ਪੰਜਾਬ ਸਰਕਾਰ ਦੇਵੇ ਧਿਆਨ: ਨਰਸਿੰਗ ਸਟਾਫ਼ ਦੀ ਘਾਟ ਨਾਲ ਜੂਝ ਰਿਹਾ ਸਿਵਲ ਹਸਪਤਾਲ, ਬੰਦ ਹੋਣ ਲੱਗੇ ਵਾਰਡ

06/21/2023 12:56:58 PM

ਜਲੰਧਰ (ਸ਼ੋਰੀ)–ਸਿਵਲ ਹਸਪਤਾਲ ਜਿਹੜਾ ਕਿ ਸੂਬੇ ਦਾ ਸਭ ਤੋਂ ਵੱਡਾ ਹਸਪਤਾਲ ਹੈ ਅਤੇ ਇਥੇ ਲਗਭਗ 500 ਤੋਂ ਉੱਪਰ ਬੈੱਡ ਹਨ। ਮਰੀਜ਼ ਵੀ ਆਪਣਾ ਇਲਾਜ ਕਰਵਾ ਕੇ ਘਰਾਂ ਨੂੰ ਸਹੀ ਸਲਾਮਤ ਖ਼ੁਸ਼ੀ-ਖ਼ੁਸ਼ੀ ਜਾਂਦੇ ਸਨ ਪਰ ਸ਼ਾਇਦ ਸਿਵਲ ਹਸਪਤਾਲ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਅਤੇ ਹਸਪਤਾਲ ਵਿਚ ਬੈੱਡ ਅੱਧੇ ਤੋਂ ਘੱਟ ਰਹਿ ਚੁੱਕੇ ਹਨ। ਇਸ ਦਾ ਕਾਰਨ ਇਹ ਹੈ ਕਿ ਹਸਪਤਾਲ ਵਿਚ ਨਰਸਿੰਗ ਸਟਾਫ਼ ਦੀ ਘਾਟ ਕਾਫ਼ੀ ਜ਼ਿਆਦਾ ਹੋ ਚੁੱਕੀ ਹੈ। ਹਾਲਾਤ ਤਾਂ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਨਰਸਾਂ ਦੀ ਘਾਟ ਕਾਰਨ ਹਸਪਤਾਲ ਵਿਚ ਤੀਜੀ ਮੰਜ਼ਿਲ ’ਤੇ ਸਥਿਤ ਆਈ. ਸੀ. ਯੂ. ਵਾਰਡ ਨੂੰ ਵੀ ਤਾਲਾ ਲਾ ਦਿੱਤਾ ਗਿਆ ਹੈ। ਉਥੇ ਹੀ, ਟੀ. ਬੀ. ਵਾਰਡ ਵਿਚ ਵੀ ਮਰੀਜ਼ਾਂ ਨੂੰ ਸਿਹਤ ਸਹੂਲਤ ਨਹੀਂ ਮਿਲ ਰਹੀ।

ਹਸਪਤਾਲ ਪ੍ਰਸ਼ਾਸਨ ਦੀ ਮੰਨੀਏ ਤਾਂ ਨਰਸਾਂ ਦੀ ਘਾਟ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇੰਨਾ ਹੀ ਨਹੀਂ, ਟੀ. ਬੀ. ਵਾਰਡ ਵਿਚ ਮਰੀਜ਼ਾਂ ਨੂੰ ਸ਼ਿਫਟ ਕਰਨਾ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਸਭ ਸਟਾਫ਼ ਨਰਸਾਂ ਦੀ ਘਾਟ ਕਾਰਨ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਟਾਫ਼ ਨਰਸਾਂ ਦੀ ਯੂਨੀਅਨ ਵੀ ਮੈਡੀਕਲ ਸੁਪਰਡੈਂਟ ਤੋਂ ਲੈ ਕੇ ਸਿਵਲ ਸਰਜਨ ਤਕ ਨੂੰ ਮਿਲ ਚੁੱਕੀ ਹੈ ਤਾਂ ਕਿ ਨਰਸਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਅਜਬ-ਗਜ਼ਬ: ਬੱਚੇ ਨੇ ਅਜਗਰ ਨੂੰ ਸਮਝ ਲਿਆ ਖਿਡੌਣਾ, ਪਹਿਲਾਂ ਕੀਤੀ ਸਵਾਰੀ ਫਿਰ ਖੋਲ੍ਹਣ ਲੱਗਾ ਮੂੰਹ

PunjabKesari

150 ਹੁੰਦੀਆਂ ਸਨ ਸਟਾਫ਼ ਨਰਸਾਂ, ਹੁਣ 54 ਰਹਿ ਗਈਆਂ
ਸਿਵਲ ਹਸਪਤਾਲ ਵਿਚ ਕੁਝ ਸਾਲ ਪਹਿਲਾਂ 150 ਦੇ ਲਗਭਗ ਸਟਾਫ ਨਰਸਾਂ ਮਰੀਜ਼ਾਂ ਦੀ ਦਿਨ-ਰਾਤ ਸੇਵਾ ਕਰਦੀਆਂ ਸਨ। ਇਸ ਤੋਂ ਬਾਅਦ ਵਧੇਰੇ ਨਰਸਾਂ ਰਿਟਾਇਰਡ ਹੋ ਗਈਆਂ ਤਾਂ ਕੁਝ ਨੇ ਆਪਣਾ ਤਬਾਦਲਾ ਦੂਜੀਆਂ ਥਾਵਾਂ ’ਤੇ ਕਰਵਾ ਲਿਆ। ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਵੀ ਨਹੀਂ ਕੀਤੀ ਗਈ, ਜਿਸ ਕਾਰਨ ਹੁਣ ਸਟਾਫ਼ ਨਰਸਾਂ ਦੀ ਪਹਿਲਾਂ ਤੋਂ ਵੀ ਜ਼ਿਆਦਾ ਘਾਟ ਹੋ ਚੁੱਕੀ ਹੈ। ਇਕ ਸੀਨੀਅਰ ਨਰਸ ਦਾ ਕਹਿਣਾ ਹੈ ਕਿ ਹੁਣ ਲਗਭਗ 54 ਸਟਾਫ ਨਰਸਾਂ ਹੀ ਹਸਪਤਾਲ ਵਿਚ ਕੰਮ ਕਰ ਰਹੀਆਂ ਹਨ। ਨਰਸਾਂ ਨੂੰ ਕੰਮ ਦਾ ਬੋਝ ਇੰਨਾ ਜ਼ਿਆਦਾ ਉਠਾਉਣਾ ਪੈ ਰਿਹਾ ਹੈ ਕਿ ਕਈ ਵਾਰ ਉਹ ਬੀਮਾਰ ਵੀ ਹੋ ਜਾਂਦੀਆਂ ਹਨ ਤਾਂ ਇਸ ਦੌਰਾਨ ਵੀ ਉਨ੍ਹਾਂ ਨੂੰ ਡਿਊਟੀ ਦੇਣੀ ਪੈਂਦੀ ਹੈ। ਨਰਸਾਂ ਦੀ ਘਾਟ ਕਾਰਨ ਹਾਲਾਤ ਇਹ ਦੇਖਣ ਨੂੰ ਮਿਲ ਰਹੇ ਹਨ ਕਿ ਨਵੇਂ ਬਣੇ ਟੀ. ਬੀ. ਵਾਰਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣ ਹਸਪਤਾਲ ਵਿਚ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਕਿਹੜਾ ਵਾਰਡ ਬੰਦ ਹੋਣ ਵਾਲਾ ਹੈ? ਉਥੇ ਹੀ, ਟੀ. ਬੀ. ਦੇ ਮਰੀਜ਼ਾਂ ਨੂੰ ਵੀ ਹੋਰ ਵਾਰਡ ਵਿਚ ਬਾਕੀ ਮਰੀਜ਼ਾਂ ਦੇ ਨਾਲ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਟੀ. ਬੀ. ਦੇ ਮਰੀਜ਼ਾਂ ਨੂੰ ਦੂਜੇ ਮਰੀਜ਼ਾਂ ਤੋਂ ਵੱਖ ਰੱਖ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਇਨਫੈਕਸ਼ਨ ਨਾ ਹੋ ਸਕੇ ਪਰ ਨਰਸਾਂ ਦੀ ਘਾਟ ਕਾਰਨ ਬਾਕੀ ਮਰੀਜ਼ਾਂ ਨੂੰ ਵੀ ਇਨਫੈਕਸ਼ਨ ਹੋ ਰਹੀ ਹੈ।

PunjabKesari

1.15 ਕਰੋੜ ਖਰਚਣ ਦੇ ਬਾਵਜੂਦ ਨਹੀਂ ਖੁੱਲ੍ਹਿਆ ਆਧੁਨਿਕ ‘ਬਰਨ ਯੂਨਿਟ’
ਸਿਵਲ ਹਸਪਤਾਲ ਵਿਚ ਕਰੋੜਾਂ ਦੀ ਲਾਗਤ ਨਾਲ ਟਰੌਮਾ ਵਾਰਡ ਦੀ ਤੀਜੀ ਮੰਜ਼ਿਲ ’ਤੇ 18 ਮਾਰਚ 2023 ਨੂੰ ਆਧੁਨਿਕ ‘ਬਰਨ ਯੂਨਿਟ’ ਦਾ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖ਼ੁਦ ਕੀਤਾ ਸੀ। ਇਸ ਯੂਨਿਟ ਨੂੰ ਬਣਾਉਣ ’ਤੇ 1.15 ਕਰੋੜ ਦੀ ਲਾਗਤ ਆਈ ਸੀ। ਮੀਡੀਆ ਨੂੰ ਵੀ ਬਿਆਨ ਦਿੱਤੇ ਗਏ ਸਨ ਕਿ ਝੁਲਸੇ ਮਰੀਜ਼ਾਂ ਨੂੰ ਜਿਥੇ ਹਰ ਤਰ੍ਹਾਂ ਦਾ ਸੰਭਵ ਇਲਾਜ ਮਿਲੇਗਾ, ਉਥੇ ਹੀ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਰੂਮ ਵਿਚ ਮਰੀਜ਼ਾਂ ਨੂੰ ਰਾਹਤ ਮਿਲੇਗੀ ਪਰ ਇਸਦੇ ਬਾਵਜੂਦ ਇਹ ‘ਬਰਨ ਯੂਨਿਟ’ ਸ਼ੋਅਪੀਸ ਹੀ ਬਣ ਕੇ ਰਹਿ ਗਿਆ ਹੈ। ਹਸਪਤਾਲ ਵਿਚ ਆਉਣ ਵਾਲੇ ਝੁਲਸੇ ਲੋਕਾਂ ਦਾ ਇਥੇ ਇਲਾਜ ਹੀ ਸ਼ੁਰੂ ਨਹੀਂ ਹੋਇਆ। ਇਸ ਦਾ ਕਾਰਨ ਵੀ ਇਹੀ ਦੱਸਿਆ ਜਾ ਰਿਹਾ ਹੈ ਕਿ ਨਰਸਾਂ ਦੀ ਘਾਟ ਕਾਰਨ ਇਸ ਯੂਨਿਟ ਨੂੰ ਸ਼ੁਰੂ ਨਹੀਂ ਕੀਤਾ ਗਿਆ। ਵੇਖਿਆ ਜਾਵੇ ਤਾਂ ਇਹ ਖਰਚ ਕਰਨ ਦੀ ਥਾਂ ਜੇਕਰ ਸਮਾਂ ਰਹਿੰਦੇ ਨਰਸਾਂ ਦੀ ਭਰਤੀ ਕੀਤੀ ਹੁੰਦੀ ਤਾਂ ਹਸਪਤਾਲ ਦੇ ਹਾਲਾਤ ਅੱਜ ਕੁਝ ਹੋਰ ਹੁੰਦੇ ਪਰ ਬਰਨ ਯੂਨਿਟ ਅੰਦਰ ਅਤੇ ਆਲੇ-ਦੁਆਲੇ ਮਿੱਟੀ ਹੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ 14 ਛੋਟੇ ਪੈਕੇਟ ਬਰਾਮਦ

ਕੀ ਕਹਿੰਦੇ ਹਨ ਮੈਡੀਕਲ ਸੁਪਰਡੈਂਟ ਡਾ. ਗੀਤਾ
ਇਸ ਬਾਰੇ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਗੀਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਈ ਵਾਰ ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ ਤਾਂ ਕਿ ਹਸਪਤਾਲ ਵਿਚ ਸਟਾਫ਼ ਨਰਸਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਉਹ ਵੀ ਚਾਹੁੰਦੇ ਹਨ ਕਿ ਹਸਪਤਾਲ ਵਿਚ ਬੰਦ ਪਏ ਵਾਰਡ ਜਲਦ ਖੁੱਲ੍ਹਣ ਤਾਂ ਕਿ ਲੋਕ ਇਨ੍ਹਾਂ ਦਾ ਲਾਭ ਲੈ ਸਕਣ।

PunjabKesari

ਨਰਸਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ : ਡਾਇਰੈਕਟਰ ਹੈਲਥ
ਦੂਜੇ ਪਾਸੇ ਇਸ ਬਾਰੇ ਜਦੋਂ ਪ੍ਰਤੀਨਿਧੀ ਨੇ ਇਸ ਸਮੱਸਿਆ ਲਈ ਫੋਨ ’ਤੇ ਡਾਇਰੈਕਟਰ ਹੈਲਥ ਡਾ. ਆਦਰਸ਼ਪਾਲ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਲਦ ਸਟਾਫ਼ ਨਰਸਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਇਸ ਗੱਲ ਨੂੰ ਲੈ ਕੇ ਗੰਭੀਰ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਕਿਸੇ ਵੀ ਤਰ੍ਹਾਂ ਸਟਾਫ਼ ਦੀ ਘਾਟ ਨਹੀਂ ਹੋਣੀ ਚਾਹੀਦੀ। ਸਟਾਫ਼ ਨਰਸਾਂ ਦੀ ਨਵੀਂ ਭਰਤੀ ਕਰਨ ਸਬੰਧੀ ਜਲਦ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ।

PunjabKesari

ਇਹ ਵੀ ਪੜ੍ਹੋ:ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News