ਕਾਂਗਰਸੀ ਰਾਜ ’ਚ ਨਿਗਮ ਠੇਕੇਦਾਰਾਂ ਨੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ’ਚ ਹੀ ਕਰ ਦਿੱਤਾ ਸੀ ਲੱਖਾਂ ਦਾ ਘਪਲਾ

03/21/2022 5:51:19 PM

ਜਲੰਧਰ (ਖੁਰਾਣਾ)–ਅੱਜ ਤੋਂ ਠੀਕ ਇਕ ਸਾਲ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੀ ਪੂਰਬਲੀ ਸ਼ਾਮ ਜਲੰਧਰ ਨਗਰ ਨਿਗਮ ਦੇ ਇਕ ਠੇਕੇਦਾਰ ਨੇ ਸਥਾਨਕ ਭਗਤ ਸਿੰਘ ਚੌਕ ਵਿਚ ਸ਼ਹੀਦ-ਏ-ਆਜ਼ਮ ਦਾ ਇਕ ਬੁੱਤ ਸਥਾਪਿਤ ਕੀਤਾ ਸੀ, ਜਿਸ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਆਗੂਆਂ ਤੇ ਲੋਕਾਂ ਦੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ, ਜਦੋਂ ਉਨ੍ਹਾਂ ਦੇਖਿਆ ਕਿ ਨਾ ਤਾਂ ਆਦਮਕੱਦ ਬੁੱਤ ਦਾ ਸਾਈਜ਼ ਹੀ ਪੂਰਾ ਹੈ, ਸਗੋਂ ਇਹ ਬੁੱਤ ਕਿਸੇ 22-23 ਸਾਲਾ ਜੋਸ਼ੀਲੇ ਨੌਜਵਾਨ ਦਾ ਨਾ ਲੱਗ ਕੇ ਇਕ ਬਜ਼ੁਰਗ ਸੰਤ ਦਾ ਦਿਸ ਰਿਹਾ ਸੀ। ਬੁੱਤ ’ਚੋਂ ਭਗਤ ਸਿੰਘ ਵਰਗਾ ਜੋਸ਼ ਬਿਲਕੁਲ ਹੀ ਗਾਇਬ ਸੀ ਅਤੇ ਉਸ ਨੂੰ ਵੇਖ ਕੇ ਰਾਸ਼ਟਰਵਾਦ ਵਰਗੀ ਕੋਈ ਫੀਲਿੰਗ ਵੀ ਨਹੀਂ ਆਉਂਦੀ ਸੀ। ਪਿਛਲੇ ਸਾਲ 23 ਮਾਰਚ ਨੂੰ ਲੰਘੇ ਸ਼ਹੀਦੀ ਦਿਵਸ ’ਤੇ ਇਸ ਬੁੱਤ ਨੂੰ ਲੈ ਕੇ ਜਿਹੜਾ ਵਿਵਾਦ ਛਿੜਿਆ ਸੀ, ਉਹ ਅੱਜ ਤੱਕ ਕਾਇਮ ਹੈ ਕਿਉਂਕਿ ਇਸ ਮਾਮਲੇ ਵਿਚ ਪਿਛਲੀ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ।

ਪਿਛਲੇ ਕਾਂਗਰਸੀ ਰਾਜ ’ਚ ਨਿਗਮ ਠੇਕੇਦਾਰ ਨੇ ਭਗਤ ਸਿੰਘ ਦਾ ਬੁੱਤ ਲਾਉਣ ਵਿਚ ਹੀ ਲੱਖਾਂ ਰੁਪਏ ਦਾ ਘਪਲਾ ਕਰ ਦਿੱਤਾ ਪਰ ਉਸ ਦੀਆਂ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਨਾ ਤਾਂ ਨਿਗਮ ਕਮਿਸ਼ਨਰ ਨੇ ਕੋਈ ਐਕਸ਼ਨ ਲਿਆ ਤੇ ਨਾ ਹੀ ਕਾਂਗਰਸ ਦੇ 2 ਵਿਧਾਇਕਾਂ ਰਾਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੇ ਹੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦੀ ਸਿਫਾਰਿਸ਼ ਹੀ ਕੀਤੀ। ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਨੇ ਇਸ ਬੁੱਤ ’ਤੇ ਹੋਏ ਲੱਖਾਂ ਰੁਪਏ ਦੀ ਘਪਲੇ ਦੀ ਸ਼ਿਕਾਇਤ 24 ਮਾਰਚ 2021 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ’ਚ ਕੀਤੀ ਪਰ ਸੱਤਾ ਦੇ ਨਸ਼ੇ ’ਚ ਚੂਰ ਰਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਭ੍ਰਿਸ਼ਟਾਚਾਰ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਖਾਂ ’ਤੇ ਪੱਟੀ ਬੰਨ੍ਹ ਕੇ ਪਿਛਲੇ 5 ਸਾਲ ਚਲਾਏ ਜਾ ਰਹੇ ਸ਼ਾਸਨ ਵਿਚ ਹੋਏ ਭ੍ਰਿਸ਼ਟਾਚਾਰ ਦਾ ਹੀ ਨਤੀਜਾ ਹੈ ਕਿ ਹੁਣ 2-3 ਦਿਨਾਂ ਬਾਅਦ ਆਉਣ ਵਾਲੇ ਸ਼ਹੀਦੀ ਦਿਵਸ ’ਤੇ ਫਿਰ ਤੋਂ ਸੈਂਕੜੇ-ਹਜ਼ਾਰਾਂ ਲੋਕ ਉਸੇ ਬੁੱਤ ’ਤੇ ਹਾਰ ਚੜ੍ਹਾਉਣਗੇ, ਜੋ ਕਿਸੇ ਵੀ ਐਂਗਲ ਤੋਂ ਸ਼ਹੀਦ ਭਗਤ ਸਿੰਘ ਦਾ ਲੱਗਦਾ ਹੀ ਨਹੀਂ।

ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਭ੍ਰਿਸ਼ਟਾਚਾਰ ਨੂੰ ਸਹਿਣ ਕਰ ਜਾਵੇਗੀ
ਪਿਛਲੇ 5 ਸਾਲ ਕਾਂਗਰਸੀ ਆਗੂਆਂ ਨੇ ਤਾਂ ਖੈਰ ਅੱਖਾਂ ’ਤੇ ਪੱਟੀ ਬੰਨ੍ਹ ਕੇ ਰਾਜ ਚਲਾਇਆ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਸਹੁੰ ਚੁੱਕ ਕੇ ਰਾਜ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਜਲੰਧਰ ’ਚ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਹੋਏ ਲੱਖਾਂ ਰੁਪਏ ਦੇ ਘਪਲੇ ਨੂੰ ਇੰਝ ਹੀ ਸਹਿਣ ਕਰ ਜਾਵੇਗੀ। ਜੇਕਰ ਨਿਗਮ ਤੋਂ ਇਸ ਬੁੱਤ ’ਤੇ ਟੈਂਡਰ ਸਬੰਧੀ ਫਾਈਲ ਦੀ ਜਾਂਚ ਹੋਵੇ ਤਾਂ ਪਤਾ ਲੱਗੇਗਾ ਕਿ ਜਿਹੜਾ ਬੁੱਤ ਸੰਗਮਰਮਰ ਦਾ ਲੱਗਣਾ ਚਾਹੀਦਾ ਸੀ, ਉਹ ਪਾਲੀਸਟੋਨ ਨਾਂ ਦੇ ਪਦਾਰਥ ਦਾ ਹੈ, ਜਿਹੜਾ ਮੁਸ਼ਕਿਲ ਨਾਲ 60 ਹਜ਼ਾਰ ਦਾ ਹੋਵੇਗਾ ਪਰ ਇਸ ਦੇ ਲਈ ਠੇਕੇਦਾਰ ਨੇ ਲੱਗਭਗ 6 ਲੱਖ ਰੁਪਏ ਚਾਰਜ ਕੀਤੇ ਹਨ।

ਬੁੱਤ ਦੇ ਉੱਪਰ ਛੱਤਰੀ ਵੀ ਇੰਨੀ ਛੋਟੀ ਜਿਹੀ ਬਣਾਈ ਗਈ ਹੈ ਕਿ ਥੋੜ੍ਹੀ ਦੂਰੀ ਤੋਂ ਵੀ ਬੁੱਤ ਦਿਖਾਈ ਨਹੀਂ ਦਿੰਦਾ। ਚੌਕ ਦਾ ਬਾਕੀ ਸਿਵਲ ਵਰਕ ਵੀ ਬਹੁਤ ਹਲਕੇ ਦਰਜੇ ਦਾ ਕੀਤਾ ਗਿਆ ਹੈ ਅਤੇ ਚਾਰਜ ਫਸਟ ਕਲਾਸ ਮਟੀਰੀਅਲ ਦਾ ਕੀਤਾ ਗਿਆ ਹੈ। ਲੋਕਾਂ ਵਿਚ ਤਾਂ ਇਹ ਵੀ ਚਰਚਾ ਹੈ ਕਿ ਇਸ ਤੋਂ ਪਹਿਲਾਂ ਵਾਲਾ ਭਗਤ ਸਿੰਘ ਚੌਕ ਜ਼ਿਆਦਾ ਖੂਬਸੂਰਤ ਹੋਇਆ ਕਰਦਾ ਸੀ ਅਤੇ ਜਦੋਂ ਤੋਂ ਨਿਗਮ ਨੇ ਇਸ ’ਤੇ 10 ਲੱਖ ਰੁਪਏ ਖਰਚੇ ਹਨ, ਉਦੋਂ ਤੋਂ ਚੌਕ ਦੀ ਦਸ਼ਾ ਹੀ ਦੁਰਦਸ਼ਾ ਵਿਚ ਬਦਲ ਗਈ ਹੈ।

 ਚੌਕ ’ਚ ਲਾਇਆ ਸੈਲਫੀ ਪੁਆਇੰਟ ਵੀ ਬਹੁਤ ਘਟੀਆ ਕੁਆਲਿਟੀ ਦਾ, ਮਹੀਨੇ ਬਾਅਦ ਹੀ ਟੁੱਟ ਵੀ ਗਿਆ
ਪਿਛਲੇ ਸਾਲਾਂ ਦੌਰਾਨ ਨਿਗਮ ਦੇ ਠੇਕੇਦਾਰਾਂ ਨੇ ਕਿਸ ਤਰ੍ਹਾਂ ਕਰੋੜਾਂ ਰੁਪਏ ਦੇ ਘਪਲੇ ਕੀਤੇ, ਇਸ ਦੀਆਂ ਉਂਝ ਤਾਂ ਕਈ ਮਿਸਾਲਾਂ ਦੇਖਣ ਨੂੰ ਮਿਲ ਜਾਣਗੀਆਂ ਪਰ ਭਗਤ ਸਿੰਘ ਚੌਕ ਦੇ ਨਾਲ-ਨਾਲ ਇਕ ਤਾਜ਼ਾ ਮਿਸਾਲ ਇਸੇ ਚੌਕ ਦੇ ਇਕ ਡਿਵਾਈਡਰ ’ਤੇ ਲੱਗੇ ਉਸ ਸੈਲਫੀ ਪੁਆਇੰਟ ਦੀ ਵੀ ਹੈ, ਜਿਸ ਨੂੰ ਲੱਗਭਗ ਡੇਢ-ਦੋ ਮਹੀਨੇ ਪਹਿਲਾਂ ਹੀ ਲਾਇਆ ਗਿਆ ਸੀ। ‘ਆਈ ਲਵ ਜਲੰਧਰ’ ਨਾਂ ਦਾ ਇਹ ਸੈਲਫੀ ਪੁਆਇੰਟ ਇੰਨੇ ਘਟੀਆ ਮਟੀਰੀਅਲ ਨਾਲ ਬਣਾਇਆ ਗਿਆ ਹੈ, ਇਸ ਦਾ ਮੇਨ ‘ਲਵ ਸਾਈਨ’ ਹੀ ਟੁੱਟ ਗਿਆ ਹੈ। ਸੈਲਫੀ ਪੁਆਇੰਟ ਦਾ ਬੇਸ ਵੀ ਬਹੁਤ ਦੇਸੀ ਢੰਗ ਨਾਲ ਬਣਾਇਆ ਗਿਆ ਹੈ। ਅਜਿਹੀਆਂ ਘਟਨਾਵਾਂ ਤੋਂ ਸਾਫ ਦਿਸਦਾ ਹੈ ਕਿ ਨਿਗਮ ਦੇ ਕਈ ਠੇਕੇਦਾਰਾਂ ਨੇ ਆਪਣੇ ਬੈਂਕ ਅਕਾਊਂਟ ਭਰਨ ਲਈ ਨਿਗਮ ਕੋਲੋਂ ਲੱਖਾਂ ਰੁਪਏ ਲੈ ਕੇ ਸ਼ਹਿਰ ਦਾ ਸਤਿਆਨਾਸ ਕਰ ਦਿੱਤਾ।


Manoj

Content Editor

Related News