ਖੇਤਾਂ 'ਚੋਂ ਮਿਲਿਆ ਮਨੁੱਖੀ ਕੰਕਾਲ, ਫੈਲੀ ਸਨਸਨੀ

05/29/2019 6:07:39 PM

ਜਲੰਧਰ (ਮਹੇਸ਼)— ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਹਜ਼ਾਰਾ ਦੇ ਨੇੜੇ ਕੰਗਣੀਵਾਲ ਤੋਂ ਲੰਮਾ ਪਿੰਡ ਚੌਕ ਨੂੰ ਜਾਂਦੇ ਰਾਹ 'ਤੇ ਸਥਿਤ ਮੱਕੀ ਦੇ ਖੇਤਾਂ 'ਚੋਂ ਅੱਜ ਇਕ ਮਨੁੱਖੀ ਪਿੰਜਰ ਮਿਲਣ ਨਾਲ ਜਿੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉਥੇ ਪੁਲਸ 'ਚ ਵੀ ਹੜਕੰਪ ਮਚ ਗਿਆ। ਪਿੰਡ ਢੱਡਾ ਵਾਸੀ ਕਿਸਾਨ ਕੁਲਵੰਤ ਸਿੰਘ ਪੁੱਤਰ ਗਿਆਨ ਸਿੰਘ ਨੇ ਪੁਲਸ ਨੂੰ ਦਿੱਤੀ ਸੂਚਨਾ ਵਿਚ ਦੱਸਿਆ ਕਿ ਉਹ ਜਦੋਂ ਮੰਗਲਵਾਰ ਸ਼ਾਮ ਨੂੰ ਖੇਤਾਂ ਵਿਚ ਪਹੁੰਚਿਆ ਤਾਂ ਉਥੇ ਇਕ ਮਨੁੱਖੀ ਪਿੰਜਰ ਦਿਖਾਈ ਦਿੱਤਾ ਜਿਸ ਦੇ ਸਰੀਰ 'ਤੇ ਚਮੜੀ ਨਹੀਂ ਸੀ ਅਤੇ ਸਿਰਫ ਖੋਪੜੀ, ਰੀੜ੍ਹ ਦੀ ਹੱਡੀ ਤੇ ਲੱਤਾਂ ਬਾਹਾਂ ਦੀਆਂ ਹੱਡੀਆਂ ਪਈਆਂ ਹੋਈਆਂ ਸਨ। ਖੇਤ ਵਿਚ ਪਿੰਜਰ ਪਏ ਹੋਣ ਦੀ ਸੂਚਨਾ ਮਿਲਦੇ ਹੀ ਦਿਹਾਤੀ ਪੁਲਸ ਦੇ ਕਈ ਅਧਿਕਾਰੀ ਤੇ ਐੱਸ. ਐੱਚ. ਓ. ਪਤਾਰਾ ਅਰਸ਼ਪ੍ਰੀਤ ਕੌਰ ਗਰੇਵਾਲ ਮੌਕੇ 'ਤੇ ਪਹੁੰਚੀ ਤੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ। ਆਸ-ਪਾਸ ਰਹਿੰਦੇ ਲੋਕਾਂ ਤੋਂ ਪੁਲਸ ਕਾਫੀ ਦੇਰ ਪੁੱਛਗਿੱਛ ਕਰਦੀ ਰਹੀ ਪਰ ਇਸ ਪਿੰਜਰ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਅਜੇ ਮਨੁੱਖੀ ਪਿੰਜਰ ਨੂੰ ਲੈ ਕੇ 174 ਸੀ. ਆਰ. ਪੀ. ਸੀ. ਦੇ ਤਹਿਤ ਕਾਰਵਾਈ ਕੀਤੀ ਹੈ।
ਇੰਗਲੈਂਡ 'ਚ ਰਹਿੰਦੇ ਹਜ਼ਾਰਾ ਦੇ ਪਲਵਿੰਦਰ ਸਿੰਘ ਦੀ ਹੈ ਜ਼ਮੀਨ
ਕੁਲਵੰਤ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਨੇ ਢਾਈ ਕਿੱਲੇ ਜ਼ਮੀਨ ਇੰਗਲੈਂਡ ਰਹਿੰਦੇ ਪਿੰਡ ਹਜ਼ਾਰਾ ਵਾਸੀ ਪਲਵਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਤੋਂ ਠੇਕੇ 'ਤੇ ਲਈ ਸੀ ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਵਾਹੀ ਕਰਦਾ ਸੀ। ਮਾਰਚ ਮਹੀਨੇ ਵਿਚ ਉਸ ਨੇ ਮੱਕੀ ਦੀ ਬੀਜਾਈ ਕੀਤੀ ਸੀ ਜੋ ਕਿ ਹੁਣ 5-6 ਫੁੱਟ ਉਚੀ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਸਾਫ ਲੱਗਦਾ ਹੈ ਕਿ ਮਾਰਚ ਮਹੀਨੇ ਤੋਂ ਬਾਅਦ ਦਾ ਹੀ ਇਹ ਮਨੁੱਖੀ ਪਿੰਜਰ ਹੈ।
ਹੱਤਿਆ ਹੈ ਜਾਂ ਕੁਝ ਹੋਰ
ਖੇਤਾਂ 'ਚੋਂ ਮਿਲੇ ਮਨੁੱਖੀ ਪਿੰਜਰ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਕਿਸੇ ਨੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਖੇਤਾਂ ਵਿਚ ਸੁੱਟ ਦਿੱਤੀ ਹੋਵੇ ਜਿਸ ਤੋਂ ਬਾਅਦ ਜਾਨਵਰਾਂ ਨੇ ਉਸ ਦੀ ਇਹ ਹਾਲਤ ਕੀਤੀ ਹੋਵੇ। ਇਸ ਪਿੰਜਰ ਨੂੰ ਕਿਸੇ ਨਸ਼ੇੜੀ ਨਾਲ ਵੀ ਜੋੜਿਆ ਜਾ ਸਕਦਾ ਹੈ।
ਔਰਤ ਦਾ ਵੀ ਹੋ ਸਕਦਾ ਹੈ ਪਿੰਜਰ
ਖੇਤਾਂ ਵਿਚੋਂ ਮਿਲਿਆ ਮਨੁੱਖੀ ਪਿੰਜਰ ਕਿਸੇ ਔਰਤ ਦਾ ਵੀ ਹੋ ਸਕਦਾ ਹੈ। ਇਹ ਖੁਲਾਸਾ ਪੁਲਸ ਦੀ ਜਾਂਚ ਦੇ ਬਾਅਦ ਸਾਹਮਣੇ ਆਵੇਗਾ। ਪੁਲਸ ਵੀ ਅਜੇ ਇਹ ਸਪੱਸ਼ਟ ਤੌਰ 'ਤੇ ਨਹੀਂ ਕਹਿ ਰਹੀ ਕਿ ਪਿੰਜਰ ਔਰਤ ਦਾ ਹੈ ਜਾਂ ਮਨੁੱਖ ਦਾ।
ਮੈਡੀਕਲ ਕਾਲਜ ਅੰਮ੍ਰਿਤਸਰ ਭੇਜੀਆਂ ਜਾਣਗੀਆਂ ਹੱਡੀਆਂ, ਡੀ. ਐੱਨ. ਏ. ਵੀ ਹੋਵੇਗਾ
ਐੱਸ. ਐੱਚ. ਓ. ਪਤਾਰਾ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਮਨੁੱਖੀ ਪਿੰਜਰ ਦੀਆਂ ਸਾਰੀਆਂ ਹੱਡੀਆਂ ਦੀ ਜਾਂਚ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤੀਆਂ ਜਾਣਗੀਆਂ। ਇਸ ਦੀ ਰਿਪੋਰਟ ਆਉਣ 'ਤੇ ਸਭ ਕੁਝ ਸਾਫ ਹੋ ਜਾਵੇਗਾ ਕਿ ਪਿੰਜਰ ਔਰਤ ਦਾ ਹੈ ਜਾਂ ਮਰਦ ਦਾ। ਉਸ ਦੀ ਕਿੰਨੀ ਉੇਮਰ ਹੈ ਤੇ ਮੌਤ ਪਿੱਛੇ ਕੀ ਕਾਰਨ ਹੋ ਸਕਦਾ ਹੈ। ਪੁਲਸ ਉਸ ਦਾ ਡੀ. ਐੱਨ. ਏ. ਵੀ ਕਰਵਾਏਗੀ।
ਅਮਰੀਕਾ 'ਚ ਅਜਿਹਾ ਹੋਵੇ ਤਾਂ ਕੀ ਹੁੰਦਾ ਹੈ
ਅਮਰੀਕਾ 'ਚ ਜੇਕਰ ਅਜਿਹਾ ਕੋਈ ਮਨੁੱਖੀ ਪਿੰਜਰ ਮਿਲਦਾ ਹੈ ਤਾਂ ਪਹਿਲਾਂ ਤੋਂ ਹੀ ਉਥੇ ਹਰ ਕਿਸੇ ਦਾ ਡੀ. ਐੱਨ. ਏ. ਹੋਣ ਕਾਰਨ ਉਸ ਦਾ ਪਤਾ ਲਗਾਉਣ ਵਿਚ ਪੁਲਸ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਵਿਚ ਜਦੋਂ ਅਜਿਹੇ ਕੇਸ ਸਾਹਮਣੇ ਆਉਂਦੇ ਹਨ ਉਸ ਨੂੰ ਮੌਕੇ 'ਤੇ ਹੀ ਹੱਲ ਕੀਤਾ ਜਾਂਦਾ ਹੈ। ਜੇਕਰ ਅਮਰੀਕਾ ਦੀ ਤਰ੍ਹਾਂ ਭਾਰਤ ਵਿਚ ਵੀ ਹਰ ਕਿਸੇ ਦਾ ਡੀ. ਐੱਨ. ਏ. ਹੋਣਾ ਸ਼ੁਰੂ ਹੋ ਜਾਵੇ ਤਾਂ ਅਜਿਹੇ ਕੇਸਾਂ ਨੂੰ ਮੌਕੇ 'ਤੇ ਟਰੇਸ ਕੀਤਾ ਜਾ ਸਕਦਾ ਹੈ।


shivani attri

Content Editor

Related News