ਕੋਰੋਨਾ ਫੈਲਦਾ ਰਹੇ, ਅਸੀਂ ਨਹੀਂ ਮੰਨਾਂਗੇ : ਬੱਸਾਂ ’ਚ ਭਾਰੀ ਭੀੜ, ਖੜ੍ਹੀਆਂ ਸਵਾਰੀਆਂ ਲਿਜਾ ਰਹੇ ਸਰਕਾਰੀ ਬੱਸਾਂ ਦੇ ਚਾਲਕ

04/15/2021 10:10:28 AM

ਜਲੰਧਰ (ਪੁਨੀਤ)– ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਪਰ ਰੋਡਵੇਜ਼ ਦੇ ਅਧਿਕਾਰੀਆਂ ’ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਵੱਲੋਂ ਜਿਸ ਤਰ੍ਹਾਂ ਲਾਪ੍ਰਵਾਹੀ ਅਪਣਾਈ ਜਾ ਰਹੀ ਹੈ, ਉਹ ਇਹੀ ਬਿਆਨ ਕਰ ਰਹੀ ਹੈ ਕਿ ਕੋਰੋਨਾ ਫੈਲਦਾ ਰਹੇ, ਅਸੀਂ ਨਹੀਂ ਮੰਨਾਂਗੇ। ਬੱਸ ਅੱਡੇ ਵਿਚ ਸਰਕਾਰ ਦੇ ਨਿਯਮਾਂ ਦੀ ਰੋਜ਼ਾਨਾ ਅਣਦੇਖੀ ਹੋ ਰਹੀ ਹੈ ਅਤੇ ਲੋਕ ਖ਼ਤਰੇ ਦੇ ਸਾਏ ਵਿਚ ਸਫਰ ਕਰ ਰਹੇ ਹਨ। ਜੋ ਲੋਕ ਜਾਗਰੂਕ ਹਨ, ਉਨ੍ਹਾਂ ਨੂੰ ਇਸ ਖ਼ਤਰਨਾਕ ਬੀਮਾਰੀ ਦਾ ਡਰ ਸਤਾ ਰਿਹਾ ਹੈ ਜਿਸ ਕਾਰਨ ਉਹ ਮਾਸਕ ਆਦਿ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ। ਕਈ ਯਾਤਰੀ ਦੱਸਦੇ ਹਨ ਡਰ ਤਾਂ ਲੱਗਦਾ ਹੈ ਪਰ ਜ਼ਰੂਰੀ ਕੰਮ ਅਤੇ ਨੌਕਰੀ ’ਤੇ ਆਉਣ-ਜਾਣ ਲਈ ਉਨ੍ਹਾਂ ਨੂੰ ਬੱਸਾਂ ਵਿਚ ਸਫਰ ਕਰਨਾ ਪੈ ਰਿਹਾ ਹੈ।

PunjabKesari

ਸਰਕਾਰੀ ਬੱਸਾਂ ਵਿਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਬੱਸ ਚਾਲਕ ਸੋਸ਼ਲ ਡਿਸਟੈਂਸ ਤੋਂ ਉਲਟ ਖੜ੍ਹੀਆਂ ਸਵਾਰੀਆਂ ਨੂੰ ਲੈ ਕੇ ਜਾ ਰਹੇ ਹਨ। ਬੱਸ ਚਾਲਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਬੱਸ ਵਿਚ ਚੜ੍ਹਨ ਤੋਂ ਮਨ੍ਹਾ ਨਹੀਂ ਕਰ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਔਰਤਾਂ ਲਈ ਬੱਸਾਂ ਵਿਚ ਸਫਰ ਮੁਫਤ ਹੋਇਆ ਹੈ, ਉਦੋਂ ਤੋਂ ਸਰਕਾਰੀ ਬੱਸਾਂ ਵਿਚ ਭੀੜ ਕਾਫੀ ਵਧ ਚੁੱਕੀ ਹੈ। ਬੱਸਾਂ ਨੂੰ ਕਾਊਂਟਰ ’ਤੇ ਲਗਾਉਣ ਤੋਂ ਪਹਿਲਾਂ ਹੀ ਬੱਸਾਂ ਭਰ ਜਾਂਦੀਆਂ ਹਨ। ਉਹ ਲੋਕਾਂ ਨੂੰ ਦੂਸਰੀਆਂ ਬੱਸਾਂ ਦੇ ਆਉਣ ਦਾ ਇੰਤਜ਼ਾਰ ਕਰਨ ਲਈ ਕਹਿੰਦੇ ਹਨ ਤਾਂ ਲੋਕ ਉਨ੍ਹਾਂ ਨਾਲ ਲੜਨ ਲੱਗਦੇ ਹਨ।
ਨਾਂ ਨਾ ਛਾਪਣ ’ਤੇ ਸਰਕਾਰੀ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਬੱਸ ਅੱਡੇ ਵਿਚ ਤਾਇਨਾਤ ਰਹਿਣ ਅਤੇ ਨਿਯਮਾਂ ਮੁਤਾਬਕ ਬੱਸਾਂ ਵਿਚ ਯਾਤਰੀਆਂ ਨੂੰ ਚੜ੍ਹਾਉਣ ਦਾ ਪ੍ਰਬੰਧ ਕਰਨ।

PunjabKesari

ਡਰਾਈਵਰ ਅਤੇ ਕੰਡਕਟਰ ਖੁਦ ਕਰਨ ਆਪਣੀ ਸਿਹਤ ਦੀ ਸੁਰੱਖਿਆ
ਬੱਸਾਂ ਸਿਰਫ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਹੀ ਨਹੀ, ਸਗੋਂ ਦੂਸਰੇ ਸੂਬਿਆਂ ਵਿਚ ਵੀ ਆਉਂਦੀਆਂ-ਜਾਂਦੀਆਂ ਹਨ। ਇਸ ਦੌਰਾਨ ਵੱਖ-ਵੱਖ ਸੂਬਿਆਂ ਦੇ ਯਾਤਰੀ ਬੱਸਾਂ ਵਿਚ ਸਫਰ ਕਰਦੇ ਹਨ। ਇਨ੍ਹਾਂ ਵਿਚੋਂ ਕੋਈ ਵੀ ਵਿਅਕਤੀ ਕੋਰੋਨਾ ਪਾਜ਼ੇਟਿਵ ਹੋ ਸਕਦਾ ਹੈ, ਜੋ ਦੂਜੇ ਵਿਅਕਤੀਆਂ ਲਈ ਖਤਰੇ ਤੋਂ ਘੱਟ ਨਹੀਂ, ਇਸ ਲਈ ਖਤਰੇ ਤੋਂ ਬਚਣ ਲਈ ਡਰਾਈਵਰ ਅਤੇ ਕੰਡਕਟਰ ਨੂੰ ਖੁਦ ਹੀ ਆਪਣੀ ਸਿਹਤ ਦੀ ਸੁਰੱਖਿਆ ਕਰਨੀ ਚਾਹੀਦੀ ਹੈ।

PunjabKesari

ਮਾਸਕ ਨੂੰ ਮਜਬੂਰੀ ਨਾ ਸਮਝੋ, ਇਹ ਪਹਿਨਣਾ ਤੁਹਾਡੇ ਲਈ ਜ਼ਰੂਰੀ ਹੈ
ਕਈ ਲੋਕ ਕਹਿੰਦੇ ਹਨ ਕਿ ਇੰਨੀ ਗਰਮੀ ਵਿਚ ਮਾਸਕ ਪਹਿਨਣ ਵਿਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਉਹ ਮਾਸਕ ਉਤਾਰ ਦਿੰਦੇ ਹਨ ਪਰ ਮਾਸਕ ਉਤਾਰਨਾ ਖਤਰੇ ਤੋਂ ਖਾਲੀ ਨਹੀਂ ਹੈ। ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮਾਸਕ ਨੂੰ ਮਜਬੂਰੀ ਨਾ ਸਮਝੋ, ਸਗੋਂ ਇਹ ਪਹਿਨਣਾ ਤੁਹਾਡੇ ਲਈ ਜ਼ਰੂਰੀ ਹੈ।

PunjabKesari

ਬੱਚਿਆਂ ਦੇ ਸਫਰ ’ਤੇ ਕਦੇ ਵੀ ਲੱਗ ਸਕਦੀ ਹੈ ਪਾਬੰਦੀ
ਸੂਤਰ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਬੱਚਿਆਂ ਦੇ ਸਫਰ ’ਤੇ ਪਾਬੰਦੀ ਲਗਾਏ ਜਾਣਾ ਵਿਚਾਰ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਵਿਚ ਜ਼ਿਆਦਾਤਰ ਜਨਤਕ ਥਾਵਾਂ ’ਤੇ ਬੱਚਿਆਂ ਦਾ ਦਾਖਲਾ ਬੰਦ ਕੀਤਾ ਗਿਆ ਹੈ। ਕਈ ਵੱਡੇ ਧਾਰਮਿਕ ਸਥਾਨਾਂ ’ਤੇ ਵੀ ਛੋਟੇ ਬੱਚਿਆਂ ਨੂੰ ਲੈ ਕੇ ਜਾਣ ’ਤੇ ਰੋਕ ਹੈ। ਬੱਸ ਅੱਡੇ ਵਿਚ ਵੇਖਣ ਵਿਚ ਆਉਂਦਾ ਹੈ ਕਿ ਬੱਚਿਆਂ ਨੂੰ ਮਾਸਕ ਨਹੀਂ ਪਹਿਨਾਇਆ ਜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਸਰਕਾਰ ਬੱਚਿਆਂ ਦੇ ਬੱਸਾਂ ਵਿਚ ਸਫਰ ਕਰਨ ’ਤੇ ਰੋਕ ਲਗਾਉਣ ਦਾ ਮਨ ਬਣਾ ਰਹੀ ਹੈ।


shivani attri

Content Editor

Related News