ਪਿੰਡ ਨਿੱਕੂ ਨੰਗਲ ’ਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ, ਕਿਸਾਨਾਂ ਨੇ ਕੀਤੀ ਇਹ ਮੰਗ

Saturday, Apr 08, 2023 - 12:16 PM (IST)

ਨੰਗਲ (ਗੁਰਭਾਗ ਸਿੰਘ)-ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਨਿੱਕੂ ਨੰਗਲ ਵਿਖੇ ਬੀਤੇ ਦਿਨ ਕਰੀਬ 15 ਕਨਾਲ ਜ਼ਮੀਨ ’ਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤਾਂ ਹਾਲੇ ਤੱਕ ਸਪਸ਼ਟ ਤੌਰ ’ਤੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਦਾ ਮੰਨਣਾ ਹੈ ਕਿ ਖੇਤਾਂ ਦੇ ਨਾਲ ਇਕ ਪਲਾਟ ’ਚ ਕਿਸੇ ਵੱਲੋਂ ਸਾਫ਼-ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਸੀ, ਉਸ ਪਲਾਟ ’ਚ ਅੱਗ ਬੁਝਾਉਣ ਲਈ ਪਾਣੀ ਦੀਆਂ ਬਾਲਟੀਆਂ ਨਜ਼ਰ ਆਈਆਂ। ਪਲਾਟ ’ਚ ਵੇਖ ਕੇ ਕਿਆਸ ਲਗਾਏ ਜਾ ਸਕਦੇ ਹਨ ਕਿ ਪਲਾਟ ’ਚੋਂ ਅੱਗ ਉਠਦੀ ਹੋਈ ਉਨ੍ਹਾਂ ਦੇ ਖੇਤਾਂ ਵੱਲ ਨੂੰ ਆਈ ਤੇਜ਼ ਹਵਾ ਦੇ ਚਲਦਿਆਂ ਅੱਗ ਨੇ 4-5 ਖੇਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਸਾਡਾ ਨੁਕਸਾਨ ਹੋਇਆ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੀ ਘਟਨਾ ਪਹਿਲੀ ਵਾਰ ਉਨ੍ਹਾਂ ਦੇ ਪਿੰਡ ’ਚ ਵਾਪਰੀ ਹੈ।

ਮੌਕੇ ’ਤੇ ਪੁੱਜੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪਿੰਡ ਵਾਸੀ ਅਤੇ ਪੀੜਤ ਰਾਕੇਸ਼ ਕੁਮਾਰ ਨੇ ਕਿਹਾ ਕਿ ਕਰੀਬ ਪੰਜ ਕਨਾਲ ਖੇਤ ’ਚ ਸਾਡੀ ਫ਼ਸਲ ਸੜ ਕੇ ਸੁਆਹ ਹੋਈ ਹੈ। ਪੀੜਤ ਰੋਸ਼ਨ ਲਾਲ ਨੇ ਕਿਹਾ ਕਿ 3 ਤੋਂ 4 ਕਨਾਲ ’ਚ ਉਨ੍ਹਾਂ ਦੀ ਫ਼ਸਲ ਸੜ ਕੇ ਰਾਖ ਹੋਈ ਹੈ। ਪੀੜਤ ਧਰੁਵਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਤਿੰਨ ਕਨਾਲ ਜਗ੍ਹਾ ’ਚ ਫ਼ਸਲ ਨੂੰ ਅੱਗ ਲੱਗੀ ਹੈ। ਸਾਰੀ ਕਣਕ ਵਾਡੀ ਲਈ ਤਿਆਰ ਸੀ ਪਰ ਅਫਸੋਸ ਇਹ ਮੰਦਭਾਗੀ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਨੇ ਇਹ ਲੋਕ, ਮਕਾਨ ਮਾਲਕ ਕਰ ਰਹੇ '420'

ਪਿੰਡ ਦੇ ਸਰਪੰਚ ਬਬਰੀਤ ਸਿੰਘ ਬਬਲੂ ਅਤੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਸ. ਹਰਜੋਤ ਸਿੰਘ ਬੈਂਸ ਤੋਂ ਮਾਲੀ ਮਦਦ ਦੀ ਗੁਹਾਰ ਲਗਾਈ ਹੈ। ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਮੌਕੇ ’ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਫਾਇਰ ਬ੍ਰਿਗੇਡ ਜਦੋਂ ਤੱਕ ਪੁੱਜੀ, ਸਾਡੇ ਵੱਲੋਂ ਕਾਫ਼ੀ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਸਾਰਾ ਪਿੰਡ ਖੇਤਾਂ ’ਚ ਪੁੱਜਿਆ ਅਤੇ ਝਾੜੀਆਂ,ਪਾਣੀ ਆਦਿ ਦੀ ਮਦਦ ਨਾਲ ਅੱਗ ਬੁਝਾਈ ਗਈ। ਮੌਕੇ ’ਤੇ ਪਹੁੰਚੇ ਫਾਇਰ ਮੁਲਾਜ਼ਮਾਂ ਦਾ ਮੰਨਣਾ ਸੀ ਕਿ ਉਹ ਨਵਾਂ ਨੰਗਲ ਤੋਂ ਗੱਡੀ ਲੈ ਕੇ ਪਿੰਡ ਦੇ ਖੇਤਾਂ ’ਚ ਪੁੱਜੇ, ਨੰਗਲ ਡੈਮ ’ਤੇ ਜਾਮ ਕਾਰਨ ਉਨ੍ਹਾਂ ਨੂੰ ਆਉਣ ’ਚ ਦੇਰੀ ਹੋਈ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਤੇ ਬਸਪਾ ਦੀ ਅੱਜ ਹੋਵੇਗੀ ਮੀਟਿੰਗ, ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਸੰਭਵ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News