰ ’ਚ ਪਿਛਲੇ ਸਾਲਾਂ ਦੌਰਾਨ ਹੋਏ ਕੰਮਾਂ ਦਾ ਡਿਸਪੈਚ ਰਜਿਸਟਰ ਅਤੇ ਕੈਸ਼ਬੁੱਕ ਨੂੰ ਬਰਾਮਦ ਕਰਵਾਉਣਾ ਚੀਫ ਵਿਜੀਲੈਂਸ ਅਫਸਰ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਤੇ ਪੁਲਸ ਵਿਭਾਗ ਲਈ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡਿਸਪੈਚ ਰਜਿਸਟਰ ਅਤੇ ਕੈਸ਼ਬੁੱਕ ਬਰਾਮਦ ਕਰਨ ਨੂੰ ਲੈ ਕੇ ਵੀ ਕਈ ਕਦਮ ਚੁੱਕੇ ਜਾਣਗੇ।

ਟਰੱਸਟ ਕਿ ਇਨ੍ਹਾਂ ਸਕੀਮਾਂ ’ਚ ਸਭ ਤੋਂ ਵੱਧ ਹੋਈਆਂ ਧਾਂਦਲੀਆਂ
ਇੰਪਰੂਵਮੈਂਟ ਟਰੱਸਟ ਦੀਆਂ ਜਿਹੜੀਆਂ ਸਕੀਮਾਂ ਵਿਚ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਦੀ ਨਿਯਮਾਂ ਦੇ ਉਲਟ ਅਲਾਟਮੈਂਟ, ਐੱਨ. ਸੀ. ਐੱਫ਼. ਲਈ ਬਗੈਰ ਐੱਨ. ਡੀ. ਸੀ. ਜਾਰੀ ਕਰਨ ਵਰਗੀਆਂ ਕਈ ਧਾਂਦਲੀਆਂ ਕੀਤੀਆਂ ਗਈਆਂ, ਉਨ੍ਹਾਂ ਸਕੀਮਾਂ ’ਚੋਂ ਮੁੱਖ ਤੌਰ ਸੂਰਿਆ ਐਨਕਲੇਵ ਐਕਸਟੈਨਸ਼ਨ, ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਗੁਰੂ ਗੋਬਿੰਦ ਸਿੰਘ ਐਵੇਨਿਊ, ਬੀ. ਐੱਸ. ਐੱਫ਼. ਕਾਲੋਨੀ, ਟਰਾਂਸਪੋਰਟ ਨਗਰ, ਜੀ. ਟੀ. ਬੀ. ਨਗਰ, ਮਾਸਟਰ ਤਾਰਾ ਸਿੰਘ ਨਗਰ, ਗੁਰੂ ਅਮਰ ਦਾਸ ਨਗਰ ਸਕੀਮ ਤੋਂ ਇਲਾਵਾ ਭਗਤ ਸਿੰਘ ਕਾਲੋਨੀ ਦੇ ਫਲੈਟ ਵੀ ਸ਼ਾਮਲ ਹਨ। ਇਨ੍ਹਾਂ ਸਕੀਮਾਂ ’ਚ ਟਰੱਸਟ ਅਧਿਕਾਰੀਆਂ ਵੱਲੋਂ ਵਰਤੀਆਂ ਗਈਆਂ ਬੇਨਿਯਮੀਆਂ ਅਤੇ ਧਾਂਦਲੀਆਂ ਦਾ ਜਲਦ ਖ਼ੁਲਾਸਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News