ਗੋਦਾਮ ’ਚ ਹੋਈ ਲੁੱਟ ਦੇ ਮਾਮਲੇ ''ਚ ਕੰਪਨੀ ’ਚ ਕੰਮ ਕਰਨ ਵਾਲਿਆਂ ਦੀ ਲਿਸਟ ਕਢਵਾਏਗੀ ਪੁਲਸ

06/24/2023 12:31:14 PM

ਜਲੰਧਰ (ਜ. ਬ.)–ਇੰਡਸਟਰੀਅਲ ਏਰੀਆ ਵਿਚ ਸਥਿਤ ਫਲਿਪਕਾਰਟ ਕੰਪਨੀ ਦੇ ਗੋਦਾਮ ਵਿਚ ਸਟਾਫ਼ ਨੂੰ ਗੰਨ ਪੁਆਇੰਟ ’ਤੇ ਲੈ ਕੇ ਬੰਦੀ ਬਣਾਉਣ ਉਪਰੰਤ ਸਾਢੇ 3 ਲੱਖ ਰੁਪਏ, ਵਰਕਰਾਂ ਦੇ ਮੋਬਾਇਲ ਅਤੇ ਪਰਸ ਲੁੱਟਣ ਵਾਲੇ ਲੁਟੇਰਿਆਂ ਦਾ 24 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਸ ਨੇ ਇਲਾਕੇ ਵਿਚ ਕੁਝ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਗੋਦਾਮ ਦੇ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਲੁਟੇਰੇ ਕੈਦ ਹੋ ਚੁੱਕੇ ਸਨ ਪਰ ਉਨ੍ਹਾਂ ਦੇ ਚਿਹਰੇ ਨਕਾਬ ਨਾਲ ਢਕੇ ਹੋਏ ਸਨ। ਪੁਲਸ ਨੇ ਹੁਣ ਕੰਪਨੀ ਕੋਲੋਂ ਸਾਰੇ ਵਰਕਰਾਂ ਦੀ ਲਿਸਟ ਮੰਗੀ ਹੈ, ਜਦਕਿ ਸਾਬਕਾ ਵਰਕਰਾਂ ਬਾਰੇ ਵੀ ਜਾਣਕਾਰੀ ਮੰਗੀ ਹੈ।

ਸ਼ੁੱਕਰਵਾਰ ਨੂੰ ਪੁਲਸ ਨੇ ਗੋਦਾਮ ਦੇ ਸਾਹਮਣੇ ਲੱਗੇ ਕੈਮਰੇ ਚੈੱਕ ਕੀਤੇ ਤਾਂ ਲੁਟੇਰਿਆਂ ਦਾ ਮੋਟਰਸਾਈਕਲ ਆਉਂਦਾ ਵਿਖਾਈ ਦਿੱਤਾ। ਲੁਟੇਰੇ ਇਕੋ ਮੋਟਰਸਾਈਕਲ ’ਤੇ ਆਏ ਸਨ। ਪਿੱਛੇ ਬੈਠੇ 2 ਲੁਟੇਰੇ ਗੋਦਾਮ ਦੇ ਨੇੜੇ ਮੋਟਰਸਾਈਕਲ ਖੜ੍ਹਾ ਕਰਵਾ ਕੇ ਖ਼ੁਦ ਅੰਦਰ ਚਲੇ ਗਏ, ਜਦਕਿ ਮੋਟਰਸਾਈਕਲ ਚਲਾ ਰਿਹਾ ਮੁਲਜ਼ਮ ਬਾਹਰ ਨਜ਼ਰ ਰੱਖ ਕੇ ਖੜ੍ਹਾ ਰਿਹਾ। ਹਾਲਾਂਕਿ ਕੁਝ ਸੈਕਿੰਡ ਬਾਅਦ ਉਹ ਵੀ ਅੰਦਰ ਦਾ ਮਾਹੌਲ ਵੇਖਣ ਗਿਆ ਅਤੇ ਫਿਰ ਵਾਪਸ ਆ ਕੇ ਮੋਟਰਸਾਈਕਲ ’ਤੇ ਬੈਠ ਗਿਆ। ਲੁਟੇਰਿਆਂ ਨੇ ਸਿਰਫ਼ 4.25 ਮਿੰਟਾਂ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਭੱਜਦੇ ਹੋਏ ਗੋਦਾਮ ਦੇ ਸਾਹਮਣਿਓਂ ਨਿਕਲੇ। ਇਸ ਤੋਂ ਇਲਾਵਾ ਲੁਟੇਰਿਆਂ ਦੀ ਕੋਈ ਫੁਟੇਜ ਨਹੀਂ ਮਿਲੀ। ਪੁਲਸ ਹੁਣ ਇਲਾਕੇ ਵਿਚ ਲੱਗੇ ਹੋਰ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ ਤਾਂ ਕਿ ਮੁਲਜ਼ਮਾਂ ਦਾ ਰੂਟ ਪਤਾ ਲੱਗ ਸਕੇ। 

ਇਹ ਵੀ ਪੜ੍ਹੋ: 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਪਾਕਿ ਤੋਂ 90 ਸਾਲਾ ਅਫ਼ਜਲ ਬੀਬੀ ਪੁੱਜੀ ਰੂਪਨਗਰ, ਯਾਦਾਂ ਹੋਈਆਂ ਤਾਜ਼ਾ

PunjabKesari

ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਵਾਰਦਾਤ ਤੋਂ ਬਾਅਦ ਹਾਈਵੇਅ ਵੱਲ ਫ਼ਰਾਰ ਹੋਏ ਪਰ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪੁਲਸ ਦੀ ਇਕ ਹੋਰ ਟੀਮ ਜ਼ਮਾਨਤ ’ਤੇ ਬਾਹਰ ਆਏ ਲੁਟੇਰਿਆਂ ਦੀ ਲਿਸਟ ਚੈੱਕ ਕਰ ਰਹੀ ਹੈ। ਉਨ੍ਹਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਪੁਲਸ ਕੋਲ ਇਕਲੌਤਾ ਇਹੀ ਸੁਰਾਗ ਹੈ ਕਿ ਇਕ ਲੁਟੇਰੇ ਦੀ ਬਾਂਹ ’ਤੇ ‘ਲਵ ਯੂ ਬੇਬੇ-ਬਾਪੂ’ ਦਾ ਟੈਟੂ ਬਣਿਆ ਹੋਇਆ ਹੈ। ਪੁਲਸ ਹੁਣ ਘਟਨਾ ਸਥਾਨ ਤੋਂ ਮੋਬਾਇਲਾਂ ਦਾ ਡੰਪ ਡਾਟਾ ਵੀ ਕਢਵਾ ਰਹੀ ਹੈ। ਥਾਣਾ ਨੰਬਰ 8 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਦੇਰ ਰਾਤ ਪੁਲਸ ਨੇ ਕੇਸ ਦਰਜ ਕਰ ਲਿਆ ਸੀ।

ਲੁਟੇਰਿਆਂ ਨੂੰ ਸੀ ਹਰ ਜਾਣਕਾਰੀ, ਕਿਸੇ ਵਰਕਰ ’ਤੇ ਸ਼ੱਕ
ਲੁਟੇਰਿਆਂ ਨੂੰ ਫਲਿਪਕਾਰਟ ਦੇ ਗੋਦਾਮ ਬਾਰੇ ਸਾਰੀ ਜਾਣਕਾਰੀ ਸੀ। ਉਨ੍ਹਾਂ ਨੂੰ ਪਤਾ ਸੀ ਕਿ 9 ਵਜੇ ਦੇ ਨੇੜੇ-ਤੇੜੇ ਗੋਦਾਮ ਵਿਚ ਵਧੇਰੇ ਪੈਸੇ ਜਮ੍ਹਾ ਹੋ ਜਾਂਦੇ ਹਨ ਅਤੇ ਸਟਾਫ ਵੀ ਘੱਟ ਹੁੰਦਾ ਹੈ, ਜਦੋਂ ਕਿ ਗਾਹਕਾਂ ਦਾ ਆਉਣ-ਜਾਣ ਨਾਮਾਤਰ ਹੁੰਦਾ ਹੈ। ਪੁਲਸ ਨੂੰ ਸ਼ੱਕ ਹੈ ਕਿ ਕੰਪਨੀ ਵਿਚ ਕੰਮ ਕਰਨ ਵਾਲੇ ਕਿਸੇ ਮੌਜੂਦਾ ਜਾਂ ਫਿਰ ਸਾਬਕਾ ਵਰਕਰ ਦਾ ਇਸ ਵਿਚ ਹੱਥ ਹੋ ਸਕਦਾ ਹੈ। ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਲੁਟੇਰੇ ਦਿਹਾਤੀ ਇਲਾਕੇ ਦੇ ਹੋ ਸਕਦੇ ਹਨ ਕਿਉਂਕਿ ਉਹ ਜਿਹੜੀ ਪੰਜਾਬੀ ਬੋਲ ਰਹੇ ਸਨ, ਉਹ ਅਕਸਰ ਪੇਂਡੂ ਇਲਾਕਿਆਂ ਵਿਚ ਬੋਲੀ ਜਾਂਦੀ ਹੈ।

ਇਹ ਵੀ ਪੜ੍ਹੋ: ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

3 ਵੱਖ-ਵੱਖ ਟੀਮਾਂ ਹਰੇਕ ਬਿੰਦੂ ’ਤੇ ਕਰ ਰਹੀਆਂ ਕੰਮ
ਲੁੱਟ ਦੇ ਬਾਅਦ ਤੋਂ ਹੀ ਕਮਿਸ਼ਨਰੇਟ ਪੁਲਸ ਨੇ ਮਾਮਲੇ ਨੂੰ ਟਰੇਸ ਕਰਨ ਲਈ 3 ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਸਨ। ਇਨ੍ਹਾਂ ਵਿਚ ਸੀ. ਆਈ. ਏ. ਸਟਾਫ ਵੀ ਸ਼ਾਮਲ ਹੈ। ਮਾਮਲਾ ਟਰੇਸ ਕਰਨ ਲਈ ਮੀਟਿੰਗਾਂ ’ਤੇ ਵੀ ਜ਼ੋਰ ਦਿੱਤਾ ਗਿਆ ਅਤੇ ਟਰੇਸ ਕਰਨ ਦੀ ਰਣਨੀਤੀ ਵੀ ਤੈਅ ਕੀਤੀ ਗਈ। ਮਨੁੱਖੀ ਵਸੀਲਿਆਂ ਤੋਂ ਲੈ ਕੇ ਟੈਕਨੀਕਲ ਢੰਗ ਨਾਲ ਮਾਮਲੇ ਨੂੰ ਟਰੇਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਤਕ ਪੁਲਸ ਕੋਲ ਕੋਈ ਖਾਸ ਲੀਡ ਨਹੀਂ ਆਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਜਲਦ ਟਰੇਸ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਵੀਰਵਾਰ ਰਾਤੀਂ ਲਗਭਗ 9 ਵਜੇ 2 ਲੁਟੇਰੇ ਫਲਿਪਕਾਰਟ ਦੇ ਗੋਦਾਮ ਵਿਚ ਦਾਖਲ ਹੋ ਗਏ ਸਨ। ਕੁਝ ਹੀ ਦੂਰੀ ’ਤੇ ਥਾਣਾ ਨੰਬਰ 1 ਸੀ ਪਰ ਬੇਖੌਫ ਲੁਟੇਰਿਆਂ ਨੇ ਸਟਾਫ਼ ਨੂੰ ਗੰਨ ਪੁਆਇੰਟ ’ਤੇ ਬੰਦੀ ਬਣਾ ਕੇ ਕੈਸ਼ ਰੂਮ ਵਿਚੋਂ ਸਾਢੇ 3 ਲੱਖ ਰੁਪਏ ਲੁੱਟ ਲਏ ਸਨ ਅਤੇ ਸਟਾਫ ਦੇ 5 ਮੋਬਾਇਲ ਅਤੇ ਉਨ੍ਹਾਂ ਦੇ ਪਰਸ ਤਕ ਲੈ ਗਏ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News