ਮਾਪੇ ਬੱਚਿਆਂ ਨੂੰ ਸਮਾਂ ਦੇਣ, ਉਨ੍ਹਾਂ ''ਚ ਸਿੱਖਿਆ ਦੇ ਨਾਲ-ਨਾਲ ਸੰਸਕਾਰ ਵੀ ਪੈਦਾ ਕਰਨ : ਚਰਨਜੀਤ ਚੰਨੀ

01/31/2020 2:29:14 PM

ਜਲੰਧਰ (ਧਵਨ) : ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ 'ਚ ਬੱਚਿਆਂ ਨੂੰ ਸਿੱਖਿਅਤ ਕਰਨ 'ਚ ਜਿੱਥੇ ਸਿੱਖਿਆ ਸੰਸਥਾਵਾਂ ਆਪਣਾ ਪੂਰਾ ਯੋਗਦਾਨ ਪਾ ਰਹੀਆਂ ਹਨ, ਉਥੇ ਦੂਜੇ ਪਾਸੇ ਬੱਚਿਆਂ ਅੰਦਰ ਸੰਸਕਾਰ ਅਤੇ ਪ੍ਰਤਿਭਾ ਪੈਦਾ ਕਰਨ ਦੀ ਜ਼ਿੰਮੇਵਾਰੀ ਮਾਪਿਆਂ 'ਤੇ ਵੀ ਓਨੀ ਹੀ ਹੈ। ਅੱਜ ਇੱਥੇ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਮੁੱਲਾਂ ਦੋਵੇਂ ਪਾਸੇ ਧਿਆਨ ਦੇਣ ਦੀ ਲੋੜ ਹੈ ਜੇਕਰ ਕੋਈ ਬੱਚਾ ਸਿੱਖਿਅਤ ਹੈ ਪਰ ਉਸ ਅੰਦਰ ਮੁੱਲਾਂ ਦੀ ਘਾਟ ਹੈ ਤਾਂ ਫਿਰ ਅਜਿਹੀ ਸਿੱਖਿਆ ਦਾ ਕੋਈ ਲਾਭ ਨਹੀਂ ਹੈ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਦੇ ਸਮੇਂ ਬੱਚਿਆਂ ਲਈ ਉਸ ਦੇ ਮਾਪਿਆਂ ਕੋਲ ਸਮਾਂ ਨਹੀਂ ਹੈ। ਮਾਪੇ ਬੱਚਿਆਂ 'ਤੇ ਪੈਸਾ ਤਾਂ ਖਰਚ ਕਰਨ ਲਈ ਤਿਆਰ ਹਨ ਪਰ ਉਸ ਨੂੰ ਸਮਾਂ ਦੇਣ ਲਈ ਤਿਆਰ ਨਹੀਂ ਹਨ। ਬੱਚਿਆਂ ਅੰਦਰ ਘਰ 'ਚ ਰਹਿ ਕੇ ਜੋ ਸੰਸਕਾਰ ਪੈਦਾ ਹੁੰਦੇ ਹਨ ਉਹ ਜੀਵਨ ਭਰ ਉਸ ਦੇ ਕੰਮ ਆਉਂਦੇ ਹਨ। ਜੇਕਰ ਬੱਚਿਆਂ ਦੇ ਮਾਤਾ-ਪਿਤਾ ਹੀ ਆਪਸ 'ਚ ਲੜਦੇ–ਝਗੜਦੇ ਰਹਿੰਦੇ ਹਨ ਤਾਂ ਇਸ ਦਾ ਮਾੜਾ ਪ੍ਰਭਾਵ ਬੱਚਿਆਂ 'ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਕਮਿਊਨੀਕੇਸ਼ਨ ਸਕਿੱਲ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਅੰਦਰ ਚੰਗੇ ਸੰਸਕਾਰ ਅਤੇ ਮੁੱਲ ਹੋਣਗੇ ਤਾਂ ਉਹ ਜ਼ਿੰਦਗੀ 'ਚ ਕਦੇ ਵੀ ਅਸਫਲ ਨਹੀਂ ਹੋਣਗੇ। ਜੇਕਰ ਸਿੱਖਿਆ ਘੱਟ ਵੀ ਹੋਵੇਗੀ ਤਾਂ ਵੀ ਅਜਿਹੇ ਬੱਚੇ ਆਪਣੀ ਪ੍ਰਤਿਭਾ ਅਤੇ ਚੰਗੇ ਮੁੱਲਾਂ ਦੀ ਬਦੌਲਤ ਜੀਵਨ 'ਚ ਚੰਗੇ ਮੁਕਾਮ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਦੇਸ਼ 'ਚ ਕਈ ਮਿਸਾਲਾਂ ਮੌਜੂਦ ਹਨ। ਘੱਟ ਸਿੱਖਿਆ ਪ੍ਰਾਪਤ ਕਰਨ ਵਾਲੇ ਕਈ ਨੌਜਵਾਨਾਂ ਨੇ ਦੇਸ਼-ਵਿਦੇਸ਼ 'ਚ ਨਾਂ ਕਮਾਇਆ ਹੈ। ਬੱਚਿਆਂ ਅੰਦਰ ਪੈਸ਼ਨ ਅਤੇ ਮਜ਼ਬੂਤ ਵਿਲ ਪਾਵਰ ਪੈਦਾ ਕਰਨ ਦੀ ਲੋੜ ਹੈ। ਜ਼ਿੰਦਗੀ 'ਚ ਕਈ ਮੌਕੇ ਮਿਲਦੇ ਹਨ।

ਉਨ੍ਹਾਂ ਨੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਘੱਟ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਜੀਵਨ 'ਚ ਇੰਨੀਆਂ ਜ਼ਿਆਦਾ ਬੁਲੰਦੀਆਂ ਹਾਸਲ ਕੀਤੀਆਂ, ਜਿੰਨੀਆਂ ਕੋਈ ਹੋਰ ਖਿਡਾਰੀ ਹਾਸਲ ਨਹੀ ਕਰ ਸਕਿਆ ਹੈ। ਚੰਨੀ ਨੇ ਕਿਹਾ ਕਿ ਬੱਚਿਆਂ ਨੂੰ ਅੱਗੇ ਲਿਜਾਣ ਲਈ ਮਾਂ-ਬਾਪ ਦਾ ਅਹਿਮ ਯੋਗਦਾਨ ਹੁੰਦਾ ਹੈ। ਬੱਚੇ ਘਰ 'ਚ ਮੋਬਾਈਲ ਅਤੇ ਨੈੱਟ 'ਤੇ ਕੀ ਕਰਦੇ ਹਨ ਇਸ 'ਤੇ ਮਾਂ-ਬਾਪ ਨੇ ਹੀ ਨਜ਼ਰ ਰੱਖਣੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬੱਚੇ ਸਾਰਾ ਦਿਨ ਨੈੱਟ 'ਤੇ ਲੱਗੇ ਰਹਿਣਗੇ ਤਾਂ ਫਿਰ ਉਹ ਸਿੱਖਿਆ ਦੇ ਖੇਤਰ 'ਚ ਉਪਲਬਧੀਆਂ ਹਾਸਲ ਨਹੀਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਅਮੀਰਾਂ ਦੇ ਬੱਚੇ ਸਿੱਖਿਆ ਦੇ ਖੇਤਰ 'ਚ ਅੱਗੇ ਨਹੀਂ ਵਧ ਰਹੇ ਹਨ ਜਦੋਂਕਿ ਨੌਕਰੀ-ਪੇਸ਼ਾ ਅਤੇ ਮੀਡੀਅਮ ਪਰਿਵਾਰਾਂ ਦੇ ਬੱਚੇ ਸਿੱਖਿਆ 'ਚ ਨਵੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ।


cherry

Content Editor

Related News