ਛੁੱਟੀ ਵਾਲੇ ਦਿਨ ਬੱਸ ਅੱਡੇ ’ਚ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ ਦੀ ਵੀ ‘ਛੁੱਟੀ’

03/01/2021 5:00:44 PM

ਜਲੰਧਰ (ਪੁਨੀਤ)– ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਰੋਜ਼ਾਨਾ ਕੋਰੋਨਾ ਦੇ ਕੇਸ ਵਧ ਰਹੇ ਹਨ। ਅਜਿਹੇ ਹਾਲਾਤ ’ਚ ਪਬਲਿਕ ਪਲੇਸ ’ਤੇ ਕੋਰੋਨਾ ਦੇ ਫੈਲਣ ਦਾ ਡਰ ਸਭ ਤੋਂ ਵੱਧ ਹੁੰਦਾ ਹੈ। ਬੱਸ ਅੱਡਾ ਅਜਿਹੀ ਪਬਲਿਕ ਪਲੇਸ ਹੈ, ਜਿਥੇ ਸਿਰਫ ਸ਼ਹਿਰ ਜਾਂ ਆਲੇ-ਦੁਆਲੇ ਦੇ ਹੀ ਨਹੀਂ ਸਗੋਂ ਦੂਜੇ ਸੂਬਿਆਂ ਦੇ ਲੋਕ ਵੀ ਵੱਡੀ ਗਿਣਤੀ ’ਚ ਆਉਂਦੇ-ਜਾਂਦੇ ਰਹਿੰਦੇ ਹਨ। ਕੋਰੋਨਾ ਦੇ ਵਧ ਰਹੇ ਅੰਕੜਿਆਂ ਦੇ ਬਾਵਜੂਦ ਬੱਸ ਅੱਡੇ ’ਚ ਕੋਰੋਨਾ ਸਬੰਧੀ ਜਾਗਰੂਕਤਾ ਸਿਰਫ਼ ਵਿਖਾਵਾ ਸਾਬਤ ਹੋ ਰਹੀ ਹੈ। ਐਤਵਾਰ ਅਫ਼ਸਰਾਂ ਦੀ ਛੁੱਟੀ ਵਾਲੇ ਦਿਨ ਜ਼ਮੀਨੀ ਹਕੀਕਤ ਵੇਖ ਕੇ ਅਜਿਹਾ ਜਾਪ ਰਿਹਾ ਸੀ ਕਿ ਜਿਵੇਂ ਐਤਵਾਰ ਬੱਸ ਅੱਡੇ ’ਚ ਕੈਪਟਨ ਸਰਕਾਰ ਦੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ ਮੰਨਣ ਦੀ ਵੀ ‘ਛੁੱਟੀ’ ਹੋਵੇ।

PunjabKesari
ਐਤਵਾਰ ਕਈ ਬੱਸਾਂ ਦੇ ਡਰਾਈਵਰ ਬਿਨਾਂ ਮਾਸਕ ਦੇ ਨਜ਼ਰ ਆਏ, ਜਦੋਂ ਕਿ ਕਈਆਂ ਨੇ ਮਾਸਕ ਪਹਿਨਣ ਦੀ ਥਾਂ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਉਥੇ ਹੀ, ਪਬਲਿਕ ਦੀ ਗੱਲ ਕੀਤੀ ਜਾਵੇ ਤਾਂ ਬੱਸਾਂ ਦੇ ਚਾਲਕ ਦਲਾਂ ਤੋਂ ਵੱਧ ਜਾਗਰੂਕਤਾ ਲੋਕਾਂ ’ਚ ਦਿਖਾਈ ਦਿੱਤੀ। ਅਜਿਹਾ ਨਹੀਂ ਹੈ ਕਿ ਸਾਰੇ ਲੋਕਾਂ ਨੇ ਮਾਸਕ ਪਹਿਨੇ ਹੋਏ ਸਨ। ਕਈ ਅਜਿਹੇ ਲੋਕ ਸਨ ਜੋ ਬਿਨਾਂ ਮਾਸਕ ਦੇ ਘੁੰਮ ਰਹੇ ਸਨ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਚਾਲਕ ਦਲਾਂ, ਡਿਪੂ ’ਚ ਤਾਇਨਾਤ ਸਕਿਓਰਿਟੀ ਅਤੇ ਬੱਸ ਅੱਡੇ ਦੇ ਸਟਾਫ ਦੇ ਉਲਟ ਲੋਕ ਵੱਧ ਜਾਗਰੂਕ ਵਿਖਾਈ ਦੇ ਰਹੇ ਸਨ। ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪਿਛਲੇ ਦਿਨੀਂ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਵੱਲੋਂ ਕਿਹਾ ਗਿਆ ਸੀ ਕਿ ਬੱਸਾਂ ’ਚ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਬਿਨਾਂ ਮਾਸਕ ਦੇ ਟਿਕਟ ਨਹੀਂ ਮਿਲੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਚਾਲਕ ਦਲ ਦਾ ਮੈਂਬਰ ਬਿਨਾਂ ਮਾਸਕ ਦੇ ਫੜਿਆ ਜਾਂਦਾ ਹੈ ਤਾਂ ਉਸ ’ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

PunjabKesari

ਚੰਡੀਗੜ੍ਹ ਤੋਂ ਅਧਿਕਾਰੀਆਂ ਵੱਲੋਂ ਇਸ ਸਬੰਧ ’ਚ ਹਦਾਇਤਾਂ ਜਾਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਬੱਸ ਅੱਡੇ ’ਚ ਮਾਸਕ ਨੂੰ ਲੈ ਕੇ ਬਹੁਤ ਜਾਗਰੂਕਤਾ ਦੇਖੀ ਗਈ। ਇਸ ਉਪਰੰਤ ਸ਼ਨੀਵਾਰ ਨੂੰ ਮਾਸਕ ਪਹਿਨਣ ਪ੍ਰਤੀ ਕੁਝ ਢਿੱਲ ਦੇਖੀ ਆਈ, ਜਦਕਿ ਐਤਵਾਰ ਨੂੰ ਦਿਸ਼ਾ-ਨਿਰਦੇਸ਼ ਮੰਨਣ ਦੀ ‘ਛੁੱਟੀ’ ਦਿਖਾਈ ਦਿੱਤੀ। ਇਸ ਸਬੰਧ ’ਚ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਕਲਰਕ ਰੈਂਕ ਦੇ ਕਰਮਚਾਰੀ ਨੇ ਦੱਸਿਆ ਕਿ ਐਤਵਾਰ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਪ੍ਰਤੀ ਧਿਆਨ ਦੇਣ ਵਾਲਾ ਕੌਣ ਹੈ? ਉਸ ਦਾ ਕਹਿਣਾ ਸੀ ਕਿ ਡਿਪੂ ਦੇ ਸੀਨੀਅਰ ਅਧਿਕਾਰੀ ਐਤਵਾਰ ਨੂੰ ਜਲਦੀ ਫੋਨ ਨਹੀਂ ਚੁੱਕਦੇ ਤਾਂ ਪੂਰੇ ਘਟਨਾਕ੍ਰਮ ’ਤੇ ਨਜ਼ਰ ਕੀ ਰੱਖਣਗੇ?

ਹੈਰਾਨੀ ਵਾਲੀ ਗੱਲ ਹੈ ਕਿ ਕੋਰੋਨਾ ਦਾ ਕਹਿਰ ਝੱਲ ਚੁੱਕੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਕੈਪਟਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਪ੍ਰਤੀ ਸੁਚੇਤ ਨਹੀਂ ਹਨ। ਪੰਜਾਬ ’ਚ ਸ਼ਾਇਦ ਹੀ ਕੋਈ ਅਜਿਹਾ ਡਿਪੂ ਰਿਹਾ ਹੋਵੇਗਾ, ਜਿਥੇ ਕੋਰੋਨਾ ਦਾ ਅਟੈਕ ਨਾ ਹੋਇਆ ਹੋਵੇ। ਕਿਹਾ ਜਾਂਦਾ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ ਹੈ ਪਰ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੂੰ ਕੋਰੋਨਾ ਹੋਣ ਦੇ ਬਾਵਜੂਦ ਅਧਿਕਾਰੀਆਂ ’ਚ ਸਖਤੀ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ।

PunjabKesari

ਕੈਪਟਨ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ
ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਨੂੰ ਇਸ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ ਹੈ ਕਿਉਂਕਿ ਬੱਸਾਂ ਜਾਂ ਬੱਸ ਅੱਡਿਆਂ ਤੋਂ ਕੋਰੋਨਾ ਫੈਲ ਗਿਆ ਤਾਂ ਇਸ ਦਾ ਪਤਾ ਲਾ ਸਕਣਾ ਆਸਾਨ ਨਹੀਂ ਹੋਵੇਗਾ ਅਤੇ ਵੱਡੀ ਗਿਣਤੀ ’ਚ ਲੋਕ ਇਸ ਦੀ ਲਪੇਟ ’ਚ ਆ ਜਾਣਗੇ। ਇਸ ਜ਼ਰੀਏ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਵੀ ਕੋਰੋਨਾ ਦੀ ਮਾਰ ਝੱਲਣੀ ਪੈ ਸਕਦੀ ਹੈ। ਲੋੜ ਹੈ ਕਿ ਇਸ ਸਬੰਧੀ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ’ਤੇ ਐਕਸ਼ਨ ਲਿਆ ਜਾਵੇ ਤਾਂ ਕਿ ਬਾਕੀ ਦੇ ਅਧਿਕਾਰੀ ਅਤੇ ਕਰਮਚਾਰੀ ਖੁਦ-ਬ-ਖੁਦ ਅਲਰਟ ਹੋ ਜਾਣ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

PunjabKesari

ਕਈਆਂ ਨੇ ਕਿਹਾ ‘ਮਾਸਕ ਹੇਠਾਂ ਕੀਤੇ ਬਿਨਾਂ ਘਬਰਾਹਟ ਹੁੰਦੀ ਹੈ’
ਉਥੇ ਹੀ ਕਈ ਵਿਅਕਤੀਆਂ ਨੇ ਮਾਸਕ ਨੂੰ ਆਪਣੇ ਚਿਹਰੇ ਤੋਂ ਹੇਠਾਂ ਕੀਤਾ ਹੋਇਆ ਸੀ। ਇਸ ਸਬੰਧੀ ਕੁਝ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗਰਮੀ ਵਧ ਰਹੀ ਹੈ, ਜਿਸ ਕਾਰਣ ਲਗਾਤਾਰ ਮਾਸਕ ਪਹਿਨੀ ਰੱਖਣਾ ਸੰਭਵ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਵਧੇਰੇ ਮਾਸਕ ਪਹਿਨ ਕੇ ਰੱਖਦੇ ਹਨ ਅਤੇ ਜਦੋਂ ਬੱਸ ਦੇ ਬਾਹਰ ਇਕੱਲੇ ਹੁੰਦੇ ਹਨ ਤਾਂ ਮਾਸਕ ਹੇਠਾਂ ਕਰ ਲੈਂਦੇ ਹਨ ਪਰ ਜਦੋਂ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਮਾਸਕ ਨੂੰ ਦੁਬਾਰਾ ਮੂੰਹ ’ਤੇ ਪਹਿਨ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਲਗਾਤਾਰ ਮਾਸਕ ਪਹਿਨੀ ਰੱਖਣ ਨਾਲ ਅਜੀਬ ਤਰ੍ਹਾਂ ਦੀ ਘਬਰਾਹਟ ਹੋਣ ਲੱਗਦੀ ਹੈ।


shivani attri

Content Editor

Related News