ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ 1.05 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ ਨਸ਼ਾ ਤਸਕਰ ਕਾਬੂ

05/18/2022 8:17:34 PM

ਜਲੰਧਰ : ਸ਼ਹਿਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਜਾਰੀ ਰੱਖਦਿਆਂ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਅੱਜ ਇਕ ਨਸ਼ਾ ਤਸਕਰ ਨੂੰ 1.05 ਕਿਲੋਗ੍ਰਾਮ ਹੈਰੋਇਨ, ਇਕ 32 ਬੋਰ ਦੇਸੀ ਹਥਿਆਰ, 3 ਜ਼ਿੰਦਾ ਕਾਰਤੂਸ, 1.72 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ, ਨਾਮਜ਼ਦ ਮਾਰਕੀਟ ਕਮੇਟੀਆਂ ਕੀਤੀਆਂ ਭੰਗ

ਇਸ ਸਬੰਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਆਫ਼ ਪੁਲਸ ਜਸਕਿਰਨ ਸਿੰਘ ਤੇਜਾ ਤੇ ਏ.ਡੀ.ਸੀ.ਪੀ. ਗੁਰਬਾਜ਼ ਸਿੰਘ ਵੀ ਮੌਜੂਦ ਸਨ, ਨੇ ਦੱਸਿਆ ਕਿ ਉਕਤ ਤਸਕਰ ਦੀ ਪਛਾਣ ਦੀਪਕ ਕਪੂਰ ਉਰਫ਼ ਦੀਪੂ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੀਪਕ (38) ਜੋ ਕਿ 7ਵੀਂ ਜਮਾਤ ਦਾ ਸਕੂਲ ਡਰਾਪਆਊਟ ਹੈ, ਲੰਬੇ ਸਮੇਂ ਤੋਂ ਨਸ਼ੇ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਇਸ ਸਮੇਂ ਥਾਣਾ ਲਾਲੜੂ (ਮੋਹਾਲੀ) ਅਤੇ ਸਦਰ ਪੁਲਸ ਸਟੇਸ਼ਨ ਜਲੰਧਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ 2 ਕੇਸਾਂ ਵਿੱਚ ਜ਼ਮਾਨਤ ’ਤੇ ਸੀ। ਤੂਰ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਦੀਪੂ ਬਾਬੂ ਜਗਜੀਵਨ ਰਾਮ ਚੌਕ ਤੋਂ ਘਾਹ ਮੰਡੀ ਤੱਕ ਸੜਕ ’ਤੇ ਕਿਸੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਦੇਣ ਵਾਲਾ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਦੀਪੂ ਨੂੰ ਬਾਬੂ ਜਗਜੀਵਨ ਰਾਮ ਚੌਕ ਨੇੜਿਓਂ 1.05 ਕਿਲੋਗ੍ਰਾਮ ਹੈਰੋਇਨ, ਇਕ 32 ਬੋਰ ਦੇਸੀ ਹਥਿਆਰ ਸਮੇਤ 3 ਜ਼ਿੰਦਾ ਕਾਰਤੂਸ, 1.72 ਲੱਖ ਦੀ ਡਰੱਗ ਮਨੀ ਅਤੇ ਇਕ ਹੀਰੋ ਮੋਟਰਸਾਈਕਲ (ਨੰਬਰ ਪੀ ਬੀ 08 ਸੀ ਯੂ 3581) ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 5 ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 61-85 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਤੂਰ ਨੇ ਦੱਸਿਆ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਪੁਲਸ ਵੱਲੋਂ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਨਸ਼ੇੜੀਆਂ ਨੇ 11 ਸਾਲਾ ਬੱਚੇ ਦਾ ਕਤਲ ਕਰ ਲਾਸ਼ ਖੇਤ 'ਚ ਦੱਬੀ

ਪੁਲਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਮਿਸ਼ਨਰੇਟ ਪੁਲਸ ਜਲੰਧਰ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਪੂਨਮ, ਰਜਿੰਦਰ ਕੁਮਾਰ ਤੇ ਬਿੰਨੀ, ਗੁਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਰਾਹੁਲ, ਸੁਰਿੰਦਰ ਕੁਮਾਰ, ਮੰਗਲ ਸਿੰਘ, ਕੁਲਵਿੰਦਰ ਸਿੰਘ ਉਰਫ ਰਾਜੂ, ਮਨੋਹਰ ਲਾਲ ਉਰਫ ਮਨੀ, ਜਾਰਜ ਉਰਫ ਗੋਪੀ ਅਤੇ ਅਖਿਲੇਸ਼ ਕੁਮਾਰ ਸਿੰਘ ਉਰਫ ਰਮੇਸ਼ ਕੁਮਾਰ ਸਮੇਤ 11 ਹੋਰ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਕਾਬੂ ਕੀਤਾ ਗਿਆ ਹੈ। ਤੂਰ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : CIA ਸਟਾਫ਼ ਵੱਲੋਂ ਅਸਲੇ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ JE ਸਣੇ 6 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News