ਰਿਮਾਈਂਡਰ ਦੇ ਬਾਵਜੂਦ ਜਲੰਧਰ ਨਿਗਮ ਨੇ ਨਹੀਂ ਭੇਜਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ

Saturday, Jun 27, 2026 - 02:44 PM (IST)

ਰਿਮਾਈਂਡਰ ਦੇ ਬਾਵਜੂਦ ਜਲੰਧਰ ਨਿਗਮ ਨੇ ਨਹੀਂ ਭੇਜਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ

ਜਲੰਧਰ (ਖੁਰਾਣਾ)– ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਲੋਕਲ ਬਾਡੀਜ਼ ਵਿਭਾਗ ਪੰਜਾਬ ਦੇ ਚੀਫ਼ ਵਿਜੀਲੈਂਸ ਆਫਿਸਰ (ਸੀ. ਵੀ. ਓ.) ਵੱਲੋਂ ਕੀਤੀ ਗਈ ਜਾਂਚ ਦੇ ਬਾਅਦ ਵੀ ਜਲੰਧਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਰਿਕਾਰਡ ਮੁਹੱਈਆ ਕਰਵਾਉਣ ਵਿਚ ਗੰਭੀਰ ਲਾਪਰਵਾਹੀ ਵਰਤਦਾ ਨਜ਼ਰ ਆ ਰਿਹਾ ਹੈ। ਵਾਰ-ਵਾਰ ਲਿਖਤੀ ਰਿਮਾਈਂਡਰ ਭੇਜੇ ਜਾਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਨੇ ਨਾ ਤਾਂ ਜਾਂਚ ਸਬੰਧੀ ਰਿਪੋਰਟ ਅਤੇ ਰਿਕਾਰਡ ਸੀ. ਵੀ. ਓ. ਦਫ਼ਤਰ ਨੂੰ ਭੇਜਿਆ ਅਤੇ ਨਾ ਹੀ ਕੋਈ ਅਧਿਕਾਰੀ ਇਸ ਸਬੰਧ ਵਿਚ ਚੰਡੀਗੜ੍ਹ ਸਥਿਤ ਦਫਤਰ ਵਿਚ ਪੇਸ਼ ਹੋਇਆ।
ਜਾਣਕਾਰੀ ਅਨੁਸਾਰ ਲਗਭਗ 3 ਮਹੀਨੇ ਪਹਿਲਾਂ 20 ਮਾਰਚ 2026 ਨੂੰ ਚੀਫ਼ ਵਿਜੀਲੈਂਸ ਅਫ਼ਸਰ ਆਪਣੀ ਟੀਮ ਨਾਲ ਜਲੰਧਰ ਪਹੁੰਚੇ ਸਨ। ਇਸ ਦੌਰਾਨ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਰਹੇ ਅਤੇ ਸ਼ਹਿਰ ਵਿਚ ਦਰਜਨਾਂ ਕਥਿਤ ਨਾਜਾਇਜ਼ ਇਮਾਰਤਾਂ ਦਾ ਮੌਕੇ ’ਤੇ ਹੀ ਮੁਆਇਨਾ ਕੀਤਾ ਗਿਆ। ਮੁਆਇਨੇ ਮਗਰੋਂ ਸੀ. ਵੀ. ਓ. ਨੇ ਨਿਗਮ ਅਧਿਕਾਰੀਆਂ ਨੂੰ ਸਬੰਧਤ ਸਾਰੇ ਮਾਮਲਿਆਂ ਦਾ ਰਿਕਾਰਡ ਅਤੇ ਰਿਪੋਰਟ ਚੰਡੀਗੜ੍ਹ ਸਥਿਤ ਸੀ. ਵੀ. ਓ. ਦਫ਼ਤਰ ਵਿਚ ਭੇਜਣ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ 84 ਅਧਿਆਪਕਾਂ 'ਤੇ ਡਿੱਗੀ ਗਾਜ! ਰੋਕੀ ਗਈ ਤਨਖ਼ਾਹ, ਜਾਣੋ ਵਜ੍ਹਾ

ਦੱਸਿਆ ਜਾ ਰਿਹਾ ਹੈ ਕਿ ਤੈਅ ਸਮਾਂ ਬੀਤ ਜਾਣ ਦੇ ਬਾਅਦ ਵੀ ਕੋਈ ਰਿਕਾਰਡ ਨਹੀਂ ਭੇਜਿਆ ਗਿਆ ਤਾਂ ਸੀ. ਵੀ. ਓ. ਦਫ਼ਤਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਨੂੰ 2-3 ਵਾਰ ਲਿਖਤੀ ਰਿਮਾਈਂਡਰ ਭੇਜੇ ਗਏ। ਇਸ ਦੇ ਬਾਵਜੂਦ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੇ ਨਾ ਤਾਂ ਕੋਈ ਦਸਤਾਵੇਜ਼ ਮੁਹੱਈਆ ਕਰਵਾਇਆ ਅਤੇ ਨਾ ਹੀ ਕੋਈ ਅਧਿਕਾਰੀ ਜਾਂ ਕਰਮਚਾਰੀ ਸਪੱਸ਼ਟੀਕਰਨ ਦੇਣ ਲਈ ਸੀ. ਵੀ. ਓ. ਦਫ਼ਤਰ ਪਹੁੰਚਿਆ।

ਇਸ ਰਵੱਈਏ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਚੀਫ਼ ਵਿਜੀਲੈਂਸ ਅਫ਼ਸਰ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਸਪੱਸ਼ਟ ਵਰਣਨ ਕੀਤਾ ਹੈ ਕਿ ਵਾਰ-ਵਾਰ ਰਿਮਾਈਂਡਰ ਭੇਜੇ ਜਾਣ ਦੇ ਬਾਵਜੂਦ ਉਨ੍ਹਾਂ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਜਿਨ੍ਹਾਂ ਦੀ ਜਾਂਚ ਖ਼ੁਦ ਸੀ. ਵੀ. ਓ. ਅਤੇ ਉਨ੍ਹਾਂ ਦੀ ਟੀਮ ਨੇ 20 ਮਾਰਚ ਨੂੰ ਕੀਤੀ ਸੀ।

ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ! ਦੁਕਾਨਦਾਰ ਗ੍ਰਿਫ਼ਤਾਰ

ਜੁਆਇੰਟ ਡਾਇਰੈਕਟਰ ਦੇ ਦਸਤਖਤ ਵਾਲੀ ਇਸ ਚਿੱਠੀ ਵਿਚ ਸੀ. ਵੀ. ਓ. ਦਫ਼ਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਲੰਧਰ ਨਗਰ ਨਿਗਮ ਨੂੰ 10 ਦਿਨਾਂ ਅੰਦਰ ਰਿਕਾਰਡ ਮੁਹੱਈਆ ਕਰਵਾਉਣ ਲਈ ਇਕ ਹੋਰ ਰਿਮਾਈਂਡਰ ਭੇਜਿਆ ਜਾਵੇ। ਜੇਕਰ ਇਸ ਦੇ ਬਾਅਦ ਵੀ ਰਿਕਾਰਡ ਪੇਸ਼ ਨਹੀਂ ਕੀਤਾ ਜਾਂਦਾ ਤਾਂ ਪੂਰੀ ਫਾਈਲ ਜ਼ਰੂਰੀ ਕਾਰਵਾਈ ਲਈ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਹੁਣ ਸਾਰਿਆਂ ਦੀਆਂ ਨਜ਼ਰਾਂ ਡਾਇਰੈਕਟਰ ਲੋਕਲ ਬਾਡੀਜ਼ ’ਤੇ ਟਿਕੀਆਂ ਹਨ। ਵੇਖਣਾ ਇਹ ਹੋਵੇਗਾ ਕਿ ਵਿਭਾਗ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਸੀ. ਵੀ. ਓ. ਦੇ ਹੁਕਮਾਂ ਦੀ ਕਥਿਤ ਉਲੰਘਣਾ ਕਰਨ ਵਾਲੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ ਭੇਜਦੇ ਸਨ ਪਾਕਿ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News