ਸਤਲੁਜ ਦਰਿਆ ਨੇੜੇ ਹੋ ਰਹੀ ਨਾਜਾਇਜ਼ ਮਾਈਨਿੰਗ ਬਣੀ ਧੁੱਸੀ ਬੰਨ੍ਹ ਤੇ ਪਿੰਡ ਹਵੇਲੀ ਲਈ ਖ਼ਤਰਾ
Sunday, Oct 09, 2022 - 01:29 PM (IST)

ਰੂਪਨਗਰ (ਵਿਜੇ)- ਰੂਪਨਗਰ ਨੇੜੇ ਦਰਿਆ ਸਤਲੁਜ ਵਿਖੇ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਇਸ ਕਾਰਨ ਨਾਲ ਲੱਗਦੇ ਧੁੱਸੀ ਬੰਨ੍ਹ ਅਤੇ ਪਿੰਡ ਹਵੇਲੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦਾ ਪਿੰਡ ਵਾਸੀ ਡਟ ਕੇ ਵਿਰੋਧ ਕਰ ਰਹੇ ਹਨ। ਅੱਜ ਦਰਿਆ ਸਤਲੁਜ ’ਚ ਭਾਰੀ ਮਸ਼ੀਨਰੀ ਨਾਲ ਬੰਨ੍ਹ ਦੇ ਨੇੜੇ ਖੁਦਾਈ ਕੀਤੀ ਜਾ ਰਹੀ ਸੀ, ਜਿਸ ਦਾ ਪਿੰਡ ਹਵੇਲੀ ਕਲਾਂ ਦੇ ਨਿਵਾਸੀਆਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਮਾਈਨਿੰਗ ਰੋਕਣ ਦੀ ਚਿਤਾਵਨੀ ਦਿੱਤੀ।
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀ ਬਰਸਾਤ ’ਚ ਭਾਰੀ ਦਰਿਆਈ ਪਾਣੀ ਆਉਣ ਨਾਲ ਬੰਨ੍ਹ ਲਾਗੇ ਬਣੀਆਂ ਝੁੱਗੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਸੀ ਅਤੇ ਬਹੁਤ ਸਾਰੀਆਂ ਝੁੱਗੀਆਂ ਦਰਿਆ ’ਚ ਵਹਿ ਗਈਆਂ ਸਨ। ਇਸ ਦੇ ਨਾਲ ਹੀ ਜੇਕਰ ਬੰਨ੍ਹ ਹੋਰ ਕਮਜ਼ੋਰ ਹੁੰਦਾ ਹੈ ਤਾਂ ਪਿੰਡ ਦੀ ਅਬਾਦੀ ਅਤੇ ਜ਼ਮੀਨਾਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਮਾਈਨਿੰਗ ਸਰਕਾਰੀ ਨਿਯਮਾਂ ਦੇ ਬਿਲਕੁਲ ਉਲਟ ਹੈ ਜਿਸ ਕਾਰਨ ਪਿੰਡ ਦੇ ਬੰਨ੍ਹ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਪਿੰਡ ਦੇ ਬੰਨ੍ਹ ਲਾਗੇ ਮਾਈਨਿੰਗ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ
ਬੰਨ੍ਹ ਨੇੜੇ ਕਿਸਾਨਾਂ ਦੀ ਪ੍ਰਾਈਵੇਟ ਜ਼ਮੀਨ ਹੈ, ਜਿਸ ’ਚ ਮਾਈਨਿੰਗ ਨਹੀਂ ਹੋ ਸਕਦੀ। ਇਹ ਮਾਈਨਿੰਗ ਡੀ. ਸੀ. ਦੀ ਰਿਹਾਇਸ਼ ਦੇ ਨੇੜੇ ਹੋ ਰਹੀ ਹੈ ਅਤੇ ਡੀ. ਸੀ. ਸਾਹਿਬ ਨੂੰ ਇਸ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨੀ ਮਾਈਨਿੰਗ ਹੁੰਦੀ ਤਾਂ ਉਹ ਦਰਿਆ ਲਾਗੇ ਹੋਣੀ ਸੀ ਅਤੇ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਦਰਿਆ ਦਾ ਰੁੱਖ ਬੰਨ੍ਹ ਵੱਲ ਨਾ ਹੁੰਦਾ। ਉਨ੍ਹਾਂ ਮੌਕੇ ’ਤੇ ਹਾਜ਼ਰ ਇਕ ਅਧਿਕਾਰੀ ਨੂੰ ਕਿਹਾ ਕਿ ਉਹ ਤੁਰੰਤ ਮਾਈਨਿੰਗ ਰੋਕ ਦੇਣ ਨਹੀਂ ਤਾਂ ਪਿੰਡ ਦੇ ਵਿਰੋਧ ਦਾ ਸਾਹਮਣਾ ਕਰਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਕੇ ’ਤੇ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ ਤਾਂ ਜੋ ਪਿੰਡ ਦੀ ਸੁਰੱਖਿਆ ਹੋ ਸਕੇ ਅਤੇ ਬੰਨ੍ਹ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਮਾਈਨਿੰਗ ਹੋਣ ਤੋਂ ਪਹਿਲਾਂ ਜਗਾਹ ਦੀ ਨਿਸ਼ਾਨਦੇਹੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਮਾਈਨਿੰਗ ਦੇ ਨਿਯਮਾਂ ਅਨੁਸਾਰ ਮਾਈਨਿੰਗ ਦੀ ਗਹਿਰਾਈ ਵੀ ਮਿਥੀ ਜਾਣੀ ਚਾਹੀਦੀ ਹੈ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਾਜਾਇਜ਼ ਮਾਈਨਿੰਗ ਜਾਰੀ ਰਹੀ ਤਾਂ ਉਹ ਸਰਕਾਰ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਤਾ ’ਚ ਆਉਣ ਮਗਰੋਂ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣਗੇ ਪਰ ਇਹ ਮਾਈਨਿੰਗ ਪਹਿਲਾਂ ਨਾਲੋਂ ਵੀ ਵਧ ਕੇ ਹੋ ਰਹੀ ਹੈ ਅਤੇ ਇਸਨੂੰ ਰੋਕਣ ਵਾਲਾ ਕੋਈ ਨਹੀ। ਇਸ ਮੌਕੇ ਪਿੰਡ ਵਾਸੀਆਂ ’ਚ ਹਰਵਿੰਦਰ ਸਿੰਘ, ਜੋਤ ਪ੍ਰਕਾਸ਼ ਸਿੰਘ, ਸਮਸ਼ੇਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਸੁਖਵੀਰ ਸਿੰਘ, ਬਲਜੀਤ ਸਿੰਘ, ਗੌਰਵ ਸੈਣੀ, ਵਿਵੇਕ ਸੈਣੀ, ਬਲਵਿੰਦਰ ਸਿੰਘ, ਵਰਿੰਦਰ ਸਿੰਘ, ਸ਼ਾਹਦੀ ਰਾਣਾ, ਹਰਪ੍ਰੇਮ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ
ਮਾਈਨਿੰਗ ਸਰਕਾਰੀ ਹਦਾਇਤਾਂ ਅਨੁਸਾਰ ਹੋ ਰਹੀ-ਅਧਿਕਾਰੀ
‘ਜਗ ਬਾਣੀ’ ਟੀਮ ਵਲੋਂ ਜਦੋ ਉਕਤ ਨਾਜਾਇਜ਼ ਮਾਈਨਿੰਗ ਦੇ ਸਬੰਧ ’ਚ ਮਾਈਨਿੰਗ ਵਿਭਾਗ ਦੇ ਇਕ ਅਧਿਕਾਰੀ ਨਾਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਈਨਿੰਗ ਸਰਕਾਰੀ ਹਦਾਇਤਾਂ ਅਨੁਸਾਰ ਹੋ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮਾਈਨਿੰਗ ਨਾਲ ਬੰਨ੍ਹ ਨੂੰ ਇਸ ਦਾ ਖ਼ਤਰਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ