ਸਵਾਂ ਨਦੀ ’ਚ ਨਾਜਾਇਜ਼ ਮਾਈਨਿੰਗ ਖਿਲਾਫ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ
Wednesday, Feb 26, 2020 - 01:26 PM (IST)
ਸੁਖਸਾਲ (ਕੌਸ਼ਲ)-ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਸੰਪੂਰਨ ਜ਼ਿਲੇ ’ਚ ਮਾਈਨਿੰਗ ਪੂਰਨ ਤੌਰ ’ਤੇ ਬੰਦ ਹੈ ਦਾ ਦਾਅਵਾ ਕੀਤਾ ਜਾ ਰਿਹਾ ਹੈ ਇਸ ਦੇ ਬਿਲਕੁੱਲ ਉਲਟ ਸਥਾਨਕ ਪਿੰਡ ਭੱਲਡ਼ੀ ਵਿਖੇ ਸਵਾਂ ਨਦੀ ਵਿਚ ਸ਼ਰੇਆਮ ਦਿਨ ਸਮੇਂ ਹੋ ਰਹੀ ਮਾਈਨਿੰਗ ਨੂੰ ਵਿਭਾਗ ਦੇ ਜੇ.ਈ. ਹਰਜਿੰਦਰ ਸਿੰਘ ਦੀ ਟੀਮ ਨੇ ਰੰਗੇ ਹੱਥੀਂ ਫਡ਼ਿਆ। ਇਸ ਮੌਕੇ ਪਿੰਡ ਭੱਲਡ਼ੀ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਅਸੀਂ ਸਵਾਂ ਨਦੀ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਕਰਦੀ ਮਸ਼ੀਨ ਫਡ਼ੀ ਸੀ ਪਰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਮਾਫੀਆ ਮਸ਼ੀਨ ਲੈ ਕੇ ਰਫੂਚੱਕਰ ਹੋ ਗਿਆ ਸੀ। ਪਿੰਡ ਦੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਮੋਹਤਬਰ ਪਤਵੰਤਿਆਂ ਨੇ ਸਵਾਂ ਨਦੀ ਵਿਚ ਹੀ ਧਰਨਾ ਲਾ ਲਿਆ ਤੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮਾਈਨਿੰਗ ਵਿਭਾਗ ਵੱਲੋਂ ਫਡ਼ੀਆਂ ਮਸ਼ੀਨਾਂ ਕਾਬੁੂੁ ਕਰ ਕੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਓਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਵਾਂ ਨਦੀ ਵਿਚ ਕਰੀਬ ਦੋ ਦਹਾਕਿਆਂ ਤੋਂ ਲਗਾਤਾਰ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਸਰਕਾਰਾਂ ਭਾਵੇਂ ਬਦਲ ਗਈਆਂ ਪਰ ਮਾਈਨਿੰਗ ਮਾਫੀਏ ਦੇ ਕੰਮ ਬਿਨਾਂ ਰੋਕ ਟੋਕ ਜਾਰੀ ਹਨ।
ਮਾਈਨਿੰਗ ਕਾਰਣ ਕਿਸਾਨਾਂ ਦੇ ਖੂਹਾਂ ਅਤੇ ਬੋਰਾਂ ਦਾ ਪਾਣੀ ਸੁੱਕਿਆ
ਇੱਥੇ ਦੱਸਣਾ ਬਣਦਾ ਹੈ ਕਿ ਸਵਾਂ ਨਦੀ ਵਿਚ ਅੰਨ੍ਹੇਵਾਹ ਹੋ ਰਹੀ ਮਾਈਨਿੰਗ ਕਾਰਣ ਕਿਸਾਨਾਂ ਦੇ ਖੂਹਾਂ ਅਤੇ ਬੋਰਾਂ ਦਾ ਪਾਣੀ ਤੱਕ ਸੁੱਕ ਗਿਆ ਹੈ, ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਹਨ ਕਿ ਲੋਕ ਪਾਣੀ ਦੀ ਬੂੰਦ-ਬੁੂੰਦ ਨੂੰ ਤਰਸਣਗੇ। ਇਸ ਮੌਕੇ ਪਹੁੰਚੇ ਪੁਲਸ ਚੌਕੀ ਨਵਾਂ ਨੰਗਲ ਦੇ ਇੰਚਾਰਜ ਏ.ਐੱਸ.ਆਈ ਸਰਤਾਜ ਸਿੰਘ ਨੇ ਜੇ.ਈ. ਮਾਈਨਿੰਗ ਵਿਭਾਗ ਹਰਜਿੰਦਰ ਸਿੰਘ ਤੋਂ ਕੀਤੀ ਕਾਰਵਾਈ ਦੀ ਕਾਪੀ ਲੈ ਕੇ ਚਾਰ ਪੋਕਲੇਨ ਮਸ਼ੀਨਾਂ, ਇਕ ਟਿੱਪਰ, ਇਕ ਟਰੈਕਟਰ ਆਦਿ ਮਸ਼ਨੀਰੀ ਨੂੰ ਕਬਜ਼ੇ ਵਿਚ ਲੈ ਕੇ ਅਗਲਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ : ਐੱਸ.ਡੀ.ਐੱਮ.
ਜਦੋਂ ਇਸ ਬਾਰੇ ਐੱਸ.ਡੀ.ਐੱਮ. ਨੰਗਲ ਕਨੂੰ ਗਰਗ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਭੱਲਡ਼ੀ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਤੋਂ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਜਿਸ ’ਤੇ ਕਾਰਵਾਈ ਕਰਦੇ ਹੋਏ ਅੱਜ ਜੇ.ਈ. ਮਾਈਨਿੰਗ ਵਿਭਾਗ ਦੀ ਅਗਵਾਈ ਹੇਠ ਟੀਮ ਭੇਜੀ ਗਈ ਸੀ ਉਨ੍ਹਾਂ ਮੌਕੇ ’ਤੇ ਮਾਈਨਿੰਗ ਕਰਦੀਆਂ ਚਾਰ ਮਸ਼ੀਨਾਂ, ਇਕ ਟਿੱਪਰ ਅਤੇ ਟਰੈਕਟਰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤੇ ਹਨ, ਪਰ ਡਰਾਈਵਰ ਮੌਕੇ ਤੋਂ ਭੱਜ ਗਏ ਸਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ ਵਿਚ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਸਰਪੰਚ ਹਰਪਾਲ ਸਿੰਘ, ਤਰਲੋਚਨ ਸਿੰਘ, ਹਰਜਾਪ ਸਿੰਘ, ਸੁਖਵੰਤ ਸਿੰਘ, ਅਸ਼ੋਕ ਕੁਮਾਰ, ਜਗਤਾਰ ਸਿੰਘ, ਸੱਤਪਾਲ ਸਿੰਘ, ਵਰਜੀਤ ਸਿੰਘ ਲੱਕੀ, ਸੁਖਦੇਵ ਸਿੰਘ, ਜਗਤਾਰ ਸਿੰਘ ਰਾਮਗਡ਼੍ਹੀਆ ਆਦਿ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।