ਇੰੰਪਰੂਵਮੈਂਟ ਟਰੱਸਟ ਜਲਦ ਹੀ ਲਤੀਫਪੁਰਾ ਦੇ ਗ਼ੈਰ-ਕਾਨੂੰਨੀ ਕਬਜ਼ਿਆਂ ''ਤੇ ਕਰੇਗਾ ਵੱਡੀ ਕਾਰਵਾਈ

01/15/2020 1:12:01 PM

ਜਲੰਧਰ (ਚੋਪੜਾ)— ਆਰਥਿਕ ਮੰਦੀ 'ਚੋਂ ਗੁਜ਼ਰ ਰਿਹਾ ਇੰੰਪਰੂਵਮੈਂਟ ਟਰੱਸਟ ਹੁਣ ਆਪਣੀਆਂ ਜ਼ਮੀਨਾਂ 'ਤੇ ਕਬਜ਼ਾ ਛੁਡਾਉਣ ਨੂੰ ਲੈ ਕੇ ਫਿਰ ਸਰਗਰਮ ਹੋ ਗਿਆ ਹੈ। ਟਰੱਸਟ ਛੇਤੀ ਹੀ ਮਾਡਲ ਟਾਊਨ ਦੇ ਨੇੜੇ ਲਤੀਫਪੁਰਾ ਦੀ ਜ਼ਮੀਨ 'ਤੇ ਹੋਏ ਗੈਰ-ਕਾਨੂੰਨੀ ਕਬਜ਼ਿਆਂ 'ਤੇ ਵੱਡੀ ਕਾਰਵਾਈ ਕਰ ਕੇ ਉੱਥੋਂ ਦੇ ਕਬਜ਼ਿਆ ਨੂੰ ਢਾਹ ਦੇਵੇਗਾ। ਕਰੀਬ 75 ਕਰੋੜ ਰੁਪਏ ਦੀ ਜ਼ਮੀਨ 'ਤੇ ਕਬਜ਼ੇ ਲਈ ਟਰੱਸਟ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਚਰਚਾ ਹੈ ਕਿ ਮੁੱਖ ਮੰਤਰੀ ਦਫਤਰ ਤੋਂ ਵੀ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਨੂੰ ਇਕ ਪੱਤਰ ਮਿਲਿਆ ਹੈ। ਇਸ ਸਬੰਧ 'ਚ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ਲਤੀਫਪੁਰਾ ਦੀ ਬੇਸ਼ਕੀਮਤੀ ਕਰੀਬ 1 ਏਕੜ ਜ਼ਮੀਨ 'ਤੇ ਲੋਕਾਂ ਨੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ, ਜਿਨ੍ਹਾਂ ਨੂੰ ਹਟਾਉਣ ਦੀ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਪਰ ਕਿਸੇ ਕਾਰਣ ਇਸ ਨੂੰ ਵਿਚ ਹੀ ਰੋਕਣਾ ਪਿਆ ਸੀ ਪਰ ਹੁਣ ਟਰੱਸਟ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਬਜ਼ਿਆਂ 'ਤੇ ਠੋਸ ਕਾਰਵਾਈ ਕਰੇਗਾ। ਕਾਰਵਾਈ ਨੂੰ ਲੈ ਕੇ ਬੀਤੇ ਦਿਨੀਂ ਪ੍ਰਸ਼ਾਸਨੀ ਕੰਪਲੈਕਸ 'ਚ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਰੱਖੀ ਗਈ ਸੀ, ਜਿਸ ਵਿਚ ਲਤੀਫਪੁਰਾ ਦੇ ਕਬਜ਼ਿਆਂ ਦੇ ਸਬੰਧ ਵਿਚ ਰਣਨੀਤੀ ਬਣਾਈ ਜਾਣੀ ਸੀ ਪਰ ਕਿਸੇ ਕਾਰਨ ਮੀਟਿੰਗ ਨੂੰ ਮੁਲਤਵੀ ਕਰਨਾ ਪਿਆ ਹੈ। ਹੁਣ ਛੇਤੀ ਹੀ ਦੁਬਾਰਾ ਮੀਟਿੰਗ ਕਰਨਗੇ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਬਜ਼ਿਆਂ ਨੂੰ ਖਾਲੀ ਕਰਵਾਇਆ ਜਾਵੇਗਾ।

ਧੋਬੀਘਾਟ ਦੀ ਜ਼ਮੀਨ ਵੀ ਇੰੰਪਰੂਵਮੈਂਟ ਟਰੱਸਟ ਦੇ ਟਾਰਗੈੱਟ 'ਤੇ
ਇੰੰਪਰੂਵਮੈਂਟ ਟਰੱਸਟ ਲਤੀਫਪੁਰਾ ਦੇ ਨਾਲ ਧੋਬੀਘਾਟ ਦੀ ਜ਼ਮੀਨ ਨੂੰ ਵੀ ਖਾਲੀ ਕਰਵਾਉਣ ਦਾ ਪਲਾਨ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਬੇਸ਼ਕੀਮਤੀ ਜ਼ਮੀਨ ਦੀ ਪੈਮਾਈਸ਼ ਦਾ ਕੰਮ ਪਿਛਲੇ ਦਿਨੀਂ ਟਰੱਸਟ ਦੇ ਅਧਿਕਾਰੀਆਂ ਨੇ ਪੂਰਾ ਕਰ ਲਿਆ ਹੈ। ਜ਼ਮੀਨ ਨਾਲ ਸਬੰਧਤ ਕੇਸ ਦਾ ਫੈਸਲਾ ਵੀ ਟਰੱਸਟ ਦੇ ਪੱਖ 'ਚ ਆ ਚੁੱਕਾ ਹੈ। ਟਰੱਸਟ ਚੇਅਰਮੈਨ ਇਸ ਜ਼ਮੀਨ 'ਤੇ ਸ਼ਾਪ-ਕਮ-ਫਲੈਟ ਸਕੀਮ ਬਣਾ ਕੇ ਵੇਚਣਾ ਚਾਹੁੰਦਾ ਹੈ ਤਾਂ ਕਿ ਟਰੱਸਟ ਦੇ ਸਿਰ ਚੜ੍ਹੇ ਕਰਜ਼ੇ ਤੋਂ ਛੁਟਕਾਰਾ ਪਾਇਆ ਜਾ ਸਕੇ।
ਟਰੱਸਟ ਵੱਲੋਂ ਪੈਮਾਇਸ਼ ਕਰਨ ਦੀ ਕਾਰਵਾਈ ਦੌਰਾਨ ਧੋਬੀਘਾਟ 'ਤੇ ਕਾਬਜ਼ ਲੋਕ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਮਿਲੇ ਸਨ ਅਤੇ ਜ਼ਮੀਨ 'ਤੇ ਆਪਣਾ ਹੱਕ ਜਤਾਇਆ ਸੀ। ਇਸ ਦੌਰਾਨ ਚੇਅਰਮੈਨ ਨੇ ਉਨ੍ਹਾਂ ਨੂੰ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਵਿਖਾਉਣ ਨੂੰ ਕਿਹਾ ਸੀ ਅਤੇ ਇਕ ਕਮੇਟੀ ਬਣਾ ਕੇ ਟਰੱਸਟ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ ਸੁਝਾਅ ਵੀ ਦਿੱਤਾ ਸੀ ਪਰ 4 ਮਹੀਨਿਆਂ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ ਦੇ ਬਾਅਦ ਧੋਬੀਘਾਟ ਦੇ ਕਾਬਜ਼ ਲੋਕ ਨਾ ਤਾਂ ਅੱਜ ਤੱਕ ਕੋਈ ਦਸਤਾਵੇਜ਼ੀ ਪ੍ਰਮਾਣ ਪੇਸ਼ ਕਰ ਸਕੇ ਅਤੇ ਨਾ ਹੀ ਮਾਮਲੇ ਨੂੰ ਲੈ ਕੇ ਕੋਈ ਕਮੇਟੀ ਗਠਿਤ ਕਰ ਸਕੇ। ਟਰੱਸਟ ਚੇਅਰਮੈਨ ਦਾ ਦਾਅਵਾ ਹੈ ਕਿ ਉਕਤ ਜ਼ਮੀਨ ਨਾਲ ਸਬੰਧਤ ਕੋਈ ਕਾਗਜ਼ਾਤ ਕਾਬਜ਼ ਲੋਕਾਂ ਦੇ ਕੋਲ ਨਹੀਂ ਹਨ। ਉਹ ਤਾਂ ਸਿਰਫ ਟਾਈਮ ਕੱਢ ਰਹੇ ਹਨ।

ਪੰਜਾਬ ਸਰਕਾਰ ਤੋਂ ਕੋਈ ਪੱਤਰ ਨਹੀ ਮਿਲਿਆ : ਡਿਪਟੀ ਕਮਿਸ਼ਨਰ
ਇਸ ਸਬੰਧ 'ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲਤੀਫਪੁਰਾ ਦੇ ਕਬਜ਼ਿਆਂ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੋਈ ਪੱਤਰ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਅਜੇ ਕੋਈ ਮੀਟਿੰਗ ਕਾਲ ਨਹੀਂ ਕੀਤੀ ਗਈ ਹੈ ਪਰ ਇੰੰਪਰੂਵਮੈਂਟ ਟਰੱਸਟ ਜਦੋਂ ਡਿਮਾਂਡ ਕਰੇਗਾ, ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਮੀਟਿੰਗ ਵੀ ਕਰੇਗਾ ਅਤੇ ਕਬਜ਼ੇ ਹਟਾਉਣ ਨੂੰ ਲੈ ਕੇ ਪੁਲਸ ਫੋਰਸ ਵੀ ਉਪਲੱਬਧ ਕਰਵਾਈ ਜਾਵੇਗੀ।


shivani attri

Content Editor

Related News