ਦਿਨ-ਦਿਹਾੜੇ ਘਰ ''ਚ ਔਰਤਾਂ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਉਡਾਈ ਲੋਕਾਂ ਦੀ ਨੀਂਦ

06/11/2020 1:14:30 AM

ਸੁਲਤਾਨਪੁਰ ਲੋਧੀ,(ਸੋਢੀ)- ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਚੋਰੀ ਤੇ ਲੁੱਟ-ਮਾਰ ਦੀਆਂ ਵਾਰਦਾਤਾਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਿਤੀ 9 ਜੂਨ ਨੂੰ ਦਿਨ-ਦਿਹਾੜੇ ਬਾਅਦ ਦੁਪਹਿਰ 4 ਵਜੇ ਸ਼ਹਿਰ ਦੀ ਸੰਘਣੀ ਆਬਾਦੀ 'ਚ ਪੈਦੇ ਮੁਹੱਲਾ ਭਾਰਾ ਮੱਲ 4 ਨਕਾਬਪੋਸ਼ ਲੁਟੇਰੇ ਬੇਖੌਫ ਹੋ ਕੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਉਂਦੇ ਹਨ ਤੇ ਸੁਲਤਾਨਪੁਰ ਲੋਧੀ ਦੇ ਸ਼ੈਲਰ ਸਨਅਤ ਦੇ ਚੋਟੀ ਦੇ ਉਦਯੋਗਪਤੀ ਰਾਕੇਸ਼ ਧੀਰ ਦੇ ਘਰ 'ਚ ਦਾਖਲ ਹੋ ਕੇ ਘਰ ਦੀਆਂ ਔਰਤਾਂ ਨੂੰ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਜਿਸ 'ਤੇ ਇਕ ਔਰਤ ਵੱਲੋਂ ਰੌਲਾ ਪਾਉਣ 'ਤੇ ਲੁਟੇਰੇ ਘਰ 'ਚੋਂ ਸ਼ਰੇਆਮ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸ਼ਹਿਰ 'ਚੋਂ ਬੇਖੌਫ ਨਿੱਕਲ ਜਾਂਦੇ ਹਨ।

ਇਸ ਘਟਨਾ ਤੋਂ ਬਾਅਦ ਜਿਥੇ ਸ਼ਹਿਰ ਦੇ ਆਲੇ ਦੁਆਲੇ ਨਾਕਾਬੰਦੀ ਕਰ ਕੇ ਬੈਠੀ ਸੁਲਤਾਨਪੁਰ ਲੋਧੀ ਪੁਲਸ ਦੀ ਕਾਰਗੁਜਾਰੀ ਤੇ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ, ਉੱਥੇ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਤੋਂ ਬਾਅਦ ਇਲਾਕੇ 'ਚ ਵਾਰਦਾਤਾਂ ਵਿੱਚ ਹੋਏ ਵਾਧੇ ਤੋਂ ਆਮ ਲੋਕ ਤੇ ਵਪਾਰੀ ਵਰਗ ਭਾਰੀ ਖੌਫ 'ਚ ਹਨ। ਸੁਲਤਾਨਪੁਰ ਲੋਧੀ ਦੇ ਨਾਮੀ ਉਦਯੋਗਪਤੀ ਰਾਕੇਸ਼ ਧੀਰ ਦੇ ਘਰ ਦੇ ਅੰਦਰ ਚਾਰ ਲੁਟੇਰੇ ਜਬਰਨ ਦਾਖਲ ਹੋ ਜਾਣਾ ਤੇ ਮਹਿਲਾਵਾਂ ਨੂੰ ਬੰਦੀ ਬਣਾ ਦੇਣਾ ਦੀ ਵਾਰਦਾਤ ਤੋਂ ਬਾਅਦ ਗੁਰੂ ਨਗਰੀ ਦੀਆਂ ਔਰਤਾਂ ਨੂੰ ਵੀ ਘਰ 'ਚ ਇਕੱਲੇ ਰਹਿਣਾ ਖਤਰਨਾਕ ਸਾਬਿਤ ਹੋ ਰਿਹਾ ਹੈ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਕਈ ਹੋਰ ਵਪਾਰੀਆਂ ਨੇ ਆਪਣੇ ਘਰਾਂ ਦੀ ਰਾਤ ਦੇ ਨਾਲ ਨਾਲ ਦਿਨ ਨੂੰ ਵੀ ਰਖਵਾਲੀ ਕਰਨ ਦੇ ਪ੍ਰਬੰਧ ਨਿੱਜੀ ਤੌਰ 'ਤੇ ਕੀਤੇ ਜਾਣ ਦੀ ਨੌਬਤ ਆ ਗਈ ਹੈ।

ਉਦਯੋਗਪਤੀ ਦੇ ਘਰ ਦਾਖਲ ਹੋਣ ਵਾਲੇ ਚਾਰੇ ਨਕਾਬਪੋਸ਼ ਲੁਟੇਰਿਆਂ ਦੀਆਂ ਤਸਵੀਰਾਂ ਤੇ ਮੋਟਰ ਸਾਈਕਲ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ ਜਿਸਨੂੰ ਲੈ ਕੇ ਪੁਲਸ ਵਲੋ ਬਾਰੀਕੀ ਨਾਲ ਜਾਂਚ ਆਰੰਭ ਕੀਤੀ ਹੋਈ ਹੈ ਪਰ ਹੁਣ ਤੱਕ ਪੁਲਸ ਦੇ ਹੱਥ ਖਾਲੀ ਜਾਪ ਰਹੇ ਹਨ। ਇਸਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ ਦੇ ਅੰਦਰੋਂ ਦਫਤਰ ਮੁਹਰੇ ਖੜ੍ਹਾ ਕੀਤਾ ਮੋਟਰ ਸਾਈਕਲ ਚੋਰੀ ਹੋਣ ਦਾ ਮਾਮਲਾ ਵੀ ਪੁਲਸ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਕਿਉਂਕਿ ਗੁਰਦੁਆਰਾ ਬੇਰ ਸਾਹਿਬ ਚੋਂ ਸ਼੍ਰੋਮਣੀ ਕਮੇਟੀ ਮੁਲਾਜ਼ਮ ਦਾ ਮੋਟਰ ਸਾਈਕਲ ਚੋਰੀ ਕਰਨ ਵਾਲੇ ਚੋਰ ਦੀਆਂ ਤਸਵੀਰਾਂ ਵੀ ਸੀ. ਸੀ. ਟੀ. ਵੀ. 'ਚ ਕੈਦ ਹੋ ਗਈਆਂ ਸਨ ਪਰ ਹਾਲੇ ਤੱਕ ਸੁਰਾਗ ਨਹੀਂ ਲੱਗ ਸਕਿਆ।

ਕੀ ਕਹਿੰਦੇ ਹਨ ਐੱਸ. ਐੱਚ. ਓ.
ਇਸ ਵਾਰਦਾਤ ਬਾਰੇ ਗੱਲਬਾਤ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਚੋਰਾਂ ਦੀ ਭਾਲ ਸਰਗਰਮੀ ਨਾਲ ਜਾਰੀ ਹੈ ਤੇ ਬਹੁਤ ਜਲਦੀ ਹੀ ਚਾਰੇ ਮੁਲਜ਼ਮ ਗ੍ਰਿਫਤਾਰ ਕਰਕੇ ਜੇਲ ਭੇਜੇ ਜਾਣਗੇ।
 


Deepak Kumar

Content Editor

Related News