ਜਲੰਧਰ ''ਚ ਹੋਟਲ ਤੇ ਰੈਸਟੋਰੈਂਟ ਸਮੇਤ 18 ਨਾਜਾਇਜ਼ ਬਿਲਡਿੰਗਾਂ ਸੀਲ

11/16/2019 10:36:11 AM

ਜਲੰਧਰ (ਖੁਰਾਣਾ)— ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਵੱਲੋਂ ਸ਼ਹਿਰ ਦੀਆਂ 450 ਦੇ ਕਰੀਬ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਸਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਤੇ 16 ਨਵੰਬਰ ਨੂੰ ਸੁਣਵਾਈ ਹੋਣੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਮਾਣਯੋਗ ਅਦਾਲਤ ਸ਼ਹਿਰ ਦੀਆਂ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ 'ਤੇ ਸਖਤ ਕਾਰਵਾਈ ਦੇ ਹੁਕਮ ਨਿਗਮ ਨੂੰ ਦੇ ਸਕਦੀ ਹੈ।
ਅਦਾਲਤ 'ਚ ਜਵਾਬ ਦਾਅਵਾ ਦਾਇਰ ਕਰਨ ਤੋਂ ਬਾਅਦ ਨਗਰ ਨਿਗਮ ਨੇ ਸ਼ਹਿਰ ਦੀਆਂ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ 'ਤੇ ਕਾਰਵਾਈ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਬੀਤੇ ਦਿਨ ਕੁਲ 18 ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ, ਜਿਨ੍ਹਾਂ 'ਚ ਇਕ ਹੋਟਲ, ਇਕ ਰੈਸਟੋਰੈਂਟ ਅਤੇ ਦੁਕਾਨਾਂ ਆਦਿ ਸ਼ਾਮਲ ਹਨ। ਨਾਜਾਇਜ਼ ਬਿਲਡਿੰਗਾਂ ਦੇ ਮਾਲਕ ਕਿਸੇ ਤਰ੍ਹਾਂ ਦਾ ਵਿਰੋਧ ਨਾ ਕਰ ਸਕਣ, ਇਸ ਨੂੰ ਧਿਆਨ 'ਚ ਰੱਖਦਿਆਂ ਨੇ ਨਿਗਮ ਨੇ ਸਵੇਰੇ 5 ਵਜੇ ਕਾਰਵਾਈ ਸ਼ੁਰੂ ਕੀਤੀ।

PunjabKesari

ਕਮਿਸ਼ਨਰ ਦੀਪਰਵ ਲਾਕੜਾ ਅਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੇ ਨਿਰਦੇਸ਼ਾਂ 'ਤੇ ਹੋਈ ਇਸ ਕਾਰਵਾਈ ਦੀ ਅਗਵਾਈ ਏ. ਟੀ. ਪੀ. ਰਵਿੰਦਰ ਕੁਮਾਰ ਅਤੇ ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਨੀਰਜ ਸ਼ਰਮਾ ਅਤੇ ਅਰੁਣ ਖੰਨਾ ਆਦਿ ਨੇ ਕੀਤੀ, ਜਿਨ੍ਹਾਂ ਦੇ ਨਾਲ ਨਿਗਮ ਪੁਲਸ ਵੀ ਸੀ। ਇਹ ਕਾਰਵਾਈ ਨਿਗਮ ਦੀਆਂ 2 ਟੀਮਾਂ ਨੇ ਪੂਰੀ ਕੀਤੀ।
ਸਵੇਰੇ 5 ਵਜੇ ਪਹਿਲੀ ਕਾਰਵਾਈ ਸਥਾਨਕ ਅਸ਼ੋਕ ਨਗਰ 'ਚ ਨਵੇਂ ਬਣੇ ਫੈਸ਼ਨ ਫੈਕਟਰੀ ਸ਼ੋਅਰੂਮ 'ਤੇ ਕੀਤੀ ਗਈ, ਜਿਸ ਦੀਆਂ ਦੋਵਾਂ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਰਗੋ ਕੈਂਪ 'ਚ ਵੈਦਿਕ ਮਾਡਲ ਸਕੂਲ ਦੇ ਸਾਹਮਣੇ 2 ਮੰਜ਼ਿਲਾ ਦੁਕਾਨ ਨੂੰ ਸੀਲ ਕੀਤਾ ਗਿਆ। ਇਸੇ ਟੀਮ ਵੱਲੋਂ ਲੱਧੇਵਾਲੀ ਇਲਾਕੇ 'ਚ ਪ੍ਰਤਾਪ ਪੈਲੇਸ ਦੇ ਸਾਹਮਣੇ 2 ਦੁਕਾਨਾਂ ਨੂੰ ਸੀਲ ਕੀਤਾ ਗਿਆ। ਦਕੋਹਾ ਪਿੰਡ 'ਚ ਚੱਲ ਰਹੇ ਇਕ ਹੋਟਲ ਨੂੰ ਵੀ ਸੀਲ ਕਰ ਦਿੱਤਾ ਗਿਆ। ਗ੍ਰੈਂਡ ਟਰੱਕ ਨਾਂ ਦੇ ਇਸ ਹੋਟਲ ਨੂੰ ਸੀਲ ਕਰਨ ਤੋਂ ਪਹਿਲਾਂ ਸਟਾਫ ਨੂੰ ਬਾਹਰ ਕੱਢ ਦਿੱਤਾ ਗਿਆ। ਨਿਗਮ ਟੀਮ ਨੇ ਲੰਮਾ ਪਿੰਡ ਚੌਕ ਕੋਲ ਨਾਜਾਇਜ਼ ਤੌਰ 'ਤੇ ਬਣੀਆਂ 5 ਦੁਕਾਨਾਂ ਨੂੰ ਵੀ ਸੀਲ ਕਰ ਦਿੱਤਾ ਅਤੇ ਮੰਡੀ ਰੋਡ 'ਤੇ ਇਕ ਗੋਦਾਮ ਵਾਲੀ ਬਿਲਡਿੰਗ ਨੂੰ ਸੀਲ ਕਰ ਦਿੱਤਾ। ਨਿਗਮ ਨੇ ਸਥਾਨਕ ਨਾਜ਼ ਸਿਨੇਮਾ ਦੇ ਨਾਲ ਲੱਗਦੀ ਗਲੀ ਜੋ ਇਸਲਾਮਗੰਜ ਵੱਲ ਜਾਂਦੀ ਹੈ, ਉਥੇ ਬਣੇ ਬਹੁ-ਮੰਜ਼ਿਲਾ ਸ਼ੋਅਰੂਮ ਨੂੰ ਵੀ ਸੀਲ ਕਰ ਦਿੱਤਾ। ਇਸ ਬਿਲਡਿੰਗ ਦਾ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਨਿਰਮਾਣ ਕਰਵਾਇਆ ਜਾ ਰਿਹਾ ਸੀ। ਨਿਗਮ ਟੀਮ ਨੇ ਬੜਿੰਗ 'ਚ ਵੀ ਨਾਜਾਇਜ਼ ਤੌਰ 'ਤੇ ਬਣੀਆਂ 5 ਦੁਕਾਨਾਂ ਨੂੰ ਸੀਲ ਕਰ ਦਿੱਤਾ।

ਫੈਕਟਰੀ 'ਚ ਬਣ ਰਿਹਾ ਰੈਸਟੋਰੈਂਟ ਵੀ ਸੀਲ
ਨਿਗਮ ਟੀਮ ਨੇ ਇੰਸ. ਨੀਰਜ ਸ਼ਰਮਾ ਦੀ ਅਗਵਾਈ 'ਚ ਸਥਾਨਕ ਕੇ. ਐੱਮ. ਵੀ. ਕਾਲਜ ਦੇ ਸਾਹਮਣੇ ਨਾਜਾਇਜ਼ ਤੌਰ 'ਤੇ ਬਣ ਰਹੇ ਇਕ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ, ਜਿਸ ਦਾ ਨਿਰਮਾਣ ਇਕ ਫੈਕਟਰੀ ਦੇ ਅੰਦਰ ਕੀਤਾ ਜਾ ਰਿਹਾ ਸੀ। ਰੈਸਟੋਰੈਂਟ ਦਾ ਿਨਰਮਾਣ ਪੂਰਾ ਹੋ ਚੁੱਕਾ ਸੀ ਤੇ ਨਿਗਮ ਪਹਿਲਾਂ ਵੀ ਨੋਟਿਸ ਜਾਰੀ ਕਰ ਚੁੱਕਾ ਹੈ।

PunjabKesari

ਨਿਗਮ ਨੇ 3 ਦਿਨਾਂ 'ਚ 51 ਕਾਰਵਾਈਆਂ ਕੀਤੀਆਂ, ਫਿਰ 167 ਬਿਲਡਿੰਗਾਂ ਨੂੰ ਕਿਉਂ ਲਗਾ ਦਿੱਤੇ ਕਈ ਸੀਲ
ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਾਇਰ ਪਟੀਸ਼ਨ ਦੀ ਸੁਣਵਾਈ ਦੇ ਮੱਦੇਨਜ਼ਰ ਨਗਰ ਨਿਗਮ ਨੇ 3 ਦਿਨਾਂ ਦੌਰਾਨ ਸ਼ਹਿਰ 'ਚ 51 ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈਆਂ ਪੂਰੀਆਂ ਕੀਤੀਆਂ, ਜਿਸ ਤਹਿਤ ਜਿੱਥੇ ਅੱਧਾ ਦਰਜਨ ਕਾਲੋਨੀਆਂ ਨੂੰ ਤੋੜਿਆ ਿਗਆ, ਉਥੇ 45 ਬਿਲਡਿੰਗਾਂ ਨੂੰ ਸੀਲ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਨਿਗਮ ਨੇ ਪਟੀਸ਼ਨ ਦਾ ਜਵਾਬ ਦਿੰਦੇ ਹੋਏ ਹਾਈ ਕੋਰਟ ਨੂੰ ਲਿਖਤੀ 'ਚ ਦਿੱਤਾ ਹੈ ਕਿ 167 ਬਿਲਡਿੰਗਾਂ 'ਤੇ ਕਾਰਵਾਈ ਇਸ ਲਈ ਨਹੀਂ ਹੋ ਸਕੀ ਕਿਉਂਕਿ ਨਿਗਮ ਕੋਲ ਸਟਾਫ ਦੀ ਘਾਟ ਸੀ।

ਹੁਣ ਸਵਾਲ ਇਹ ਉਠਦਾ ਹੈ ਕਿ ਜੋ ਨਿਗਮ 3 ਦਿਨਾਂ 'ਚ 51 ਬਿਲਡਿੰਗਾਂ/ਕਾਲੋਨੀਆਂ 'ਤੇ ਕਾਰਵਾਈ ਕਰ ਸਕਦਾ ਹੈ, ਉਹ 167 ਬਿਲਡਿੰਗਾਂ 'ਤੇ ਕਈ ਸਾਲਾਂ ਤੋਂ ਕਾਰਵਾਈ ਕਿਉਂ ਨਹੀਂ ਕਰ ਸਕਿਆ। ਕਾਰਨ ਸਪੱਸ਼ਟ ਹੈ ਜਾਂ ਤਾਂ ਨਿਗਮ ਸਿਆਸੀ ਪ੍ਰੈਸ਼ਰ ਹੇਠ ਦੱਬਿਆ ਰਿਹਾ ਜਾਂ ਇਸ ਮਾਮਲੇ 'ਚ ਘੋਰ ਲਾਪ੍ਰਵਾਹੀ ਵਰਤੀ ਗਈ, ਜਿਸ ਕਾਰਨ ਸ਼ਿਕਾਇਤਕਰਤਾ ਨੂੰ ਕੋਰਟ ਤੱਕ ਜਾਣਾ ਪਿਆ। ਹੁਣ ਵੇਖਣਾ ਹੈ ਕਿ ਹਾਈ ਕੋਰਟ 'ਚ 167 ਨਾਜਾਇਜ਼ ਬਿਲਡਿੰਗਾਂ ਸਬੰਧੀ ਨਿਗਮ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਮਾਣਯੋਗ ਜੱਜ ਕਿੰਨਾ ਸਹਿਮਤ ਹੁੰਦੇ ਹਨ।


shivani attri

Content Editor

Related News