ਜਲੰਧਰ ਵਿਖੇ 7 ਮਹੀਨਿਆਂ ਬਾਅਦ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ ਸਿਰਫ਼ ਵਿਖਾਵਾ

06/03/2022 1:00:45 PM

ਜਲੰਧਰ (ਖੁਰਾਣਾ)–8 ਜੂਨ ਨੂੰ ਬਾਅਦ ਦੁਪਹਿਰ 3 ਵਜੇ ਰੈੱਡ ਕਰਾਸ ਭਵਨ ਵਿਚ ਹੋਣ ਜਾ ਰਹੀ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਭਾਵੇਂ 7 ਮਹੀਨਿਆਂ ਤੋਂ ਵੱਧ ਵਕਫੇ ਬਾਅਦ ਹੋਣ ਜਾ ਰਹੀ ਹੈ ਪਰ ਇਹ ਮੀਟਿੰਗ ਸਿਰਫ਼ ਇਕ ਵਿਖਾਵਾ ਹੀ ਸਿੱਧ ਹੋਵੇਗੀ ਕਿਉਂਕਿ ਇਸ ਮੀਟਿੰਗ ਵਿਚ ਏਜੰਡੇ ਵਿਚ ਜਿਹੜੇ ਪ੍ਰਸਤਾਵ ਪਾਏ ਗਏ ਹਨ, ਉਨ੍ਹਾਂ ਵਿਚੋਂ ਵਧੇਰੇ ਪ੍ਰਸਤਾਵਾਂ ਨੂੰ ਮੇਅਰ ਅਤੇ ਕਮਿਸ਼ਨਰ ਪਹਿਲਾਂ ਹੀ ਅਗਾਊਂ ਮਨਜ਼ੂਰੀ ਦੇ ਚੁੱਕੇ ਹਨ। ਇਸ ਕਾਰਨ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਆਉਣ ਵਾਲੇ ਕੌਂਸਲਰਾਂ ਨੂੰ ਹੁਣ ਵਧੇਰੇ ਪ੍ਰਸਤਾਵਾਂ ’ਤੇ ਸਿਰਫ਼ ‘ਪਾਸ-ਪਾਸ’ ਕਹਿਣਾ ਹੋਵੇਗਾ ਕਿਉਂਕਿ ਜਿਹੜੇ ਪ੍ਰਸਤਾਵ ਏਜੰਡੇ ਵਿਚ ਪਾਏ ਗਏ ਹਨ, ਉਨ੍ਹਾਂ ਵਿਚੋਂ ਵਧੇਰੇ ਕੰਮ ਤਾਂ ਹੋ ਵੀ ਚੁੱਕੇ ਹਨ ਅਤੇ ਕਈਆਂ ਦੀ ਅਦਾਇਗੀ ਤੱਕ ਕੀਤੀ ਜਾ ਚੁੱਕੀ ਹੈ। ਕਈ ਮਹੱਤਵਪੂਰਨ ਫੈਸਲੇ ਵੀ ਕੌਂਸਲਰ ਹਾਊਸ ਦੀ ਮਨਜ਼ੂਰੀ ਦੀ ਆਸ ਵਿਚ ਪਹਿਲਾਂ ਹੀ ਮੇਅਰ ਅਤੇ ਕਮਿਸ਼ਨਰ ਵੱਲੋਂ ਲਏ ਜਾ ਚੁੱਕੇ ਹਨ।

95 ਲੱਖ ਰੁਪਏ ਹੋਰ ਖਰਚ ਕਰ ਕੇ ਕਰਵਾਈ ਜਾਵੇਗੀ ਕੁੱਤਿਆਂ ਦੀ ਨਸਬੰਦੀ
ਕੌਂਸਲਰ ਹਾਊਸ ਦੇ ਏਜੰਡੇ ਵਿਚ ਜਿਹੜਾ ਮੁੱਖ ਪ੍ਰਸਤਾਵ ਆਇਆ ਹੈ, ਉਸ ਅਨੁਸਾਰ ਸ਼ਹਿਰ ਵਿਚ 23362 ਕੁੱਤਿਆਂ ਦੀ ਨਸਬੰਦੀ ਹੁਣ ਤੱਕ ਕੀਤੀ ਜਾ ਚੁੱਕੀ ਹੈ ਪਰ 6800 ਹੋਰ ਕੁੱਤਿਆਂ ਦੀ ਨਸਬੰਦੀ ਕਰਨ ਲਈ ਦੋਬਾਰਾ ਟੈਂਡਰ ਮੰਗਣ ਦਾ ਪ੍ਰਸਤਾਵ ਹੈ, ਜਿਸ ’ਤੇ ਲਗਭਗ 95 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਦਾ ਕਾਂਟਰੈਕਟ ਜਨਵਰੀ ਮਹੀਨੇ ਵਿਚ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਕੰਮ ਰੋਕ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇੰਨੀ ਗਿਣਤੀ ਵਿਚ ਕੁੱਤਿਆਂ ਦੀ ਨਸਬੰਦੀ ਹੋ ਜਾਣ ਦੇ ਬਾਵਜੂਦ ਅੱਜ ਸ਼ਹਿਰ ਇਸ ਸਮੱਸਿਆ ਨਾਲ ਉਸੇ ਤਰ੍ਹਾਂ ਜੂਝ ਰਿਹਾ ਹੈ। ਨਵੇਂ ਲੱਗਣ ਜਾ ਰਹੇ ਟੈਂਡਰਾਂ ਲਈ ਮੇਅਰ ਨੇ ਸੁਝਾਅ ਦਿੱਤੇ ਹਨ ਕਿ ਕਮਿਸ਼ਨਰ ਇਸ ਕੰਮ ਲਈ ਇਕ ਅਧਿਕਾਰੀ ਨਿਯੁਕਤ ਕਰਨ ਅਤੇ ਕੰਪਨੀ ਹਰ ਮਹੀਨੇ ਕੁੱਤਿਆਂ ਦੀ ਨਸਬੰਦੀ ਬਾਬਤ ਸਬੰਧਤ ਕੌਂਸਲਰਾਂ ਨੂੰ ਸੂਚਿਤ ਕਰੇ ਅਤੇ ਪੂਰਾ ਰਿਕਾਰਡ ਮੇਨਟੇਨ ਰੱਖੇ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜ ਦਿੱਤਾ ਘਰ, ਗੋਰਾਇਆ ਦੇ ਪਿੰਡ ਧਲੇਤਾ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਪਹਿਲਾਂ ਹੀ ਐਂਟੀਸਿਪੇਟ ਕੀਤੇ ਜਾ ਚੁੱਕੇ ਹਨ ਵਧੇਰੇ ਪ੍ਰਸਤਾਵ
ਹਾਊਸ ਦੀ ਮੀਟਿੰਗ ਦੇ ਏਜੰਡੇ ਵਿਚ ਬੀ. ਐਂਡ ਆਰ., ਓ. ਐਂਡ ਐੱਮ. ਅਤੇ ਇਲੈਕਟ੍ਰੀਕਲ ਬ੍ਰਾਂਚ ਨਾਲ ਸਬੰਧਤ ਕਰੋੜਾਂ ਦੇ ਪ੍ਰਸਤਾਵ ਪਾਏ ਗਏ ਹਨ ਪਰ ਉਨ੍ਹਾਂ ਪ੍ਰਸਤਾਵਾਂ ’ਤੇ ਸਾਫ ਲਿਖਿਆ ਗਿਆ ਹੈ ਕਿ ਵਧੇਰੇ ਕੰਮ ਮੇਅਰ ਅਤੇ ਕਮਿਸ਼ਨਰ ਦੀ ਅਗਾਊਂ ਮਨਜ਼ੂਰੀ ਯਾਨੀਕਿ ਐਂਟੀਸਿਪੇਸ਼ਨ ਨਾਲ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਡੋਜ਼ਰ ਅਤੇ ਪੋਕਲੇਨ ਮਸ਼ੀਨ ਨੂੰ ਕਿਰਾਏ ’ਤੇ ਲੈਣ ਦਾ ਪ੍ਰਸਤਾਵ ਹੈ, ਜਿਹੜੀ ਪਹਿਲਾਂ ਹੀ ਲਈ ਜਾ ਚੁੱਕੀ ਹੈ। ਜਿੰਦਾ ਪਿੰਡ ਵਿਚ ਸਰਕਾਰੀ ਸਕੂਲ ਨੂੰ ਵੱਡਾ ਕਰਨ ਦਾ ਪ੍ਰਸਤਾਵ ਹੈ, ਜਿਹੜਾ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਨਿਊ ਵਿਜੇ ਨਗਰ ਵਿਚ ਪਾਰਕ ਦਾ ਨਾਂ ਕਰਤਾਰ ਪਾਰਕ ਰੱਖਣ ਬਾਰੇ ਪ੍ਰਸਤਾਵ ਹੈ ਪਰ ਉਸਦਾ ਉਦਘਾਟਨ ਤੱਕ ਹੋ ਚੁੱਕਾ ਹੈ। ਆਊਟਸੋਰਸ ਆਧਾਰ ’ਤੇ 2 ਸਾਲ ਲਈ 15 ਜੇ. ਈ. ਨਿਯੁਕਤ ਕਰਨ ਦਾ ਪ੍ਰਸਤਾਵ ਹੈ ਪਰ ਉਹ ਰੱਖੇ ਵੀ ਜਾ ਚੁੱਕੇ ਹਨ। ਨਿਗਮ ਦੇ ਸੇਵਾ ਕੇਂਦਰਾਂ ਦੀ ਆਪ੍ਰੇਸ਼ਨ ਅਤੇ ਮੇਨਟੀਨੈਂਸ ਲਈ ਇਕ ਸਾਲ ਦਾ ਕਾਂਟਰੈਕਟ ਕਰਨ ਸਬੰਧੀ ਪ੍ਰਸਤਾਵ ਹੈ, ਇਸ ਨੂੰ ਵੀ ਅਗਾਊਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਕੌਂਸਲਰ ਬੱਬੀ ਚੱਢਾ ਨੂੰ ਬੀ. ਐਂਡ ਆਰ. ਕਮੇਟੀ ਵਿਚ ਬਤੌਰ ਮੈਂਬਰ ਸ਼ਾਮਲ ਕਰਨ ਬਾਰੇ ਪ੍ਰਸਤਾਵ ਹੈ ਪਰ ਉਹ ਪਿਛਲੇ 6-7 ਮਹੀਨਿਆਂ ਤੋਂ ਇਸ ਅਹੁਦੇ ਦਾ ਆਨੰਦ ਮਾਣ ਰਹੇ ਹਨ।

ਇਹ ਵੀ ਪੜ੍ਹੋ: ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

ਹਾਊਸ ਦੀ ਮੀਟਿੰਗ ਵਿਚ ਆ ਰਹੇ ਕੁਝ ਮੁੱਖ ਪ੍ਰਸਤਾਵ
-ਮਾਡਲ ਟਾਊਨ ਦੇ ਨਾਲ ਲੱਗਦੇ ਗੁਰੂ ਨਗਰ ਦੀਆਂ ਗਲੀਆਂ ਨੂੰ ਪਬਲਿਕ ਸਟਰੀਟ ਐਲਾਨ ਕੇ ਪੂਰੇ ਇਲਾਕੇ ਨੂੰ ਡਿਕਲੇਅਰ ਕਰਨ ਬਾਰੇ ਪ੍ਰਸਤਾਵ
-ਸੰਸਾਰਪੁਰ ਵਿਚ ਸੀਵਰ ਲਾਈਨ ਪਾਉਣ ਲਈ 2 ਮਰਲਾ ਜ਼ਮੀਨ ਸੀਵਰੇਜ ਬੋਰਡ ਨੂੰ ਟਰਾਂਸਫਰ ਕਰਨ ਬਾਰੇ
-ਸਵੱਛ ਭਾਰਤ ਮਿਸ਼ਨ ਦੀ ਗ੍ਰਾਂਟ ਨਾਲ 7 ਮਿੰਨੀ ਟਿੱਪਰ ਖਰੀਦਣ ਬਾਰੇ
-ਨਿਗਮ ਕਰਮਚਾਰੀਆਂ ਨੂੰ ਪ੍ਰਮੋਸ਼ਨ ਅਤੇ ਤਾਇਨਾਤੀ ਨਾਲ ਸਬੰਧਤ ਕਈ ਪ੍ਰਸਤਾਵ
-ਗੁਲਾਬ ਦੇਵੀ ਰੋਡ ’ਤੇ ਈਦਗਾਹ ਨੇੜੇ ਬਣਦੇ ਚੌਕ ਦਾ ਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਅਸ਼ਫਾਕਉੱਲਾ ਖਾਨ ਦੇ ਨਾਂ ’ਤੇ ਰੱਖਣ ਬਾਰੇ
-ਬਸਤੀ ਪੀਰਦਾਦ ’ਚ ਸਲਾਟਰ ਹਾਊਸ ਅਤੇ ਡਾਗ ਕੰਪਾਊਂਡ ਬਣਾਉਣ ਅਤੇ ਪਟਾਕਿਆਂ ਨਾਲ ਸਬੰਧਤ ਦੁਕਾਨਾਂ ਬਣਾਉਣ ਬਾਰੇ ਜਿਹੜਾ 8 ਏਕੜ ਜ਼ਮੀਨ 14 ਕਰੋੜ ’ਚ ਖ਼ਰੀਦਣ ਦਾ ਪ੍ਰਸਤਾਵ ਸੀ, ਉਹ ਜ਼ਮੀਨ ਹੁਣ ਨਹੀਂ ਖਰੀਦੀ ਜਾਵੇਗੀ
-ਦਕੋਹਾ ਵਿਚ ਖਾਲੀ ਪਈ ਨਿਗਮ ਦੀ 3 ਕਨਾਲ ਜ਼ਮੀਨ ਸੋਸ਼ਲ ਵੈੱਲਫੇਅਰ ਸੋਸਾਇਟੀ ਨੂੰ ਸਿਰਫ਼ ਇਕ ਰੁਪਏ ਦੀ ਲੀਜ਼ ’ਤੇ ਦੇਣ ਸਬੰਧੀ ਪ੍ਰਸਤਾਵ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਵੰਡਾਇਆ ਪਰਿਵਾਰ ਨਾਲ ਦੁੱਖ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News