ਪਰਾਗਪੁਰ-ਜਮਸ਼ੇਰ ਖੇੜਾ ਬਾਈਪਾਸ ’ਤੇ ਗੈਰ-ਕਾਨੂੰਨੀ ਉਸਾਰੀਆਂ ਦਾ ਆਇਆ ਹੜ੍ਹ
Friday, Jan 17, 2025 - 03:36 PM (IST)
ਜਲੰਧਰ (ਖੁਰਾਣਾ)–ਅੱਜ ਤੋਂ ਕਈ ਸਾਲ ਪਹਿਲਾਂ ਸ਼ਹਿਰ ਵਿਚੋਂ ਟ੍ਰੈਫਿਕ ਦੀ ਦਿੱਕਤ ਨੂੰ ਦੂਰ ਕਰਨ ਲਈ ਪਰਾਗਪੁਰ ਵਿਚ ਮੈਕਡੌਨਲਡ ਨੇੜਿਓਂ ਇਕ ਬਾਈਪਾਸ ਜਮਸ਼ੇਰ-ਖੇੜਾ ਵੱਲ ਕੱਢਿਆ ਗਿਆ ਸੀ, ਜਿੱਥੇ ਅੱਜ ਛਾਉਣੀ ਇਲਾਕੇ ਦੇ ਪਿੰਡਾਂ ਅਤੇ ਨਕੋਦਰ ਵੱਲ ਜਾਣ ਵਾਲੇ ਟ੍ਰੈਫਿਕ ਦੀ ਭਰਮਾਰ ਰਹਿੰਦੀ ਹੈ। ਇਸ ਬਾਈਪਾਸ ਦੇ ਆਲੇ-ਦੁਆਲੇ ਜੋ ਨਾਨ-ਕੰਸਟਰੱਕਸ਼ਨ ਜ਼ੋਨ ਹੈ, ਉਥੇ ਹੀ ਨਗਰ ਨਿਗਮ ਕਿਸੇ ਵੀ ਤਰ੍ਹਾਂ ਦੀ ਉਸਾਰੀ ਦੀ ਆਗਿਆ ਤਾਂ ਨਹੀਂ ਦਿੰਦਾ ਪਰ ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਵਿਚ ਗੈਰ-ਕਾਨੂੰਨੀ ਉਸਾਰੀਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ, ਜਿਸ ਵੱਲ ਨਗਰ ਨਿਗਮ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਮਾਂ ਰਹਿੰਦੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਲੇ ਸਮੇਂ ਵਿਚ ਇਸ ਇਲਾਕੇ ਵਿਚ ਵੀ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਮਾਸਟਰ ਪਲਾਨ ’ਚ ਇਥੇ ਨਹਿਰ ਦੇ ਨਾਲ-ਨਾਲ ਵਿਖਾਈ ਗਈ ਹੈ ਸੜਕ
2010 ਵਿਚ ਜਲੰਧਰ ਦਾ ਨਵਾਂ ਮਾਸਟਰ ਪਲਾਨ ਬਣਾਇਆ ਗਿਆ ਸੀ, ਜਿਸ ਵਿਚ 22 ਸਾਲ ਭਾਵ 2032 ਤਕ ਦੀ ਪਲਾਨਿੰਗ ਵਿਖਾਈ ਗਈ ਹੈ। ਮਾਸਟਰ ਪਲਾਨ ਦੇ ਮੁਤਾਬਕ ਉਦੋਂ ਇਸ ਜਗ੍ਹਾ ’ਤੇ ਨਹਿਰ ਹੁੰਦੀ ਸੀ, ਜੋ ਬਾਠ ਕੈਸਲ ਦੇ ਨੇੜਿਓਂ ਲੰਘ ਕੇ ਛਾਉਣੀ ਇਲਾਕੇ ਦੇ ਪਿੰਡਾਂ ਵਿਚੋਂ ਹੁੰਦੇ ਹੋਏ ਜਮਸ਼ੇਰ ਵੱਲ ਜਾਂਦੀ ਸੀ। ਪਹਿਲਾਂ-ਪਹਿਲ ਇਹ ਨਹਿਰ ਇਥੇ ਸਿੰਚਾਈ ਦਾ ਮੁੱਖ ਸਾਧਨ ਹੁੰਦੀ ਸੀ। ਸ਼ਹਿਰੀਕਰਨ ਦੀ ਪ੍ਰਕਿਰਿਆ ਤਹਿਤ ਜਦੋਂ ਨਹਿਰਾਂ ਦੀ ਲੋੜ ਖ਼ਤਮ ਹੋ ਗਈ ਅਤੇ ਸਿੰਚਾਈ ਦੇ ਹੋਰ ਸਾਧਨ ਮੁਹੱਈਆ ਹੋ ਗਏ, ਉਦੋਂ ਪੰਜਾਬ ਸਰਕਾਰ ਨੇ ਇਸ ਨਹਿਰ ਨੂੰ ਮਿੱਟੀ ਨਾਲ ਭਰ ਕੇ ਇਥੇ ਨਵੀਂ ਸੜਕ ਬਣਾ ਦਿੱਤੀ ਸੀ ਅਤੇ ਸਰਕਾਰੀ ਦਸਤਾਵੇਜ਼ਾਂ ਵਿਚ ਵੀ ਇਥੇ ਸੜਕ ਹੀ ਵਿਖਾਈ ਗਈ ਹੈ। ਹੁਣ ਅਗਲੇ ਮਾਸਟਰ ਪਲਾਨ ਵਿਚ ਇਸ ਇਲਾਕੇ ਨੂੰ ਬਾਈਪਾਸ ਦੇ ਰੂਪ ਵਿਚ ਦਰਸਾਇਆ ਜਾਵੇਗਾ ਪਰ ਜੇਕਰ ਬਾਈਪਾਸ ਦੇ ਕਿਨਾਰੇ ’ਤੇ ਨਾਨ-ਕੰਸਟਰੱਕਸ਼ਨ ਜ਼ੋਨ ਵਿਚ ਗੈਰ-ਕਾਨੂੰਨੀ ਉਸਾਰੀਆਂ ਹੁੰਦੀਆਂ ਹਨ ਤਾਂ ਮਾਸਟਰ ਪਲਾਨ ਵਿਚ ਦਿੱਕਤ ਆ ਸਕਦੀ ਹੈ ਅਤੇ ਭਵਿੱਖ ਦੀ ਸਾਰੀ ਪਲਾਨਿੰਗ ਖਰਾਬ ਹੋ ਸਕਦੀ ਹੈ। ਨਹਿਰ ਦੇ ਕਿਨਾਰੇ 100 ਫੁੱਟ ਚੌੜੀ ਸੜਕ ਕੱਢਣ ਦੀ ਯੋਜਨਾ ਅਜੇ ਵੀ ਸਰਕਾਰੀ ਦਸਤਾਵੇਜ਼ਾਂ ’ਚ ਕਾਇਮ ਹੈ।
ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ
ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਇਸ ਇਲਾਕੇ ਵਿਚ ਨਹਿਰ ਹੁੰਦੀ ਸੀ, ਉਦੋਂ ਇਸ ਦੇ ਕਿਨਾਰੇ ਤੋਂ ਲੈ ਕੇ ਇਕ ਸਾਈਡ ’ਤੇ 100 ਫੁੱਟ ਚੌੜੀ ਸੜਕ ਕੱਢੇ ਜਾਣ ਦੀ ਯੋਜਨਾ ਬਣਾਈ ਗਈ ਸੀ, ਜੋ ਲਿਲੀ ਰਿਜ਼ਾਰਟ ਵਾਲੀ ਸਾਈਡ ਵੱਲ ਬਣਨੀ ਸੀ। ਬਾਅਦ ਵਿਚ ਜਦੋਂ ਨਹਿਰ ਨੂੰ ਮਿੱਟੀ ਨਾਲ ਭਰ ਕੇ ਉਸ ਦੇ ਉੱਪਰ ਸੜਕ ਬਣਾ ਦਿੱਤੀ ਗਈ ਤਾਂ 100 ਫੁੱਟ ਚੌੜੀ ਸੜਕ ਬਣਾਉਣ ਦੀ ਲੋੜ ਨਹੀਂ ਸਮਝੀ ਗਈ ਪਰ ਇਹ ਯੋਜਨਾ ਅੱਜ ਵੀ ਸਰਕਾਰੀ ਦਸਤਾਵੇਜ਼ਾਂ ਵਿਚ ਕਾਇਮ ਹੈ, ਜਿਸ ਨੂੰ ਅਜੇ ਤਕ ਰੱਦ ਨਹੀਂ ਕੀਤਾ ਗਿਆ। ਸਰਕਾਰੀ ਅਧਿਕਾਰੀਆਂ ਦੇ ਮੁਤਾਬਕ ਹੁਣ ਜੇਕਰ ਕਿਸੇ ਨੇ ਇਸ ਬਾਈਪਾਸ ਦੇ ਕਿਨਾਰੇ ਭਾਵ ਲਿਲੀ ਰਿਜ਼ਾਰਟ ਵਾਲੀ ਸਾਈਡ ’ਤੇ ਕੋਈ ਕੰਸਟਰੱਕਸ਼ਨ ਕਰਨੀ ਹੈ ਤਾਂ ਉਸ ਨੂੰ 100 ਫੁੱਟ ਜਗ੍ਹਾ ਛੱਡ ਕੇ ਆਪਣੀ ਕੰਸਟਰੱਕਸ਼ਨ ਕਰਨੀ ਹੋਵੇਗੀ ਪਰ ਇਸ ਇਲਾਕੇ ਵਿਚ ਬਿਲਕੁਲ ਇਸਦੇ ਉਲਟ ਹੋ ਰਿਹਾ ਹੈ।
ਇਥੇ ਸੜਕ ਦੇ ਬਿਲਕੁਲ ਨੇੜੇ ਹੀ ਗੈਰ-ਕਾਨੂੰਨੀ ਢੰਗ ਨਾਲ ਕਮਰਸ਼ੀਅਲ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਰੂਪ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸੇ ਬਾਈਪਾਸ ਦੀ ਦੂਸਰੀ ਸਾਈਡ (ਜਿਥੇ ਮੈਕਡੌਨਲਡ ਅਤੇ ਕੈਂਟ ਕਾਊਂਟੀ ਵਰਗੀ ਕਾਲੋਨੀ ਵੀ ਬਣੀ ਹੋਈ ਹੈ) 5 ਮੀਟਰ ਦਾ ਨਾਨ-ਕੰਸਟਰੱਕਸ਼ਨ ਜ਼ੋਨ ਪੈਂਦਾ ਹੈ, ਜਿਥੇ ਵੀ ਕੋਈ ਉਸਾਰੀ ਨਹੀਂ ਹੋ ਸਕਦੀ ਪਰ ਇਸ ਇਲਾਕੇ ਵਿਚ ਵੀ ਗੈਰ-ਕਾਨੂੰਨੀ ਉਸਾਰੀਆਂ ਨੂੰ ਰੋਕਿਆ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਸੋਫੀ ਪਿੰਡ (ਬੜਿੰਗ ਕਾਲੋਨੀ) ’ਚ ਚੱਲ ਰਹੀਆਂ ਕਈ ਉਸਾਰੀਆਂ
‘ਜਗ ਬਾਣੀ’ ਦੀ ਟੀਮ ਨੇ ਬੀਤੇ ਦਿਨ ਜਦੋਂ ਇਸ ਬਾਈਪਾਸ ਦੇ ਕਿਨਾਰੇ ’ਤੇ ਵਸੇ ਸੋਫੀ ਪਿੰਡ ਅਤੇ ਉਥੇ ਬਣੀ ਬੜਿੰਗ ਕਾਲੋਨੀ ਦਾ ਦੌਰਾ ਕੀਤਾ ਤਾਂ ਉਥੇ ਕਈ ਉਸਾਰੀਆਂ ਚੱਲ ਰਹੀਆਂ ਸਨ, ਜਿਨ੍ਹਾਂ ਵਿਚੋਂ ਵਧੇਰੇ ਤਾਂ ਬਾਈਪਾਸ ਦੇ ਬਿਲਕੁਲ ਕਿਨਾਰੇ ’ਤੇ ਹੀ ਸਨ।
ਬਾਈਪਾਸ ਦੇ ਕਿਨਾਰੇ ਨਾਨ-ਕੰਸਟਰੱਕਸ਼ਨ ਜ਼ੋਨ ਦੀ ਸ਼ਰੇਆਮ ਉਲੰਘਣਾ ਕਰਕੇ ਜਿਸ ਤਰ੍ਹਾਂ ਉਥੇ ਵਪਾਰਕ ਉਸਾਰੀਆਂ ਧੜਾਧੜ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਕੱਲ ਨੂੰ ਜੇਕਰ ਬਾਈਪਾਸ ’ਤੇ ਤੇਜ਼ ਰਫ਼ਤਾਰ ਨਾਲ ਵਾਹਨ ਚੱਲਦੇ ਹਨ ਤਾਂ ਇਨ੍ਹਾਂ ਵਪਾਰਕ ਉਸਾਰੀਆਂ ਕਾਰਨ ਹਾਦਸਿਆਂ ਦੀ ਨੌਬਤ ਵੀ ਆ ਸਕਦੀ ਹੈ।
ਜਾਣਕਾਰੀ ’ਚ ਮਾਮਲਾ ਆਇਆ ਹੈ, ਦੌਰਾ ਕਰਨ ਤੋਂ ਬਾਅਦ ਹੀ ਕੁਝ ਕਹਿ ਸਕਾਂਗਾ : ਮੇਅਰ ਵਨੀਤ ਧੀਰ
ਨਗਰ ਨਿਗਮ ਦੀ ਹੱਦ ਵਿਚ ਆਉਂਦੇ ਪਰਾਗਪੁਰ-ਜਮਸ਼ੇਰ ਖੇੜਾ ਬਾਈਪਾਸ ਦੇ ਕਿਨਾਰੇ ’ਤੇ ਹੋ ਰਹੀਆਂ ਗੈਰ-ਕਾਨੂੰਨੀ ਉਸਾਰੀਆਂ ਬਾਰੇ ਪੁੱਛੇ ਜਾਣ ’ਤੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਅਜੇ ਉਨ੍ਹਾਂ ਚਾਰਜ ਸੰਭਾਲਿਆ ਅਤੇ ਇਸ ਸਬੰਧੀ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ। ਜਲਦ ਇਸ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਹੀ ਉਹ ਕੁਝ ਕਹਿ ਸਕਣਗੇ। ਇਸ ਸਬੰਧ ਵਿਚ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਗੈਰ-ਕਾਨੂੰਨੀ ਉਸਾਰੀਆਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਵਪਾਰਕ ਇਮਾਰਤਾਂ ਦੇ ਪਾਰਕਿੰਗ ਸਥਾਨਾਂ ’ਚ ਖੁੱਲ੍ਹ ਚੁੱਕੇ ਹਨ ਵੱਡੇ-ਵੱਡੇ ਸ਼ੋਅਰੂਮ, ਸ਼ਹਿਰ ’ਚ ਵਧ ਰਹੀ ਟ੍ਰੈਫਿਕ ਸਮੱਸਿਆ
ਸ਼ਹਿਰੀਕਰਨ ਦੀ ਪ੍ਰਕਿਰਿਆ ਤੇਜ਼ ਹੋਣ ਅਤੇ ਆਬਾਦੀ ਵਧਣ ਦੇ ਨਾਲ-ਨਾਲ ਸ਼ਹਿਰ ਵਿਚ ਵਪਾਰਕ ਇਮਾਰਤਾਂ ਦਾ ਦੌਰ ਵੀ ਲਗਾਤਾਰ ਵਧ ਰਿਹਾ ਹੈ। ਇਹ ਵੱਖ ਗੱਲ ਹੈ ਕਿ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਵਿਚ ਧੜਾਧੜ ਵਪਾਰਕ ਇਮਾਰਤਾਂ ਦੀਆਂ ਉਸਾਰੀਆਂ ਹੁੰਦੀਆਂ ਰਹੀਆਂ ਹਨ ਅਤੇ ਅੱਜ ਵੀ ਇਹ ਸਿਲਸਿਲਾ ਜਾਰੀ ਹੈ। ਇਸ ਸਾਰੀ ਖੇਡ ਵਿਚ ਜਿੱਥੇ ਸਰਕਾਰੀ ਮਾਲੀਏ ਨੂੰ ਚੂਨਾ ਲੱਗ ਰਿਹਾ ਹੈ, ਉਥੇ ਹੀ ਇਹ ਟ੍ਰੈਂਡ ਵੀ ਜ਼ੋਰ ਫੜ ਰਿਹਾ ਹੈ ਕਿ ਵਪਾਰਕ ਇਮਾਰਤਾਂ ਬਣਾਉਣ ਵਾਲੇ ਵਧੇਰੇ ਲੋਕ ਉਚਿਤ ਪਾਰਕਿੰਗ ਸਪੇਸ ਨਹੀਂ ਛੱਡ ਰਹੇ, ਜੋ ਉਨ੍ਹਾਂ ਨੇ ਨਕਸ਼ਾ ਵਿਚ ਦਿਖਾਈ ਹੁੰਦੀ ਹੈ। ਇਸ ਕਾਰਨ ਅੱਜ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨਾ ਸਿਰਫ ਵਧਦੀ ਜਾ ਰਹੀ, ਸਗੋਂ ਕਈ ਥਾਵਾਂ ’ਤੇ ਤਾਂ ਬਿਲਕੁਲ ਹੀ ਲੜਖੜਾ ਗਈ ਹੈ।
ਇਹ ਵੀ ਪੜ੍ਹੋ : ਪਿੰਡ 'ਚੋਂ ਲੰਘਣਾ ਹੈ ਤਾਂ ਲਿਆਓ ਜੀ 200 ਦੀ ਪਰਚੀ, ਅੱਗੋਂ ਪੁਲਸ ਨੇ ਪਾ 'ਤੀ ਕਾਰਵਾਈ
ਅੱਜ ਸ਼ਹਿਰ ਦੀ ਹਰ ਸੜਕ ’ਤੇ ਵਾਹਨਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਗੱਡੀ ਪਾਰਕ ਕਰਨ ਲਈ ਵੀ ਕੋਈ ਸਥਾਨ ਨਹੀਂ ਬਚਿਆ। ਸੜਕਾਂ ਕੰਢੇ ਰੇਹੜੀਆਂ ਦੇ ਕਾਰਨ ਵੀ ਤੁਸੀਂ ਕਿਤੇ ਆਪਣੀ ਗੱਡੀ ਪਾਰਕ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿਚ ਲੋਕ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਨਾਲਾਇਕੀ ਦੀ ਹੱਦ ਇਹ ਹੈ ਕਿ ਵਪਾਰਕ ਇਮਾਰਤ ਦਾ ਨਕਸ਼ਾ ਪਾਸ ਹੁੰਦੇ ਹੀ ਸਬੰਧਤ ਇਮਾਰਤ ਦੀ ਪਾਰਕਿੰਗ ਸਪੇਸ ਨੂੰ ਕਿਰਾਏ ਆਦਿ ’ਤੇ ਚੜ੍ਹਾ ਦਿੱਤਾ ਜਾਂਦਾ ਹੈ ਜਾਂ ਉਸ ਵਿਚ ਵਪਾਰਕ ਕਾਰੋਬਾਰ ਤਕ ਖੋਲ੍ਹ ਲਏ ਜਾਂਦੇ ਹਨ। ਉਸ ਮਾਮਲੇ ਵਿਚ ਨਗਰ ਨਿਗਮ ਜਾਣਬੁੱਝ ਕੇ ਅਣਜਾਣ ਬਣਿਆ ਰਹਿੰਦਾ ਹੈ। ਸ਼ਹਿਰ ਦੇ ਦਰਜਨਾਂ ਹੋਟਲ, ਹਸਪਤਾਲ ਅਤੇ ਵਪਾਰਕ ਇਮਾਰਤਾਂ ਅਜਿਹੀਆਂ ਹਨ, ਜਿਥੇ ਪਾਰਕਿੰਗ ਲਈ ਛੱਡੀ ਗਈ ਬੇਸਮੈਂਟ ਵਿਚ ਪੱਕੇ ਸਟਰੱਕਚਰ ਤਕ ਬਣ ਚੁੱਕੇ ਹਨ ਅਤੇ ਉਨ੍ਹਾਂ ਬਿਲਡਿੰਗਾਂ ਦਾ ਸਾਰਾ ਟ੍ਰੈਫਿਕ ਬਾਹਰ ਸਡ਼ਕ ’ਤੇ ਰਹਿੰਦਾ ਹੈ।
ਜੇਕਰ ਨਗਰ ਨਿਗਮ ਸਖ਼ਤੀ ਨਾਲ ਪਾਰਕਿੰਗ ਸਪੇਸ ਖਾਲੀ ਕਰਵਾਉਣ ਦੀ ਮੁਹਿੰਮ ਛੇੜਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੀਆਂ ਸੈਂਕੜੇ ਵਪਾਰਕ ਇਮਾਰਤਾਂ, ਹੋਟਲਾਂ ਅਤੇ ਹਸਪਤਾਲਾਂ ਨੂੰ ਭਾਰੀ ਪ੍ਰੇਸ਼ਾਨੀ ਆ ਸਕਦੀ ਹੈ, ਜੋ ਇਨ੍ਹਾਂ ਤੋਂ ਲੱਖਾਂ ਰੁਪਏ ਕਿਰਾਇਆ ਜਾਂ ਮੁਨਾਫਾ ਵਸੂਲ ਰਹੇ ਹਨ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਅਤੇ ਕਈ ਹੋਰ ਥਾਵਾਂ ’ਤੇ ਸੈਂਕੜੇ ਇਮਾਰਤਾਂ ਅਜਿਹੀਆਂ ਹਨ, ਜਿਨ੍ਹਾਂ ਨੇ ਨਕਸ਼ੇ ਵਿਚ ਬੇਸਮੈਂਟ ਨੂੰ ਪਾਰਕਿੰਗ ਦਿਖਾਇਆ ਹੋਇਆ ਹੈ ਪਰ ਉਥੇ ਸ਼ੋਅਰੂਮ ਖੋਲ੍ਹੇ ਹੋਏ ਹਨ। ਨਿਗਮ ਇਨ੍ਹਾਂ ਨੂੰ ਖਾਲੀ ਕਰਵਾਉਣ ਬਾਬਤ ਪਿਛਲੇ ਸਮੇਂ ਵਿਚ ਕਈ ਮੁਹਿੰਮਾਂ ਚਲਾ ਚੁੱਕਾ ਹੈ ਪਰ ਹਰ ਵਾਰ ਸਿਆਸੀ ਦਬਾਅ ਕਾਰਨ ਨਿਗਮ ਨੂੰ ਇਸ ਵਿਚ ਸਫ਼ਲਤਾ ਨਹੀਂ ਮਿਲਦੀ। ਹੁਣ ਵੇਖਣਾ ਹੈ ਕਿ ਨਵੇਂ ਮੇਅਰ ਦੇ ਆਉਣ ਨਾਲ ਇਹ ਸਿਸਟਮ ਕਿੰਨਾ ਬਦਲਦਾ ਹੈ।
ਇਹ ਵੀ ਪੜ੍ਹੋ : ਦਿੱਲੀ ਵਾਸੀ ਨਫ਼ਰਤ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਨਕਾਰ ਦੇਣ : ਭਗਵੰਤ ਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e