ਡੀ. ਸੀ. ਵੱਲੋਂ ਸਾਈਬਰ ਕੈਫਿਆਂ ਤੇ ਹੋਟਲਾਂ ਲਈ ਵੱਖ-ਵੱਖ ਹੁਕਮ ਜਾਰੀ

03/24/2018 6:02:33 PM


ਕਪੂਰਥਲਾ (ਗੁਰਵਿੰਦਰ ਕੌਰ, ਜ. ਬ.) - ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ 'ਚ ਪੈਂਦੇ ਸਮੂਹ ਸਾਈਬਰ ਕੈਫੇ, ਐੱਸ. ਟੀ. ਡੀ, ਪੀ. ਸੀ. ਓ. ਤੇ ਹੋਟਲ ਮਾਲਕਾਂ ਲਈ ਉਨ੍ਹਾਂ ਦੇ ਅਦਾਰਿਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਤੇ ਪਿਛਲੇ 7 ਦਿਨਾਂ ਦੀ ਰਿਕਾਰਡ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਡੀ. ਸੀ. ਤਇਅਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਈ ਵੀ ਵਿਅਕਤੀ, ਜਿਸ ਦੀ ਸ਼ਨਾਖਤ ਉਕਤ ਅਦਾਰੇ ਦੇ ਮਾਲਕ/ਮੈਨੇਜਰ ਵੱਲੋਂ ਨਾ ਕੀਤੀ ਹੋਵੇ, ਉਹ ਅਦਾਰੇ ਦੀ ਵਰਤੋਂ ਨਹੀਂ ਕਰੇਗਾ। ਇਸ ਤੋਂ ਇਲਾਵਾ ਸਾਈਬਰ ਕੈਫੇ/ਹੋਟਲ ਆਦਿ ਦੇ ਮਾਲਕ ਆਉਣ ਵਾਲੇ ਵਿਅਕਤੀ ਦੇ ਅੰਦਰਾਜ ਸਬੰਧੀ ਰਜਿਸਟਰ ਲਗਾਉਣਗੇ। ਕੈਫੇ ਦੀ ਵਰਤੋਂ ਕਰਨ ਵਾਲੇ ਰਜਿਸਟਰ 'ਚ ਆਪਣੀ ਹੱਥ ਲਿਖਤ ਨਾਲ ਆਪਣਾ ਨਾਮ, ਪੱਕਾ ਪਤਾ, ਟੈਲੀਫੋਨ ਨੰਬਰ ਅਤੇ ਸ਼ਨਾਖਤ ਲਿਖਣਗੇ ਤੇ ਰਜਿਸਟਰ 'ਤੇ ਆਪਣੇ ਦਸਤਖ਼ਤ ਵੀ ਕਰਨਗੇ। ਉਨ੍ਹਾਂ ਦਸਿਆ ਕਿ ਕੈਫੇ/ਹੋਟਲ 'ਚ ਆਉਣ ਵਾਲੇ ਦੀ ਸ਼ਨਾਖਤ ਆਧਾਰ ਕਾਰਡ, ਸ਼ਨਾਖਤੀ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ, ਫੋਟੋ ਵਾਲੇ ਕ੍ਰੈਡਿਟ ਕਾਰਡ ਰਾਹੀਂ ਕੀਤੀ ਜਾਵੇਗੀ। 
ਜੇਕਰ ਸਾਈਬਰ ਕੈਫੇ/ਐੱਸ. ਟੀ. ਡੀ., ਪੀ. ਸੀ. ਓ./ਹੋਟਲ 'ਚ ਆਉਣ ਵਾਲੇ ਵਿਅਕਤੀ ਦੀ ਕਾਰਵਾਈ ਸ਼ੱਕੀ ਜਾਪੇ ਤਾਂ ਸਬੰਧਤ ਮਾਲਕ ਇਸ ਦੀ ਸੂਚਨਾ ਤੁਰੰਤ ਸਬੰਧਤ ਪੁਲਸ ਥਾਣੇ ਨੂੰ ਦੇਵੇਗਾ। ਇਸ ਤੋਂ ਇਲਾਵਾ ਉਸ ਵਿਅਕਤੀ ਵੱਲੋਂ ਵਰਤੋਂ 'ਚ ਲਿਆਂਦੇ ਕੰਪਿਊਟਰ ਦਾ ਰਿਕਾਰਡ ਮੇਨਟੇਨ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਪਰੋਕਤ ਹੁਕਮ 19 ਮਈ 2018 ਤਕ ਲਾਗੂ ਰਹਿਣਗੇ।


Related News