‘ਹੀਟ ਵੇਵ’ ’ਚ ਬਿਜਲੀ ਫਾਲਟ ਨੇ ਵਧਾਈ ਮੁਸ਼ਕਿਲ, 6 ਤੋਂ 8 ਘੰਟਿਆਂ ਦੇ ਪਾਵਰਕੱਟ ਨਾਲ ਜਨਤਾ ਬੇਹਾਲ

05/23/2024 12:04:45 PM

ਜਲੰਧਰ (ਪੁਨੀਤ)–ਹੀਟ ਵੇਵ ਦਰਮਿਆਨ ਬਿਜਲੀ ਫਾਲਟ ਪੈਣਾ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਅਤੇ ਜਨਤਾ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ। ਰੋਜ਼ਾਨਾ ਕਈ ਇਲਾਕਿਆਂ ਵਿਚ 6 ਤੋਂ 8 ਘੰਟਿਆਂ ਦੇ ਪਾਵਰਕੱਟ ਲੱਗਣ ਨਾਲ ਜਨਤਾ ਬੇਹਾਲ ਹੋ ਰਹੀ ਹੈ। ਪਾਵਰਕਾਮ ਦਾ ਦਾਅਵਾ ਹੈ ਕਿ ਕੋਈ ਵੀ ਸ਼ਡਿਊਲ ਕੱਟ ਨਹੀਂ ਲਗਾਇਆ ਜਾ ਰਿਹਾ ਪਰ ਫਾਲਟ ਦੇ ਨਾਂ ’ਤੇ ਲੱਗਣ ਵਾਲੇ ਕੱਟਾਂ ਕਾਰਨ ਗਰਮੀ ਵਿਚ ਸਮਾਂ ਲੰਘਾਉਣਾ ਬੇਹੱਦ ਮੁਸ਼ਕਲ ਸਾਬਿਤ ਹੋ ਰਿਹਾ ਹੈ। ਜਨਤਾ ਦੀ ਮੁੱਖ ਪ੍ਰੇਸ਼ਾਨੀ ਸਮੇਂ ’ਤੇ ਫਾਲਟ ਠੀਕ ਨਾ ਹੋਣ ਕਾਰਨ ਵਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਫਾਲਟ ਠੀਕ ਹੋਣ ਵਿਚ ਘੰਟਿਆਂ ਦਾ ਵਾਧੂ ਸਮਾਂ ਲੱਗ ਰਿਹਾ ਹੈ।

ਕਈ ਇਲਾਕਿਆਂ ਵਿਚ ਲੋਅ ਵੋਲਟੇਜ ਕਾਰਨ ਲੋਕਾਂ ਦਾ ਪਾਵਰਕਾਮ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਮੁੱਖ ਤੌਰ ’ਤੇ ਬਸਤੀਆਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲ ਪਾ ਰਿਹਾ। ਇਸੇ ਤਰ੍ਹਾਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਦਾ ਇਲਾਕਾ ਬਿਜਲੀ ਦੇ ਅੱਖ-ਮਟੱਕੇ ਦਾ ਸ਼ਿਕਾਰ ਹੋ ਰਿਹਾ ਹੈ। ਓਧਰ ਭਿਆਨਕ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਦੁਪਹਿਰ ਸਮੇਂ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਲੋਕਾਂ ਦੀ ਆਵਾਜਾਈ ਬੇਹੱਦ ਘੱਟ ਹੋ ਰਹੀ ਹੈ। ਇਸ ਕਾਰਨ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਤੋਂ ਬਾਅਦ ਗਾਹਕਾਂ ਦੀ ਗਿਣਤੀ ਇਕਦਮ ਘੱਟ ਹੋ ਜਾਂਦੀ ਹੈ। ਉਥੇ ਹੀ ਕਈ ਬਾਜ਼ਾਰਾਂ ਵਿਚ ਗਾਹਕਾਂ ਦੀ ਘਾਟ ਵਿਚ ਦੁਕਾਨਦਾਰਾਂ ਨੂੰ ਖਾਲੀ ਬੈਠ ਕੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਹੀਟ ਵੇਵ ਹਾਲੇ ਜ਼ੋਰ ਫੜੇਗੀ, ਜਿਸ ਕਾਰਨ ਗਰਮੀ ਵਧੇਗੀ। ਕੁੱਲ ਮਿਲਾ ਕੇ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਗਰਮੀ ਦੇ ਕਹਿਰ ਤੋਂ ਅਜੇ ਰਾਹਤ ਨਹੀਂ ਮਿਲੇਗੀ।

PunjabKesari

ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ

ਮੀਂਹ ਪੈਣ ਦੀ ਅਜੇ ਕੋਈ ਸੰਭਾਵਨਾ ਨਹੀਂ
ਗਰਮੀ ਤੋਂ ਰਾਹਤ ਦਿਵਾਉਣ ਵਿਚ ਮੀਂਹ ਦਾ ਅਹਿਮ ਰੋਲ ਹੁੰਦਾ ਹੈ ਪਰ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4-5 ਦਿਨਾਂ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਬੱਦਲ ਭਾਵੇਂ ਹੀ ਬਣਨਗੇ ਪਰ ਉਨ੍ਹਾਂ ਦੇ ਵਰ੍ਹਨ ਦੇ ਆਸਾਰ ਨਹੀਂ ਹਨ। ਇੰਨਾ ਜ਼ਰੂਰ ਹੈ ਕਿ ਬੱਦਲਾਂ ਕਾਰਨ ਧੁੱਪ ਦਾ ਸੇਕ ਥੋੜ੍ਹਾ ਘੱਟ ਹੋਵੇਗਾ। ਲੋਕਾਂ ਨੂੰ ਅਜੇ ਮੀਂਹ ਦੀ ਉਡੀਕ ਕਰਨੀ ਪਵੇਗੀ ਅਤੇ ਗਰਮੀ ਨੂੰ ਸਹਿਣ ਕਰਨਾ ਹੋਵੇਗਾ।

ਭਗਤ ਸਿੰਘ ਕਾਲੋਨੀ ’ਚ ਲੋਅ ਵੋਲਟੇਜ ਦੀ ਵਧੀ ਸਮੱਸਿਆ
ਉਥੇ ਹੀ ਮਕਸੂਦਾਂ ਡਵੀਜ਼ਨ ਅਧੀਨ ਆਉਂਦੀ ਭਗਤ ਸਿੰਘ ਕਾਲੋਨੀ ਵਿਚ ਲੋਅ ਵੋਲਟੇਜ ਨੂੰ ਲੈ ਕੇ ਸਮੱਸਿਆ ਪਿਛਲੇ ਕੁਝ ਦਿਨਾਂ ਤੋਂ ਵਧੀ ਹੋਈ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਕਈ ਵਾਰ 1912 ’ਤੇ ਸ਼ਿਕਾਇਤ ਲਿਖਵਾਉਣ ਤੋਂ ਬਾਅਦ ਵੀ ਸਮੱਸਿਆ ਉਸੇ ਤਰ੍ਹਾਂ ਰਹਿੰਦੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਟਰਾਂਸਫਾਰਮਰਾਂ ਦਾ ਲੋਡ ਵਧਿਆ ਹੋਇਆ ਹੈ, ਜਿਸ ਕਾਰਨ ਵਿਭਾਗ ਨੂੰ ਇਲਾਕੇ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ ਅਤੇ ਸਮੱਸਿਆ ਦਾ ਹੱਲ ਹੋ ਸਕੇ। ਇਲਾਕਾ ਵਾਸੀਆਂ ਨੇ ਕਿਹਾ ਕਿ ਜਾਂਚ ਕਰਨ ਲਈ ਆਏ ਮੁਲਾਜ਼ਮ ਮੀਟਰ ਬਕਸਿਆਂ ਨੂੰ ਖੁੱਲ੍ਹਾ ਛੱਡ ਗਏ। ਜੇਕਰ ਕੱਲ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ-ਜਲੰਧਰ 'ਚ ਭਿਆਨਕ ਸੜਕ ਹਾਦਸਾ, ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ, ਔਰਤ ਸਮੇਤ ਦੋ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News