ਆਮ ਜਨਤਾ ਦੀ ਜਾਨ ਜੋਖਮ ’ਚ, ਬੱਸ ਅੱਡਾ ਫਲਾਈਓਵਰ ’ਤੇ ਹਾਦਸਿਆਂ ਨੂੰ ਸੱਦਾ

07/06/2020 8:11:42 AM

ਜਲੰਧਰ, (ਪੁਨੀਤ)-ਬੱਸ ਅੱਡਾ ਫਲਾਈਓਵਰ ’ਤੇ ਕਾਫੀ ਸਮਾਂ ਪਹਿਲਾਂ ਇਕ ਉਦਯੋਗਪਤੀ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਜਲਦੀ ’ਚ ਪ੍ਰਸ਼ਾਸਨ ਨੇ ਘਾਟਾਂ ਨੂੰ ਦੂਰ ਕਰ ਕੇ ਖਾਨਾਪੂਰਤੀ ਕਰ ਦਿੱਤੀ। ਹੁਣ ਇਸ ਗੱਲ ਨੂੰ ਕਾਫੀ ਸਮਾਂ ਹੋ ਚੁੱਕਾ ਹੈ, ਇਸ ਲਈ ਪ੍ਰਸ਼ਾਸਨ ਫਿਰ ਤੋਂ ਨਿਸ਼ਚਿੰਤ ਹੋ ਚੁੱਕਾ ਹੈ।

ਫਲਾਈਓਵਰ ’ਤੇ ਕਈ ਤਰ੍ਹਾਂ ਦੀਆਂ ਕਮੀਆਂ ਹਨ ਜੋ ਮੁੜ ਤੋਂ ਕਿਸੇ ਦੀ ਵੀ ਜਾਨ ਜੋਖਮ ਵਿਚ ਪਾਉਣ ਦਾ ਕੰਮ ਕਰ ਸਕਦੀਆਂ ਹਨ। ਆਲਮ ਇਹ ਹੈ ਕਿ ਬੱਸ ਅੱਡਾ ਫਲਾਈਓਵਰ ਵਿਚ ਕਈ ਜਗ੍ਹਾ ਦਰਾਰਾਂ ਨਜ਼ਰ ਆ ਰਹੀਆਂ ਹਨ ਜੋ ਆਉਣ ਵਾਲੇ ਮੀਂਹ ਦੇ ਮੌਸਮ ਵਿਚ ਵੱਡਾ ਖਤਰਾ ਬਣ ਸਕਦੀਆਂ ਹਨ।

ਇਸੇ ਤਰ੍ਹਾਂ ਬੱਸ ਅੱਡੇ ਵੱਲ ਉਤਰਦੀ ਇਕ ਸਾਈਟ ’ਤੇ ਲੱਗੇ ਸਾਈਨ ਬੋਰਡ ਵੀ ਗਾਇਬ ਹਨ। ਇਸ ਸਾਈਨ ਬੋਰਡ ’ਤੇ ਲਿਖਿਆ ਗਿਆ ਸੀ ਕਿ ਇਹ ਰਸਤਾ ਸਿਰਫ ਬੱਸਾਂ ਲਈ ਹੈ, ਇਸ ਲਈ ਇਸ ਰਸਤੇ ਤੋਂ ਦੂਜੇ ਵਾਹਨ ਨਾ ਆਉਣ। ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸ ਅੱਡੇ ਵਾਲੇ ਪਾਸੇ ਉਤਰਦੀ ਇਸ ਸਾਈਟ ’ਤੇ ਟਰੈਫਿਕ ਪੁਲਸ ਨੇ ਨਾਕਾ ਲਗਾ ਕੇ ਰੋਜ਼ਾਨਾ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਤਾਂ ਕਿ ਲੋਕ ਸਮਝ ਸਕਣ।

ਹੁਣ ਟਰੈਫਿਕ ਪੁਲਸ ਕਿਸੇ ਵਾਹਨ ਚਾਲਕ ਨੂੰ ਰੋਕਦੀ ਹੈ ਤਾਂ ਉਸ ਦਾ ਸਾਫ ਕਹਿਣਾ ਹੁੰਦਾ ਹੈ ਕਿ ਕਿੱਥੇ ਲਿਖਿਆ ਹੈ ਕਿ ਇਥੇ ਨਹੀਂ ਆ ਸਕਦੇ।

ਉਥੇ ਹੀ ਪੈਦਲ ਚੱਲਣ ਵਾਲਾ ਫੁੱਟਪਾਥ ਵੀ ਕਈ ਜਗ੍ਹਾ ਤੋਂ ਟੁੱਟਿਆ ਹੋਇਆ ਹੈ। ਇਸ ਲਈ ਲੋਕਾਂ ਨੂੰ ਪੈਦਲ ਚੱਲਣਾ ਵੀ ਆਸਾਨ ਨਹੀਂ ਹੈ। ਲੋਕਾਂ ਦੀ ਮੰਗ ਹੈ ਕਿ ਦੋਪਹੀਆਂ ਅਤੇ ਚਾਰ ਪਹੀਆ ਵਾਹਨ ਤਾਂ ਜਿਵੇਂ ਤਿਵੇਂ ਲੰਘ ਜਾਂਦੇ ਹਨ ਪਰ ਸਭ ਤੋਂ ਜ਼ਿਆਦਾ ਮੁਸ਼ਕਲ ਪੈਦਲ ਚੱਲਣ ਵਾਲੇ ਯਾਤਰੀਆਂ ਨੂੰ ਆਉਂਦੀ ਹੈ ਕਿਉਂਕਿ ਉਹ ਫੁੱਟਪਾਥ ’ਤੇ ਨਾ ਚੱਲ ਕੇ ਸੜਕ ’ਤੇ ਚੱਲਦੇ ਹਨ।

ਨੰਗੀਆਂ ਤਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਥੇ ਕਈ ਥਾਵਾਂ ’ਤੇ ਤਾਰ ’ਤੇ ਟੇਪ ਆਦਿ ਨਹੀਂ ਕਰਵਾਈ ਗਈ। ਤਾਰਾਂ ਵੀ ਬੇਹੱਦ ਹੇਠਾਂ ਹਨ, ਜੇਕਰ ਕਿਸੇ ਦਾ ਪੈਰ ਫਿਸਲ ਜਾਵੇ ਤਾਂ ਉਸ ਦਾ ਹੱਥ ਨੰਗੀਆਂ ਤਾਰਾਂ ਤੱਕ ਪਹੁੰਚ ਸਕਦਾ ਹੈ ਅਤੇ ਕੋਈ ਵੀ ਹਾਦਸਾ ਹੋ ਸਕਦਾ ਹੈ।


Lalita Mam

Content Editor

Related News