ਪੁਰਾਣੇ ਮਕਾਨਾਂ ਨੂੰ ਤੋੜ ਕੇ ਨਾਜਾਇਜ਼ ਮਾਰਕੀਟ ਬਣਾਉਣ ਵਾਲਾ ਮਾਫ਼ੀਆ ਨਿਗਮ ’ਤੇ ਹੋਇਆ ਹਾਵੀ
Sunday, Mar 12, 2023 - 02:25 PM (IST)

ਜਲੰਧਰ (ਖੁਰਾਣਾ)–ਪਿਛਲੇ 5 ਸਾਲ ਪੰਜਾਬ ’ਤੇ ਕਾਬਜ਼ ਰਹੀ ਕਾਂਗਰਸ ਸਰਕਾਰ ਦੇ ਦੌਰਾਨ ਜਲੰਧਰ ਨਗਰ ਨਿਗਮ ਦਾ ਭ੍ਰਿਸ਼ਟਾਚਾਰ ਜਿੱਥੇ ਸਾਰੀਆਂ ਹੱਦਾਂ ਪਾਰ ਕਰ ਗਿਆ ਸੀ, ਉਥੇ ਹੀ ਜਲੰਧਰ ਸ਼ਹਿਰ ਵਿਚ ਨਾਜਾਇਜ਼ ਨਿਰਮਾਣਾਂ ਦਾ ਹੜ੍ਹ ਜਿਹਾ ਆ ਗਿਆ ਸੀ। ਇਸ ਦੌਰਾਨ ਨਾ ਸਿਰਫ਼ ਬਿਲਡਿੰਗ ਵਿਭਾਗ ਨਾਲ ਜੁੜੇ ਅਧਿਕਾਰੀਆਂ, ਸਗੋਂ ਸਿਆਸਤਦਾਨਾਂ ਨੇ ਵੀ ਖੂਬ ਨੋਟ ਕਮਾਏ ਸਨ ਪਰ ਹੁਣ ਕਾਂਗਰਸ ਸਰਕਾਰ ਦਾ ਰਿਕਾਰਡ ਵੀ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਸਮੇਂ ਜਲੰਧਰ ਸ਼ਹਿਰ ਵਿਚ ਨਾਜਾਇਜ਼ ਨਿਰਮਾਣਾਂ ਦਾ ਸਿਲਸਿਲਾ ਇਕ ਵਾਰ ਫਿਰ ਬਹੁਤ ਤੇਜ਼ ਹੋ ਗਿਆ ਹੈ।
ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਵਿਚ ਇਕ ਅਜਿਹਾ ਗਿਰੋਹ ਸਰਗਰਮ ਹੋਇਆ ਸੀ, ਜਿਸ ਨੇ ਅੰਦਰੂਨੀ ਇਲਾਕਿਆਂ ’ਚ ਪੁਰਾਣੇ ਮਕਾਨ ਅਤੇ ਹਵੇਲੀਆਂ ਆਦਿ ਖਰੀਦ ਕੇ ਉਥੇ ਨਾਜਾਇਜ਼ ਢੰਗ ਨਾਲ ਮਾਰਕੀਟ ਅਤੇ ਕਮਰਸ਼ੀਅਲ ਸੰਸਥਾਨ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਉਦੋਂ ਇਕ ਕਰੋੜ ਦੀ ਪ੍ਰਾਪਰਟੀ ਖ਼ਰੀਦ ਕੇ ਇਸ ਮਾਫ਼ੀਆ ਨੇ ਉਸ ਨੂੰ 10 ਕਰੋੜ ਰੁਪਏ ਵਿਚ ਦੁਕਾਨਾਂ ਦੇ ਰੂਪ ਵਿਚ ਵੇਚਿਆ ਸੀ ਅਤੇ ਇਸ ਨਾਜਾਇਜ਼ ਕੰਮ ਵਿਚ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਉਸ ਸਮੇਂ ਦੇ ਆਗੂਆਂ ਦੀ ਵੀ ਪੂਰੀ ਮਿਲੀਭੁਗਤ ਸੀ। ਉਦੋਂ ਉਸ ਗਿਰੋਹ ਨੇ ਫਗਵਾੜਾ ਗੇਟ, ਚਹਾਰ ਬਾਗ, ਚਰਨਜੀਤਪੁਰਾ, ਵਿਕਰਮਪੁਰਾ, ਇਮਾਮ ਨਾਸਿਰ, ਮੰਡੀ ਫੈਂਟਨਗੰਜ ਆਦਿ ਕਈ ਇਲਾਕਿਆਂ ਵਿਚ ਰਿਹਾਇਸ਼ੀ ਇਮਾਰਤਾਂ ਨੂੰ ਕਮਰਸ਼ੀਅਲ ਵਿਚ ਤਬਦੀਲ ਕਰ ਦਿੱਤਾ ਸੀ। ਪਤਾ ਲੱਗਾ ਹੈ ਕਿ ਇਸ ਗਿਰੋਹ ਨੇ ਕਾਂਗਰਸੀ ਆਗੂਆਂ ਦਾ ਪੱਲਾ ਛੱਡ ਕੇ ਸੱਤਾ ਧਿਰ ਦੇ ਕੁਝ ਆਗੂਆਂ ਨਾਲ ਸਬੰਧ ਸਥਾਪਤ ਕਰ ਲਿਆ ਹੈ, ਜਿਸ ਕਾਰਨ ਉਨ੍ਹਾਂ ਦਾ ਕੰਮਕਾਜ ਇਕ ਵਾਰ ਫਿਰ ਚੱਲ ਨਿਕਲਿਆ ਹੈ। ਇਸ ਗਿਰੋਹ ਨੇ ਨਵੀਂ ਸਰਕਾਰ ਦੇ ਕਾਰਜਕਾਲ ਵਿਚ ਆਪਣੇ ਕੰਮਕਾਜ ਦੀ ਸ਼ੁਰੂਆਤ ਫਗਵਾੜਾ ਗੇਟ ਤੋਂ ਕੀਤੀ ਹੈ, ਜਿੱਥੇ ਇਕ ਖ਼ਸਤਾ ਹਾਲਤ ਅਤੇ ਪੁਰਾਣੀ ਹਵੇਲੀ ਦੇ ਅੰਦਰ ਦੁਕਾਨਾਂ ਦਾ ਨਿਰਮਾਣ ਕਰ ਲਿਆ ਗਿਆ ਹੈ ਅਤੇ ਹੌਲੀ-ਹੌਲੀ ਉਨ੍ਹਾਂ ਦੁਕਾਨਾਂ ਦੇ ਸ਼ਟਰ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ ਨਿਕਲ ਗਿਆ ਘਰੋਂ, 7 ਦਿਨ ਮਗਰੋਂ ਵੀ ਨਹੀਂ ਲੱਗਾ ਥਹੁ-ਪਤਾ, ਮਾਪੇ ਪਰੇਸ਼ਾਨ
2 ਦਿਨ ਪਹਿਲਾਂ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਇਸ ਪੁਰਾਣੀ ਹਵੇਲੀ ਵਿਚ ਚੱਲ ਰਹੇ ਨਿਰਮਾਣ ਕਾਰਜ ਨੂੰ ਰੁਕਵਾਇਆ ਸੀ ਪਰ ਨਿਗਮ ਅਧਿਕਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਬਿਲਡਰ ਨੇ ਰਾਤੋ-ਰਾਤ ਇਸ ਨਾਜਾਇਜ਼ ਨਿਰਮਾਣ ’ਤੇ 2 ਸ਼ਟਰ ਲਾ ਕੇ ਉਨ੍ਹਾਂ ਨੂੰ ਦੁਕਾਨਾਂ ਦਾ ਰੂਪ ਦੇ ਦਿੱਤਾ, ਜਿਨ੍ਹਾਂ ਨੂੰ ਬਹੁਤ ਮਹਿੰਗੇ ਭਾਅ ’ਤੇ ਵੇਚੇ ਜਾਣ ਦੀ ਤਿਆਰੀ ਹੈ। ਸੂਤਰ ਦੱਸਦੇ ਹਨ ਕਿ ਇਸ ਗਿਰੋਹ ਨੇ ਆਪਣੇ ਨਾਲ ਕੁਝ ਨਵੇਂ ਫਾਈਨਾਂਸਰਾਂ ਨੂੰ ਵੀ ਜੋੜ ਲਿਆ ਹੈ, ਜਿਨ੍ਹਾਂ ਨੇ ਵਿਵਾਦਿਤ ਅਤੇ ਖ਼ਸਤਾ ਹਾਲਤ ਹਵੇਲੀਆਂ ਨੂੰ ਖ਼ਰੀਦਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਨਾਜਾਇਜ਼ ਨਿਰਮਾਣਾਂ ਦਾ ਇਹ ਸਿਲਸਿਲਾ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ। ਹੁਣ ਵੇਖਣਾ ਹੈ ਕਿ ਫਗਵਾੜਾ ਗੇਟ ਵਿਚ ਰਾਤੋ-ਰਾਤ ਜਿਸ ਹਵੇਲੀ ਵਿਚ 2 ਨਵੇਂ ਸ਼ਟਰ ਲਾਏ ਗਏ, ਉਥੇ ਨਿਗਮ ਕੀ ਕਾਰਵਾਈ ਕਰਦਾ ਹੈ ਕਿਉਂਕਿ ਇਨ੍ਹਾਂ ਦਾ ਨਾ ਤਾਂ ਸੀ. ਐੱਲ. ਯੂ. ਹੋਇਆ ਹੈ ਅਤੇ ਨਾ ਹੀ ਕੋਈ ਨਕਸ਼ਾ ਪਾਸ ਹੈ। ਪਾਰਕਿੰਗ ਲਈ ਇਕ ਇੰਚ ਵੀ ਜਗ੍ਹਾ ਨਹੀਂ ਛੱਡੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।