ਜ਼ੋਰਾਂ ''ਤੇ ਚੱਲ ਰਹੀ ਹੈ ਸ਼ਹਿਰ ''ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ

10/26/2019 4:43:42 PM

ਜਲੰਧਰ (ਬੁਲੰਦ)— ਤਿਉਹਾਰਾਂ ਦੇ ਦਿਨਾਂ 'ਚ ਸ਼ਹਿਰ 'ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਪੂਰੇ ਜ਼ੋਰਾਂ 'ਤੇ ਹੈ। ਬੀਤੇ ਦਿਨੀਂ ਆਬਕਾਰੀ ਵਿਭਾਗ ਨੇ ਸ਼ਹਿਰ ਦੇ ਵੱਡੇ ਸ਼ਰਾਬ ਸਮੱਗਲਰ ਸੋਨੀ ਠੂਠੇ ਦੀਆਂ 250 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਸਨ, ਜਿਸ ਤੋਂ ਬਾਅਦ ਉਸ 'ਤੇ ਰਾਮਾ ਮੰਡੀ ਥਾਣੇ 'ਚ ਪਰਚਾ ਕਰਜ ਕਰ ਲਿਆ ਗਿਆ ਪਰ ਅਜੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ, ਜਦਕਿ ਇਸ ਮਾਮਲੇ 'ਚ ਆਬਕਾਰੀ ਵਿਭਾਗ ਦੇ ਅਧਿਕਾਰੀ ਸਖਤ ਦਿਖਾਈ ਦੇ ਰਹੇ ਹਨ।

ਉਧਰ ਸ਼ਰਾਬ ਸਮੱਗਲਰਾਂ ਦੇ ਨਾਲ ਕੰਮ ਕਰਨ ਵਾਲੇ ਇਕ ਸਮੱਗਲਰ ਦੀ ਮੰਨੀਏ ਤਾਂ ਸ਼ਹਿਰ ਵਿਚ ਸ਼ਰਾਬ ਸਮੱਗਲਰਾਂ ਵੱਲੋਂ ਹਰ ਹਫਤੇ ਤਕਰੀਬਨ 4 ਟਰੱਕ ਨਾਜਾਇਜ਼ ਸ਼ਰਾਬ ਦੇ ਸ਼ਹਿਰ 'ਚ ਮੰਗਵਾਏ ਜਾਂਦੇ ਹਨ, ਜੋ ਕਿ ਪਟਿਆਲਾ ਜਾਂ ਚੰਡੀਗੜ੍ਹ ਤੋਂ ਆਉਂਦੇ ਹਨ। ਇਕ ਟਰੱਕ 'ਚ ਇਕ ਹਜ਼ਾਰ ਤੋਂ 1200 ਤੱਕ ਪੇਟੀਆਂ ਸ਼ਰਾਬ ਦੀਆਂ ਹੁੰਦੀਆਂ ਹਨ। ਸਮੱਗਲਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹਰ ਵਾਰ ਟਰੱਕ ਦੇ ਨਾਲ 2 ਹੋਰ ਗੱਡੀਆਂ ਗੁੰਡਿਆਂ ਨਾਲ ਭਰੀਆਂ ਅੱਗੇ-ਪਿੱਛੇ ਚੱਲਦੀਆਂ ਹਨ। ਰਸਤੇ 'ਚ ਜੇਕਰ ਕਿਤੇ ਨਾਕਾ ਲੱਗਾ ਹੁੰਦਾ ਹੈ ਤਾਂ ਟਰੱਕ ਨੂੰ ਕਿਸੇ ਪਿੰਡ 'ਚ ਖੜ੍ਹਾ ਕਰ ਲਿਆ ਜਾਂਦਾ ਹੈ ਜਾਂ ਫਿਰ ਮੇਨ ਰੋਡ ਤੋਂ ਹਟਾ ਕੇ ਪਿੰਡਾਂ ਦੇ ਰਸਤਿਓਂ ਸ਼ਹਿਰ ਤਕ ਲਿਆਇਆ ਜਾਂਦਾ ਹੈ। ਜੇਕਰ ਰਸਤੇ ਵਿਚ ਕੋਈ ਅਧਿਕਾਰੀ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਗੁੰਡੇ ਉਸ 'ਤੇ ਹਮਲਾ ਬੋਲਣ ਤੋਂ ਪ੍ਰਹੇਜ਼ ਨਹੀਂ ਕਰਦੇ। ਇਨ੍ਹਾਂ ਗੁੰਡਿਆਂ ਕੋਲ ਨਾਜਾਇਜ਼ ਹਥਿਆਰਾਂ ਦੀ ਭਰਮਾਰ ਹੈ।

ਉਧਰ ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਪਠਾਨਕੋਟ ਚੌਕ, ਰਾਮਾ ਮੰਡੀ, ਬਸਤੀਆਤ, ਕਪੂਰਥਲਾ ਸਮੇਤ ਕਈ ਇਲਾਕਿਆਂ 'ਚ ਨਾਜਾਇਜ਼ ਸ਼ਰਾਬ ਦੇ ਗੋਦਾਮ ਬਣਾਏ ਗਏ ਹਨ। ਜਿੱਥੇ ਬਾਹਰ ਤੋਂ ਆਉਣ ਵਾਲੀ ਨਾਜਾਇਜ਼ ਸ਼ਰਾਬ ਦਾ ਟਰੱਕ ਸਿੱਧਾ ਅੰਦਰ ਲਿਜਾਇਆ ਜਾਂਦਾ ਹੈ ਅਤੇ ਨਾਲ ਹੀ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਲੱਗੇ ਕਿ ਇਹ ਕੋਈ ਬੰਦ ਗੋਦਾਮ ਹੈ। ਪਠਾਨਕੋਟ ਚੌਕ ਕੋਲ ਇਕ ਬੰਦ ਚੱਕੀ ਵਿਚ ਸ਼ਰਾਬ ਦਾ ਟਰੱਕ ਉਤਾਰਿਆ ਜਾਂਦਾ ਹੈ। ਮਾਮਲੇ ਬਾਰੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਡੀ. ਐੱਸ. ਗਰਚਾ ਦਾ ਕਹਿਣਾ ਹੈ ਕਿ ਆਬਕਾਰੀ ਵਿਭਾਗ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ 'ਤੇ ਸਖਤ ਨਜ਼ਰ ਰੱਖੇ। ਬੀਤੇ ਦਿਨੀਂ ਜਿਸ ਸਮੱਗਲਰ ਦਾ ਮਾਲ ਆਬਕਾਰੀ ਵਿਭਾਗ ਨੇ ਫੜਿਆ ਹੈ, ਉਹ ਕੋਈ ਮਾਮੂਲੀ ਸਮੱਗਲਰ ਨਹੀਂ ਹੈ। ਸ਼ਹਿਰ ਵਿਚ ਜ਼ਿਆਦਾਤਰ ਨਾਜਾਇਜ਼ ਸ਼ਰਾਬ ਠੂਠੇ ਦੀ ਆ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਪੁਲਸ ਨਾਕਿਆਂ ਤੋਂ ਬਚਦਾ ਹੋਇਆ ਪੂਰਾ ਟਰੱਕ ਇਸ ਗੋਦਾਮ ਤਕ ਪਹੁੰਚ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਜਲਦੀ ਹੀ ਪੁਲਸ ਕਮਿਸ਼ਨਰ ਨਾਲ ਬੈਠਕ ਕਰਕੇ ਠੂਠੇ ਵਰਗੇ ਹੋਰ ਸਮੱਗਲਰਾਂ 'ਤੇ ਨਕੇਲ ਕੱਸਣ ਬਾਰੇ ਚਰਚਾ ਕੀਤੀ ਜਾਵੇਗੀ। ਇਸ ਨਾਜਾਇਜ਼ ਸਮੱਗਲਿੰਗ ਦੀ ਇਕ ਪੂਰੀ ਰਿਪੋਰਟ ਬਣਾ ਕੇ ਆਬਕਾਰੀ ਵਿਭਾਗ ਵਲੋਂ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ ਤਾਂ ਜੋ ਸਪੈਸ਼ਲ ਟੀਮਾਂ ਤਾਇਨਾਤ ਕਰ ਕੇ ਸ਼ਰਾਬ ਸਮੱਗਲਰਾਂ 'ਤੇ ਨਕੇਲ ਕੱਸੀ ਜਾ ਸਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨ 250 ਪੇਟੀਆਂ ਸ਼ਰਾਬ ਦੀਆਂ ਫੜੀਆਂ ਜਾਣ ਤੋਂ ਬਾਅਦ ਮੁੱਖ ਮੁਲਜ਼ਮ ਸੋਨੂੰ ਠੂਠੇ 'ਤੇ ਪਰਚਾ ਦਰਜ ਕਰਵਾਇਆ ਗਿਆ ਸੀ ਪਰ ਉਸ ਨੂੰ ਅਜੇ ਤਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਇਸ ਬਾਰੇ ਪੁਲਸ ਅਧਿਕਾਰੀਆਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ।


shivani attri

Content Editor

Related News