ਵਿਧਾਇਕ ਸੰਦੋਆ ਮਾਮਲਾ : ਸਵਾਲਾਂ ਦੇ ਘੇਰੇ ''ਚ ਨਾਜਾਇਜ਼ ਮਾਈਨਿੰਗ ਦੀ ਰਿਪੋਰਟ

Tuesday, Jun 26, 2018 - 06:42 PM (IST)

ਵਿਧਾਇਕ ਸੰਦੋਆ ਮਾਮਲਾ : ਸਵਾਲਾਂ ਦੇ ਘੇਰੇ ''ਚ ਨਾਜਾਇਜ਼ ਮਾਈਨਿੰਗ ਦੀ ਰਿਪੋਰਟ

ਰੂਪਨਗਰ (ਸੱਜਣ)— ਬੀਤੇ ਦਿਨੀਂ ਨੂਰਪੁਰ ਬੇਦੀ ਇਲਾਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਛਾਪੇਮਾਰੀ ਕਰਨ ਪਹੁੰਚੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਇਸ ਦੀ ਜਾਂਚ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਭੇਜੀ ਗਈ ਹੈ, ਜਿਸ ਮੁਤਾਬਕ ਹਰਸਾ ਬੇਲਾ ਅਲਾਟ ਕੀਤੀ ਗਈ ਖੱਡ 'ਤੇ ਤੈਅ ਇਲਾਕੇ 'ਚ ਹੀ ਮਾਈਨਿੰਗ ਹੋ ਰਹੀ ਸੀ। ਜਦਕਿ ਵਿਧਾਇਕ ਸੰਦੋਆ ਸਮੇਤ 'ਆਪ' ਨੇਤਾ ਸੁਖਪਾਲ ਖਹਿਰਾ ਅਤੇ ਕਿਸਾਨਾਂ ਨੇ ਇਸ ਰਿਪੋਰਟ ਨੂੰ ਗਲਤ ਕਰਾਰ ਦਿੱਤਾ ਹੈ। ਵਿਧਾਇਕ ਸੰਦੋਆ, ਖਹਿਰਾ ਸਮੇਤ ਕਿਸਾਨ ਯੂਨੀਅਨ ਦੇ ਆਗੂ ਰੁਪਿੰਦਰ ਸਿੰਘ ਨੇ ਕਿਹਾ ਕਿ ਖੱਡ ਭਾਵੇਂ ਜਾਇਜ਼ ਹੈ ਪਰ ਇਥੇ ਸ਼ਰੇਆਮ ਮਾਈਨਿੰਗ ਨਾਜਾਇਜ਼ ਹੋ ਰਹੀ ਹੈ। 
ਓਧਰ ਦੁਜੇ ਪਾਸੇ ਐੱਸ. ਡੀ. ਐੱਮ. ਰਾਕੇਸ਼ ਗਰਗ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਸ ਦੀ ਰਿਪੋਰਟ ਭੇਜੀ ਗਈ ਹੈ ਅਤੇ ਇਹ ਖੱਡ ਜਾਇਜ਼ ਹੈ। ਮਾਈਨਿੰਗ ਸਬੰਧੀ ਇਹ ਰਿਪੋਰਟ ਕਿਸੇ ਦਬਾਅ ਅਧੀਨ ਭੇਜੀ ਗਈ ਹੈ ਜਾਂ ਫਿਰ ਪਰਖ ਤੋਂ ਬਾਅਦ ਭੇਜੀ ਸਹੀ ਰਿਪੋਰਟ ਹੈ, ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ 'ਆਪ' ਵੱਲੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।


Related News