ਇਸਤਰੀ ਜਾਗ੍ਰਿਤੀ ਮੰਚ ਨੇ ਬੰਗਾਲ ਸਰਕਾਰ ਦੀ ਫੂਕੀ ਅਰਥੀ, ਨਿਆਂਇਕ ਜਾਂਚ ਦੀ ਕੀਤੀ ਮੰਗ
Saturday, Aug 17, 2024 - 08:45 PM (IST)
ਜਲੰਧਰ, (ਮਹੇਸ਼)- ਇਸਤਰੀ ਜਾਗ੍ਰਿਤੀ ਮੰਚ ਵੱਲੋਂ ਕਲੱਕਤਾ ਦੇ ਰਾਧਾ ਗੋਬਿੰਦ ਕਰ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਨੌਜਵਾਨ ਡਾਕਟਰ ਨਾਲ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਘਟਨਾ ਦੇ ਖਿਲਾਫ ਕਾਲਜ ਗਰਾਊਂਡ ਤੋਂ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਪਟਿਆਲਾ ਗੇਟ ਆ ਕੇ ਬੰਗਾਲ ਸਰਕਾਰ ਦੀ ਅਰਥੀ ਫੂਕੀ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਗੁਰਬਖਸ਼ ਕੌਰ ਸੰਘਾ ਤੇ ਜਰਨਲ ਸਕੱਤਰ ਅਮਨਦੀਪ ਕੌਰ ਦਿਓਲ ਤੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਕਿਹਾ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਉਸ ਟਾਈਮ ਵਾਪਰੀ ਜਦੋਂ ਉਹ ਸਾਹ ਵਿਭਾਗ ਵਿੱਚ ਰਾਤ ਦੀ ਡਿਊਟੀ 'ਤੇ ਸੀ।
ਪੋਸਟ ਮਾਰਟਮ ਤੋਂ ਹਮਲੇ ਦੀ ਬੇਰਹਿਮੀ ਦਾ ਖੁਲਾਸਾ ਹੋਇਆ ਹੈ। ਉਸ ਦਾ ਚਿਹਰਾ ਕੰਧ ਨਾਲ ਬੁਰੀ ਤਰ੍ਹਾਂ ਦਬਾਇਆ ਗਿਆ ਅਤੇ ਉਸਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ। ਉਸਦਾ ਥਾਇਰਾਇਡ ਕਾਰਟੀਲੇਜ ਟੁੱਟ ਗਿਆ ਸੀ। ਉਸ ਦੀ ਐਨਕ ਟੁੱਟਣ ਕਾਰਨ ਉਸ ਦੀ ਅੱਖ ਜ਼ਖ਼ਮੀ ਹੋ ਗਈ ਸੀ। ਉਸ ਦੇ ਗੁਪਤ ਅੰਗ ਵਿੱਚ ਫ੍ਰੈਕਚਰ (ਜਨਨ ਫ੍ਰੈਕਚਰ) ਅਤੇ ਕਈ ਸੱਟਾਂ ਵੀ ਸਨ। ਉਸ ਦੇ ਸਰੀਰ ਵਿੱਚ 150 ਮਿਲੀਲੀਟਰ ਸੇਮਿਨਲ ਤਰਲ ਪਦਾਰਥ ਪਾਇਆ ਗਿਆ ਸੀ।
ਇਸ ਸਭ ਲਈ ਕੋਲਕਾਤਾ ਪੁਲਸ ਨੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਸਾਜ਼ਿਸ਼ ਸਾਫ ਝਲਕਦੀ ਹੈ।
ਆਲ ਇੰਡੀਆ ਜੂਨੀਅਰ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ 'ਤੇ ਗੁੰਡਿਆਂ ਵੱਲੋਂ ਕੀਤੇ ਹਮਲੇ, ਜਿਸ ਵਿੱਚ ਐਮਰਜੈਂਸੀ ਵਾਰਡ ਦੀ ਤੋੜਭੰਨ ਕਰਨਾ ਤੇ ਡਾਕਟਰ, ਨਰਸਾਂ ਤੇ ਮਰੀਜਾਂ ਦੀ ਕੁੱਟਮਾਰ ਦੀ ਵੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।
ਇਸ ਮਾਮਲੇ ਵਿੱਚ ਸਬੂਤ ਮਿਟਾਉਣ ਵਾਲੇ ਰੈਕਟ ਦਾ ਪਰਦਾਫਾਸ਼ ਕਰਕੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਮੰਚ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਸਥਾਈ ਅਸਤੀਫੇ ਦੀ ਮੰਗ ਕੀਤੀ।
ਇਸਤਰੀ ਜਾਗ੍ਰਿਤੀ ਮੰਚ ਨੇ ਇਸ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੁਆਰਾ ਨਿਰਣਾਇਕ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਸਤਵੀਰ ਕੌਰ ਅਤੇ ਅਰਵਿੰਦਰ ਕੌਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਕੁਲਜੀਤ ਕੌਰ ਬੀਨਾਹੇੜੀ ਵੀ ਹਾਜ਼ਰ ਸੀ।